ਗਾਜ਼ਾ ਵਿੱਚ ਕੀਤੀ ਜਾ ਰਹੀ ਨਸਲਕੁਸ਼ੀ ਦੀ ਨਿਖੇਧੀ
ਲੁਧਿਆਣਾ, 22 ਮਈ
ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਨੇ ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਮਨੁੱਖੀ ਸਹਾਇਤਾ ਦੀ ਕੀਤੀ ਜਾ ਰਹੀ ਨਾਕਾਬੰਦੀ ਦੀ ਨਿਖੇਧੀ ਕੀਤੀ ਹੈ ਜਿੱਥੇ ਭੁੱਖਮਰੀ ਕਾਰਨ 14000 ਨਵਜੰਮੇ ਬੱਚੇ ਮੌਤ ਦੇ ਕਿਨਾਰੇ ਹਨ। ਅੱਜ ਇੱਥੇ ਡਾ. ਐੱਸਐੱਸ ਸੂਦਨ ਸਰਪ੍ਰਸਤ ਆਈਡੀਪੀਡੀ, ਡਾ. ਅਰੁਣ ਮਿੱਤਰਾ ਪ੍ਰਧਾਨ ਅਤੇ ਡਾ. ਸ਼ਕੀਲ ਉਰ ਰਹਿਮਾਨ ਜਨਰਲ ਸਕੱਤਰ ਨੇ ਕਿਹਾ ਕਿ ਇਜ਼ਰਾਈਲ ਦੇ ਜ਼ਾਇਓਨਿਸਟ ਸ਼ਾਸਨ ਨੂੰ ਹਮਾਸ ਦੁਆਰਾ ਰੱਖੇ ਗਏ ਬੰਦੀਆਂ ਦੀ ਰਿਹਾਈ ਵਿੱਚ ਬਹੁਤ ਘੱਟ ਦਿਲਚਸਪੀ ਸੀ। ਸਾਰੇ ਬੰਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਪਰ ਇਜ਼ਰਾਈਲੀ ਰੱਖਿਆ ਬਲਾਂ ਵੱਲੋਂ ਨਾਗਰਿਕਾਂ ’ਤੇ ਹਮਲੇ ਹੋਰ ਜ਼ੋਰ ਨਾਲ ਜਾਰੀ ਹਨ। ਉਹ ਗਾਜ਼ਾ ਵਿੱਚ ਫ਼ਲਸਤੀਨੀਆਂ ਦੇ ਸਮੂਹਿਕ ਕਤਲੇਆਮ ਕਰਨ ਦੀ ਯੋਜਨਾ ਬਣਾ ਰਹੇ ਹਨ ਜਿੱਥੇ ਇਸ ਸਮੇਂ ਭੋਜਨ, ਪਾਣੀ ਅਤੇ ਦਵਾਈਆਂ ਦੀ ਪੂਰੀ ਘਾਟ ਹੈ ਅਤੇ ਹਸਪਤਾਲ ਤਬਾਹ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਦੁਨੀਆਂ ਇਸ ਨਸਲਕੁਸ਼ੀ ਵਿਰੁੱਧ ਸਖ਼ਤ ਪ੍ਰਤੀਕਿਰਿਆ ਕੀਤੇ ਬਿਨਾਂ ਅਤੇ ਗਾਜ਼ਾ ਵਿੱਚ ਮਨੁੱਖੀ ਸਹਾਇਤਾ ਨੂੰ ਯਕੀਨੀ ਬਣਾਏ ਬਿਨਾਂ ਸਾਰੀ ਸਥਿਤੀ ਨੂੰ ਦੇਖ ਰਹੀ ਹੈ। ਇਨ੍ਹਾਂ ਘਟਨਾਵਾਂ ਨੇ ਮੌਜੂਦਾ ਯੁੱਗ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ ਜਦੋਂ ਤਕਨੀਕੀ ਵਿਕਾਸ ਕਾਰਨ ਸਭ ਕੁਝ ਪਾਰਦਰਸ਼ੀ ਹੈ। ਉਨ੍ਹਾਂ ਇਜ਼ਰਾਈਲ ਦਾ ਪੱਖ ਲੈਣ ਲਈ ਭਾਰਤ ਸਰਕਾਰ ਦੀ ਵੀ ਆਲੋਚਨਾ ਕਰਦਿਆਂ ਮੰਗ ਕੀਤੀ ਕਿ ਸਰਕਾਰ ਇਸ ਮਨੁੱਖੀ ਸੰਕਟ ਨਾਲ ਨਜਿੱਠਣ ਲਈ ਆਪਣੇ ਸਰੋਤਾਂ ਦੀ ਵਰਤੋਂ ਕਰੇ।