ਗ਼ੈਰਕਾਨੂੰਨੀ ਉਸਾਰੀਆਂ ਢਾਹੀਆਂ
ਪੱਤਰ ਪ੍ਰੇਰਕ
ਯਮੁਨਾਨਗਰ, 22 ਮਈ
ਜ਼ਿਲ੍ਹਾ ਟਾਊਨ ਪਲੈਨਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕੰਟਰੋਲ ਏਰੀਆ ਬਿਲਾਸਪੁਰ ਵਿੱਚ ਪੈਂਦੇ ਜ਼ਿਲ੍ਹਾ ਯਮੁਨਾ ਨਗਰ ਦੀ ਤਹਿਸੀਲ ਵਿਆਸਪੁਰ ਵਿੱਚ ਦੋ ਅਣਅਧਿਕਾਰਤ ਕਲੋਨੀਆਂ ਅਤੇ ਉਸਾਰੀਆਂ ਨੂੰ ਇਸ ਦਫ਼ਤਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਢਾਹ ਦਿੱਤਾ। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਦੇ ਹੁਕਮਾਂ ਅਨੁਸਾਰ, ਕਾਰਵਾਈ ਦੌਰਾਨ, ਜ਼ਿਲ੍ਹਾ ਟਾਊਨ ਪਲੈਨਰ ਆਪਣੇ ਸਟਾਫ਼ ਸਮੇਤ, ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਡਿਊਟੀ ਮੈਜਿਸਟ੍ਰੇਟ ਵਜੋਂ ਨਿਯੁਕਤ ਨਾਇਬ ਤਹਿਸੀਲਦਾਰ ਵਿਆਸਪੁਰ, ਐੱਸਐੱਚਓ ਪੁਲੀਸ ਸਟੇਸ਼ਨ, ਸਟੇਟ ਇਨਫੋਰਸਮੈਂਟ ਬਿਊਰੋ, ਯਮੁਨਾਨਗਰ, ਢਾਹੁਣ ਦੌਰਾਨ ਮੌਕੇ ’ਤੇ ਮੌਜੂਦ ਸਨ। ਇਸ ਕਾਰਵਾਈ ਦੌਰਾਨ, ਜ਼ਿਲ੍ਹਾ ਟਾਊਨ ਪਲੈਨਰ ਨੇ 25 ਏਕੜ ਖੇਤਰਫਲ ਵਿੱਚ ਉਸਾਰੀ ਡੀਪੀਸੀ, ਕੱਚੀਆਂ ਸੜਕਾਂ ਅਤੇ ਇਨ੍ਹਾਂ ਗੈਰ-ਕਾਨੂੰਨੀ ਕਲੋਨੀਆਂ, ਉਸਾਰੀਆਂ ਵਿੱਚ ਬਣੀ ਦੁਕਾਨ ਨੂੰ ਢਾਹ ਦਿੱਤਾ। ਜ਼ਿਲ੍ਹਾ ਟਾਊਨ ਪਲੈਨਰ ਨੇ ਦੱਸਿਆ ਕਿ ਡਿਫਾਲਟਰਾਂ ਨੂੰ ਕੰਟਰੋਲ ਏਰੀਆ ਐਕਟ ਨੰ. 1963 ਅਧੀਨ ਨਿਯਮਾਂ ਅਨੁਸਾਰ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਕਿਉਂਕਿ ਡਿਫਾਲਟਰਾਂ ਨੇ ਵਿਭਾਗੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਜ਼ਮੀਨ ਮਾਲਕਾਂ ਨੇ ਗੈਰ-ਕਾਨੂੰਨੀ ਕਲੋਨੀ ਅਤੇ ਨਿਰਮਾਣ ਸਥਾਪਤ ਕਰਨ ਤੋਂ ਪਹਿਲਾਂ ਲੋੜੀਂਦੀ ਇਜਾਜ਼ਤ ਨਹੀਂ ਲਈ ਸੀ। ਇਸ ਕਰਕੇ ਇਸ ਗੈਰ-ਕਾਨੂੰਨੀ ਕਲੋਨੀ, ਨਿਰਮਾਣ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਅਤੇ ਜ਼ਿਲ੍ਹਾ ਟਾਊਨ ਪਲੈਨਰ ਅਫ਼ਸਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਗੈਰ-ਕਾਨੂੰਨੀ ਕਲੋਨੀ ਵਿੱਚ ਕੋਈ ਪਲਾਟ ਆਦਿ ਨਾ ਖਰੀਦੇ ਅਤੇ ਨਾ ਹੀ ਵੇਚੇ । ਜੇ ਫਿਰ ਵੀ ਕੋਈ ਵਿਅਕਤੀ ਗੈਰ-ਕਾਨੂੰਨੀ ਕਲੋਨੀ, ਉਸਾਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਹ ਖੁਦ ਇਸ ਲਈ ਜ਼ਿੰਮੇਵਾਰ ਹੋਵੇਗਾ।