ਗ਼ੈਰਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼
ਪੱਤਰ ਪ੍ਰੇਰਕ
ਤਰਨ ਤਾਰਨ, 7 ਮਈ
ਥਾਣਾ ਭਿੱਖੀਵਿੰਡ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਚੁੰਗ ਦੀ ਬਾਹਰਵਾਰ ਖੇਤਾਂ ਵਿੱਚ ਬੀਤੇ ਚਾਰ ਮਹੀਨਿਆਂ ਤੋਂ ਚੱਲ ਰਹੇ ਗ਼ੈਰਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਹੈ| ਇਸ ਕੇਂਦਰ ਨੂੰ ਬਿਨਾਂ ਕਿਸੇ ਮਜ਼ਜੂਰੀ ਦੇ ਚਲਾ ਰਹੇ ਦੋ ਜਣਿਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਉਨ੍ਹਾਂ ਦਾ ਇਕ ਸਾਥੀ ਅਜੇ ਕਾਬੂ ਕੀਤਾ ਜਾਣਾ ਹੈ। ਥਾਣਾ ਮੁਖੀ ਇੰਸਪੈਕਟਰ ਮਨੋਜ ਕੁਮਾਰ ਦੀ ਅਗਵਾਈ ਵਿੱਚ ਪੁਲੀਸ ਨੇ ਸਿਹਤ ਵਿਭਾਗ ਨੂੰ ਨਾਲ ਲਏ ਬਿਨਾਂ ਕੇਂਦਰ ਤੋਂ ਇਲਾਜ ਕਰਵਾ ਰਹੇ 19 ਜਣਿਆਂ ਨੂੰ ਛੁਡਵਾ ਕੇ ਸਰਕਾਰੀ ਪ੍ਰਬੰਧਾਂ ਅਧੀਨ ਚਲਦੇ ਨਸ਼ਾਂ ਛੁਡਾਓ ਤੇ ਪੁਨਰਵਾਸ ਕੇਂਦਰ ਠਰੂ ਦਾਖਲ ਕਰਵਾਇਆ ਹੈ| ਥਾਣਾ ਮੁਖੀ ਇੰਸਪੈਕਟਰ ਮਨੋਜ ਕੁਮਾਰ ਨੇ ਅੱਜ ਇੱਥੇ ਦੱਸਿਆ ਕਿ ਕੰਬੋਕੇ ਪਿੰਡ ਦੇ ਵਾਸੀ ਸੋਨਾ ਸਿੰਘ ਦੀ ਇਲਾਕੇ ਦੇ ਚੂੰਗ ਪਿੰਡ ਦੇ ਬਾਹਰਵਾਰ ਬਣੀ ਕੋਠੀ ਵਿੱਚ ਉਸ ਨਾਲ ਸਹਿਮਤੀ ਕਰਕੇ ਹਰਬੀਰ ਸਿੰਘ ਵਾਸੀ ਭਿੱਖੀਵਿੰਡ ਵਲੋਂ ਇਹ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਸੀ। ਉਨ੍ਹਾਂ ਦਿੱਲੀ ਦੇ ਕਰੋਲ ਬਾਗ ਦੇ ਵਾਸੀ ਬ੍ਰਿਜ ਉਰਜ ਰਾਜੂ ਨੂੰ ਆਉਣ-ਜਾਣ ਵਾਲਿਆਂ ’ਤੇ ਨਿਗ੍ਹਾ ਰੱਖਣ ਲਈ ਰੱਖਿਆ ਸੀ| ਹਰਬੀਰ ਸਿੰਘ ਖ਼ੁਦ ਨੂੰ ਡਾਕਟਰ ਦੱਸਦਾ ਸੀ ਤੇ ਨਸ਼ਾ ਛੁਡਾਉਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਮੋਟੀ ਰਕਮ ਵਸੂਲ ਰਿਹਾ ਸੀ| ਥਾਣਾ ਮੁਖੀ ਨੇ ਦੱਸਿਆ ਕਿ 19 ਜਣਿਆਂ ਨੂੰ ਇਕ ਕਮਰੇ ਵਿੱਚ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਪੁਲੀਸ ਨੇ ਹਰਬੀਰ ਸਿੰਘ ਅਤੇ ਬ੍ਰਿਜ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸੋਨਾ ਸਿੰਘ ਨੂੰ ਅਜੇ ਫਰਾਰ ਹੈ| ਇਨ੍ਹਾਂ ਕੋਲ ਕਿਸੇ ਅਧਿਕਾਰਿਤ ਸੰਸਥਾ ਤੋਂ ਪ੍ਰਾਪਤ ਕੀਤੀ ਮਨਜ਼ੂਰੀ ਨਹੀਂ ਸੀ| ਪੁਲੀਸ ਨੇ ਮੌਕੇ ਤੋਂ ਗੈਰ ਕਾਨੂੰਨੀ ਤੌਰ ’ਤੇ ਸਟੋਰ ਕੀਤੀਆਂ ਬਿਨਾਂ ਲੇਵਲ ਗੋਲੀਆਂ, ਟੀਕੇ, ਡਾਕਟਰੀ ਔਜਾਰ ਬਰਾਮਦ ਕੀਤੇ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਦਰਜ ਕਰ ਲਿਆ ਹੈ।