ਗ਼ੈਰਕਾਨੂੰਨੀ ਰਹਿ ਰਹੇ ਚਾਰ ਬੰਗਲਾਦੇਸ਼ੀ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਮਈ
ਦੱਖਣ-ਪੱਛਮੀ ਜ਼ਿਲ੍ਹਾ ਪੁਲੀਸ ਦੇ ਐਂਟੀ ਆਟੋ ਥੈਫਟ ਸਕੁਐਡ (ਏਏਟੀਐਸ) ਨੇ ਦਿੱਲੀ ਕੈਂਟ ਖੇਤਰ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਚਾਰ ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚਾਰੇ ਇੱਕੋ ਪਰਿਵਾਰ ਨਾਲ ਸਬੰਧਤ ਹਨ। ਪੁਲੀਸ ਨੇ ਉਨ੍ਹਾਂ ਕੋਲੋਂ ਬੰਗਲਾਦੇਸ਼ੀ ਪਛਾਣ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਬੰਗਲਾਦੇਸ਼ੀ ਨਾਗਰਿਕਾਂ ਦੀ ਪਛਾਣ ਮੁਹੰਮਦ ਅਸਦ ਅਲੀ, ਨਸੀਮਾ ਬੇਗਮ, ਮੁਹੰਮਦ ਨਈਮ ਖਾਨ ਅਤੇ ਆਸ਼ਾ ਮੋਨੀ ਵਜੋਂ ਹੋਈ ਹੈ। ਇਹ ਚਾਰੇ ਪਿਛਲੇ 12 ਸਾਲਾਂ ਤੋਂ ਭਾਰਤ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਸਨ। ਪੁਲੀਸ ਨੇ ਚਾਰਾਂ ਨੂੰ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ ਰਾਹੀਂ ਡਿਪੋਰਟ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਆਫ਼ ਪੁਲੀਸ ਸੁਰੇਂਦਰ ਚੌਧਰੀ ਨੇ ਦੱਸਿਆ ਕਿ ਦੱਖਣ ਪੱਛਮੀ ਜ਼ਿਲ੍ਹੇ ਵਿੱਚ ਗ਼ੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ’ਤੇ ਨਜ਼ਰ ਰੱਖਣ ਅਤੇ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਫੜਨ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਲਈ ਏਏਟੀਐੱਸ ਇੰਚਾਰਜ ਇੰਸਪੈਕਟਰ ਰਾਮ ਕੁਮਾਰ ਦੀ ਅਗਵਾਈ ਹੇਠ ਟੀਮ ਬਣਾਈ ਗਈ ਹੈ। ਏਏਟੀਐੱਸ ਨੂੰ ਸੂਚਨਾ ਮਿਲੀ ਸੀ ਕਿ ਬੰਗਲਾਦੇਸ਼ੀ ਨਾਗਰਿਕ ਦਿੱਲੀ ਕੈਂਟ ਖੇਤਰ ਵਿੱਚ ਗ਼ੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਹਨ। ਇਸ ’ਤੇ ਪੁਲੀਸ ਟੀਮ ਨੇ ਛਾਪਾ ਮਾਰਿਆ ਅਤੇ ਚਾਰ ਵਿਅਕਤੀਆਂ ਨੂੰ ਫੜ ਲਿਆ। ਪੁਲੀਸ ਨੇ ਉਨ੍ਹਾਂ ਤੋਂ ਦਸਤਾਵੇਜ਼ਾਂ ਬਾਰੇ ਪੁੱਛਗਿੱਛ ਕੀਤੀ ਪਰ ਉਹ ਕੋਈ ਵੀ ਜਾਇਜ਼ ਭਾਰਤੀ ਦਸਤਾਵੇਜ਼ ਨਹੀਂ ਦਿਖਾ ਸਕੇ। ਪੁਲੀਸ ਨੇ ਉਨ੍ਹਾਂ ਕੋਲੋਂ ਬੰਗਲਾਦੇਸ਼ੀ ਪਛਾਣ ਦਸਤਾਵੇਜ਼ ਦੀ ਫੋਟੋਕਾਪੀ ਬਰਾਮਦ ਕੀਤੀ। ਗ੍ਰਿਫ਼ਤਾਰ ਕੀਤੇ ਗਏ ਬੰਗਲਾਦੇਸ਼ੀ ਨਾਗਰਿਕਾਂ ਦੀ ਪਛਾਣ ਮੁਹੰਮਦ ਅਸਦ ਅਲੀ (44) ਵਾਸੀ ਫਾਰੂਕ ਬਾਜ਼ਾਰ ਅਜਵਾਤਾਰੀ, ਫੁਲਬਾਰੀ ਕੁਰੀਗ੍ਰਾਮ, ਬੰਗਲਾਦੇਸ਼, ਉਸ ਦੀ ਪਤਨੀ ਨਸੀਮਾ ਬੇਗਮ (40), ਪੁੱਤਰ ਮੁਹੰਮਦ ਨਈਮ ਖਾਨ (18) ਅਤੇ ਧੀ ਆਸ਼ਾ ਮੋਨੀ (13) ਵਜੋਂ ਹੋਈ ਹੈ।