ਗਾਂਧੀ ਵੱਲੋਂ ਵਿਕਾਸ ਕਾਰਜਾਂ ਦੀ ਸਮੀਖਿਆ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 22 ਮਈ
ਪਟਿਆਲਾ ਜ਼ਿਲ੍ਹੇ ’ਚ ਚੱਲ ਰਹੀਆਂ ਕੇਂਦਰੀ ਯੋਜਨਾਵਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਮਾਨੀਟਰਿੰਗ (ਦਿਸ਼ਾ) ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਅੱਜ ਮਿਨੀ ਸਕੱਤਰੇਤ ਵਿੱਚ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕੀਤੀ। ਇਸ ਦੌਰਾਨ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਅਜੀਤਪਾਲ ਸਿੰਘ ਕੋਹਲੀ ਅਤੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨਾਲ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਚਲਾਏ ਜਾ ਰਹੇ ਸਾਰੇ ਪ੍ਰਾਜੈਕਟਾਂ ’ਤੇ ਚਰਚਾ ਕਰਕੇ ਹਰ ਤਰਾਂ ਦੀਆਂ ਦਿੱਕਤਾਂ ਦੁੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਧਰਮਵੀਰ ਗਾਂਧੀ ਨੇ ਸੁਝਾਅ ਦਿੱਤਾ ਕਿ ਕੈਂਸਰ ਜਾਗਰੂਕਤਾ ਲਈ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦੱਸਿਆ ਜਾਵੇ, ਕੈਂਸਰ ਕਮਾਂਡਮੇਂਟ ਦੇ ਬੋਰਡ ਲਗਵਾਏ ਜਾਣ। ਇਸ ਲਈ ਐਮਪੀ ਲੈਡ ਫੰਡ ਵਿਚੋਂ ਪੈਸੇ ਦਾ ਪ੍ਰਬੰਧ ਕਰਨ ਦਾ ਉਪਰਾਲਾ ਕੀਤਾ ਜਾਵੇ। ਇਸੇ ਤਰ੍ਹਾਂ ਬੱਚਿਆਂ ਦੀ ਪੜਾਈ ਲਈ ਜੇਕਰ ਬੱਸਾਂ ਦੀ ਲੋੜ ਹੈ ਤਾਂ ਕੁਝ ਬੱਸਾਂ ਦਾ ਪ੍ਰਬੰਧ ਐਮਪੀ ਫੰਡ ਵਿਚੋਂ ਵੀ ਕੀਤਾ ਜਾ ਸਕਦਾ ਹੈ। ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਕੋਲ ਪਟਿਆਲਾ-ਸਮਾਣਾ ਸੜਕ ਨੂੰ ਚਾਰ ਮਾਰਗੀ ਸੜਕ ਬਣਾਉਣ ਅਤੇ ਕੇਂਦਰ ਸਰਕਾਰ ਵੱਲੋਂ ਪਾਣੀ ਦੀ ਪਾਈਪਲਾਈਨਾਂ ਲਈ ਆਣ ਵਾਲਾ ਫੰਡ ਕਾਫੀ ਸਮਯ ਤੋਂ ਨਹੀਂ ਆ ਰਿਹਾ, ਇਸ ਦਾ ਮੁੱਦਾ ਕੇਂਦਰ ਸਰਕਾਰ ਕੋਲ ਚੁੱਕਿਆ ਜਾਵੇ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਦੱਸਿਆ ਕਿ ਮਨਰੇਗਾ ਦੇ ਤਹਿਤ ਕਰਵਾਏ ਜਾਣ ਵਾਲੇ ਕੰਮ ਪੰਜਾਬ ਦੀ ਜ਼ਰੂਰਤਾਂ ਅਨੁਸਾਰ ਘੱਟ ਹਨ ਜਦਕਿ ਸਮੁੰਦਰ ਦੇ ਨੇੜੇ ਅਤੇ ਆਦਿਵਾਸੀ ਇਲਾਕਿਆਂ ਵਾਲੀ ਸਟੇਟਾਂ ਵਿੱਚ ਇਹ ਕੰਮ ਵੱਧ ਕੀਤੇ ਜਾ ਸਕਦੇ ਹਨ।