ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗ਼ਦਰ ਲਹਿਰ ਦੀ ਕਵਿਤਾ ਦਾ ਇਤਿਹਾਸਕ ਪਰਿਪੇਖ

04:03 AM Apr 20, 2025 IST
featuredImage featuredImage

ਡਾ. ਅਰਸ਼ਦੀਪ ਕੌਰ

Advertisement

ਪੰਜਾਬੀ ਸਾਹਿਤ ਦਾ ਕਾਵਿ ਰੂਪ ਅੱਠਵੀਂ ਨੌਵੀਂ ਸਦੀ ਵਿੱਚ ਨਾਥ ਜੋਗੀਆਂ ਤੋਂ ਸ਼ੁਰੂ ਹੋ ਕੇ ਬਾਬਾ ਫ਼ਰੀਦ ਅਤੇ ਗੁਰੂ ਕਵੀਆਂ ਰਾਹੀ ਸਫ਼ਰ ਤੈਅ ਕਰਦਾ ਹੋਇਆ ਆਧੁਨਿਕ ਕਵਿਤਾ ਤੱਕ ਪਹੁੰਚਿਆ। ਇਉਂ ਪੰਜਾਬੀ ਕਵਿਤਾ ਅਧਿਆਤਮਕਵਾਦ, ਰਹੱਸਵਾਦ, ਆਦਰਸ਼ਵਾਦ, ਯਥਾਰਥਵਾਦ ਤੋਂ ਲੈ ਕੇ ਜੁਝਾਰਵਾਦ, ਕ੍ਰਾਂਤੀਕਾਰੀ ਤੇ ਅਨੇਕਾਂ ਹੋਰ ਅਜਿਹੀਆਂ ਪ੍ਰਵਿਰਤੀਆਂ ਵਿੱਚੋਂ ਨਿਕਲੀ ਤੇ ਨਿੱਖਰੀ ਹੈ। ਕਵਿਤਾ ਦੀ ਇੱਕ ਅਜਿਹੀ ਪ੍ਰਵਿਰਤੀ ਸਾਡੇ ਸਾਹਮਣੇ ਗ਼ਦਰ ਲਹਿਰ ਦੀ ਕਵਿਤਾ ਦੇ ਰੂਪ ਵਿੱਚ ਆਉਂਦੀ ਹੈ ਜੋ ਕਿ ਆਪਣੇ ਵਿੱਚ ਗ਼ਦਰ ਲਹਿਰ ਦਾ ਸੰਪੂਰਨ ਇਤਿਹਾਸ ਹਵਾਲਿਆਂ ਸਹਿਤ ਸਮੋਈ ਬੈਠੀ ਹੈ।
ਗ਼ਦਰ ਲਹਿਰ ਦੀ ਕਵਿਤਾ ਸਿਰਫ਼ ਕਲਪਨਾਵਾਂ ’ਤੇ ਆਧਾਰਿਤ ਨਹੀਂ। ਇਸ ਵਿੱਚ ਠੋਸ ਇਤਿਹਾਸਕ ਹਵਾਲੇ ਥਾਂ-ਥਾਂ ਮੌਜੂਦ ਹਨ। ਇਹ ਕਵਿਤਾ ਪਰਦੇਸ ਵਿੱਚੋਂ ਜਨਮ ਲੈ ਕੇ ਪੰਜਾਬ ਤੇ ਭਾਰਤ ਸਮੇਤ ਪੂਰੇ ਵਿਸ਼ਵੀ ਮਾਹੌਲ ਨੂੰ ਪੇਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਕਵਿਤਾ ਦਾ ਅਧਿਐਨ ਕਰਨ ਲਈ ਇਤਿਹਾਸ ਦਾ ਅਧਿਐਨ ਕਰਨਾ ਜ਼ਰੂਰੀ ਹੈ। ਗ਼ਦਰੀ ਕਵਿਤਾ ਬਾਬਤ ਕੇਸਰ ਸਿੰਘ ਨਾਵਲਕਾਰ ਲਿਖਦੇ ਹਨ ਕਿ ਇਹ ਪੰਜਾਬੀਆਂ ਦੀ ਰਚਨਾ ਹੈ, ਇਸ ਲਈ ਸਭ ਤੋਂ ਵੱਧ ਹਵਾਲੇ ਇਸ ਵਿੱਚ ਪੰਜਾਬ ਦੇ ਇਤਿਹਾਸ ਵਿੱਚੋਂ ਹਨ। ਇਨ੍ਹਾਂ ਹਵਾਲਿਆਂ ਦੀ ਸੇਧ ਵਿੱਚ ਸਭ ਤੋਂ ਪਹਿਲਾਂ ਇਸ ਕਵਿਤਾ ਦੇ ਅਵਚੇਤਨ ਨੂੰ ਫਰੋਲਣ ਦੀ ਲੋੜ ਹੈ। ਇਸ ਅਵਚੇਤਨ ਵਿੱਚੋਂ ਪੰਜਾਬ ਦੇ ਹਿੰਦੂ-ਸਿੱਖ ਵਿਰਸੇ ਦੀਆਂ ਰਵਾਇਤਾਂ, ਪੰਜਾਬੀ ਚਿੰਤਨ ਧਾਰਾ ਦੇ ਪ੍ਰਤੀਮਾਨ ਤੇ ਇਸਦੇ ਜੰਗਜੂ ਵਿਰਸੇ ਦੇ ਨਰੋਏ ਅੰਸ਼ ਵੀ ਮਿਲਦੇ ਹਨ ਤੇ ਸਿੱਖ-ਪੰਜਾਬੀਆਂ ਦੀ ਅਪਰਾਧ ਚੇਤਨਾ ਤੇ ਦੋਸ਼ ਗੰਢ ਦਾ ਵੀ ਪਤਾ ਲੱਗਦਾ ਹੈ। ਇਸ ਕਵਿਤਾ ਦੇ ਰੋਮ-ਰੋਮ ਵਿੱਚ ਪੰਜਾਬ ਦਾ ਲੜਾਕੂ, ਅਣਖੀਲਾ ਤੇ ਆਜ਼ਾਦੀ ਪਸੰਦ ਕਿਸਾਨ-ਕਬਾਇਲੀ ਚਰਿੱਤਰ ਸਮਾਇਆ ਹੋਇਆ ਹੈ। ਇਸ ਦੇ ਚੇਤੇ ਵਿੱਚ ਸਿੱਖ ਇਤਿਹਾਸ ਵਿੱਚ ਵਾਪਰੀਆਂ ਕੁਝ ਅਜਿਹੀਆਂ ਗ਼ਲਤੀਆਂ ਜਾਂ ਦੋਸ਼ ਪਏ ਹਨ, ਜਿਨ੍ਹਾਂ ਤੋਂ ਮੁਕਤ ਹੋ ਕੇ ਇਹ ਮੁੜ ਸਿੱਖ ਸਿਧਾਂਤ ਤੇ ਸਿੱਖ ਇਤਿਹਾਸ ਦੀਆਂ ਮਾਨਵੀ ਕੀਮਤਾਂ ਤੇ ਰਵਾਇਤਾਂ ਨਾਲ ਜੁੜਨ ਲਈ ਜੂਝ ਰਹੀ ਹੈ। ਸਿੱਖਾਂ ਦਾ ਆਪਣੇ ਖਾਲਸਾ ਧਰਮ ਤੋਂ ਪਰ੍ਹੇ ਚਲੇ ਜਾਣਾ ਗ਼ਦਰੀ ਕਵੀਆਂ ਨੂੰ ਵਿਸ਼ੇਸ਼ ਤੌਰ ’ਤੇ ਚੁੱਭਦਾ ਹੈ। ਅੱਜ ਦੇ ਸਮੇਂ ਵਿੱਚ ਹਿੰਦ ਦੀ ਆਜ਼ਾਦੀ ਲਈ ਮਰ ਮਿਟਣਾ ਹੀ ਅਸਲੀ ਖਾਲਸਾ ਧਰਮ ਹੈ:
ਕਾਜ਼ੀ ਪੰਡਿਤਾਂ ਅਤੇ ਗਿਆਨੀਆਂ ਨੇ, ਯੁੱਧ ਕਰਨ ਦਾ ਬਚਨ ਸੁਨਾਵਣਾ ਨਾ।
ਭੌਕਣ ਰਾਤ ਦਿਨੇ ਭੁੱਖੇ ਟੁਕੜਿਆਂ ਦੇ, ਖਾਲੀ ਰਹਿਣਗੇ ਢਿੱਡ ਭਰਾਵਣਾ ਨਾ
ਹੱਡੀ ਪੂੰ ਪੈ ਜੂ ਥੋਡੇ ਖਾਲਸਾ ਜੀ, ਮਾੜਾ ਧਾਂ ਪੂਜਾ ਵਾਲਾ ਖਾਵਣਾ ਨਾ।
ਬਰਤਾਨਵੀ ਰਾਜ ਦੇ ਹਮਾਇਤੀ ਤੇ ਚਾਪਲੂਸ ਇਤਿਹਾਸਕਾਰਾਂ ਤੇ ਸਿੱਧੇ ਸਾਦੇ ਲੋਕਾਂ ਦੀਆਂ ਫੈਲਾਈਆਂ ਅਫ਼ਵਾਹਾਂ ਕਾਰਨ ਸਿੱਖ ਸਮੂਹ ਇੱਕ ਅਜਿਹੇ ਗੁਨਾਹ ਦੇ ਅਹਿਸਾਸ ਦਾ ਸ਼ਿਕਾਰ ਹੋਇਆ, ਜੋ ਸਮੁੱਚੀ ਗ਼ਦਰ ਲਹਿਰ ਤੇ ਗ਼ਦਰੀ ਕਵਿਤਾ ਦੇ ਅਚੇਤ ਵਿੱਚ ਕੰਮ ਕਰਦਾ ਰਿਹਾ ਹੈ। ਦੋ ਗੁਨਾਹਾਂ ਦਾ ਖ਼ਾਸ ਤੌਰ ’ਤੇ ਕਵੀ ਦੇ ਮਨ ਉੱਤੇ ਬੋਝ ਹੈ। ਪਹਿਲਾ ਗੁਨਾਹ ਸੀ: ਸਿੱਖਾਂ ਤੇ ਫਿਰੰਗੀਆਂ ਦੀ ਪਹਿਲੀ ਜੰਗ ਵੇਲੇ ਮਹਾਰਾਣੀ ਜਿੰਦਾ ਵੱਲੋਂ ਬਾਰੂਦ ਦੀ ਜਗ੍ਹਾ ਸਰ੍ਹੋਂ ਭੇਜਣਾ:
ਸਰ੍ਹੋਂ ਜਗਾ ਬਾਰੂਦ ਦੀ ਭੇਜ ਦਿੱਤੀ,
ਏਸ ਨਾਰ ਰਾਣੀ ਜਿੰਦ ਕੌਰ ਬੇਲੀ।
ਦੂਜਾ ਕਲੰਕ ਸੀ: 1857 ਦੇ ਗ਼ਦਰ ਵਿੱਚ ਸਿੱਖਾਂ ਵੱਲੋਂ ਅੰਗਰੇਜ਼ੀ ਰਾਜ ਖ਼ਿਲਾਫ਼ ਬਗ਼ਾਵਤ ਦੀ ਥਾਂ, ਸਗੋਂ ਉਸ ਦੀ ਸਹਾਇਤਾ ਕਰਨਾ। ਜਿੱਥੇ ਇਹ ਕਵਿਤਾ ਸਿੱਖ ਸਮੂਹ ਨੂੰ ਸੰਬੋਧਿਤ ਹੁੰਦੀ ਹੈ, ਉੱਥੇ ਇਸ ਕਲੰਕ ਵੱਲ ਸੰਕੇਤ ਵੀ ਹੈ:
ਜਦੋਂ ਸੰਨ ਸਤਵੰਜਾ ਵਿੱਚ ਗ਼ਦਰ ਹੋਇਆ,
ਆਇਆ ਪੰਥ ਨੂੰ ਬਹੁਤ ਜਵਾਲ ਸਿੰਘੋ।
ਅੱਜ ਮੁਲਕ ਅਜ਼ਾਦੀ ਵਿੱਚ ਖੇਡਣਾ ਸੀ,
ਕਰਦੇ ਪਿਆਰ ਜੇ ਗ਼ਦਰ ਦੇ ਨਾਲ ਸਿੰਘੋ।
ਇਸ ਕਲੰਕ ਤੇ ਦੋਸ਼ ਕਾਰਨ ਹੀ ਪੰਜਾਬ ਦਾ ਸਿੱਖ ਇਸ ਲਹਿਰ ਵਿੱਚ ਸਭ ਤੋਂ ਅੱਗੇ ਹੋ ਕੇ ਲੜਿਆ। ਸਿੱਖ ਰਾਜ ਦੀ ਹਾਰ ਦੀ ਨਮੋਸ਼ੀ ਤੇ 1857 ਦੇ ਗ਼ਦਰ ਸਬੰਧੀ ਦੋਸ਼ ਗ਼ਦਰੀ ਨਾਇਕ ਦੇ ਵਰਤਮਾਨ ਤੇ ਭਵਿੱਖ ਵਿਚਾਲੇ ਕੰਧ ਵਾਂਗ ਖੜ੍ਹੇ ਭੂਤਕਾਲ ਦੀ ਨਿਆਈਂ ਹੈ ਪਰ ਆਪਣੇ ਭੂਤਕਾਲ ਨੂੰ ਜਦੋਂ ਉਹ ਸੁਚੇਤਨਾ ਦੀ ਪੱਧਰ ’ਤੇ ਚਿਤਵਦਾ ਹੈ ਤਾਂ ਪ੍ਰੇਮ ਖੇਲਣ ਕਾ ਚਾਉ, ਪੰਥ ਦੀ ਸਾਜਨਾ, ਅਠਾਰ੍ਹਵੀਂ ਸਦੀ ਦਾ ਸਿੰਘ ਅੰਦੋਲਨ, ਕੂਕਾ ਵਿਦਰੋਹ ਤੇ 1907 ਦੀ ਪਗੜੀ ਸੰਭਾਲ ਲਹਿਰ ਦੀ ਪੁਨਰ ਸਿਰਜਣਾ ਕਰਕੇ ਤੇ ਉਨ੍ਹਾਂ ਨੂੰ ਆਪਣੇ ਵਰਤਮਾਨ ਅਮਲੀ ਜੀਵਨ ਤੇ ਕਵਿਤਾ ਦਾ ਪ੍ਰਾਣਧਾਰੀ ਅੰਗ ਬਣਾ ਕੇ ਅਤੀਤ ਦੀ ਕੁਤਾਹੀ ਤੇ ਦੋਸ਼ ਦੀ ਕੰਧ ਨੂੰ ਢਾਹ ਕੇ ਅੱਗੇ ਵਧਣਾ ਚਾਹੁੰਦਾ ਹੈ। ਗ਼ਦਰੀ ਕਵਿਤਾ ਵਿੱਚ ਹਿੰਦ ਦੇ ਇਤਿਹਾਸ ਦਾ ਸੁਚੇਤ ਸਿਮਰਨ ਤੇ ਵਰਣਨ ਦੋ ਮਨੋਰਥਾਂ ਅਧੀਨ ਹੋਇਆ ਹੈ:
w ਇਤਿਹਾਸ ਦੇ ਪ੍ਰਾਣਧਾਰੀ ਤੱਤਾਂ ਤੇ ਮਾਨਵੀ ਵਿਰਸੇ ਨੂੰ ਆਤਮਸਾਤ ਕਰਕੇ ਨਵਾਂ ਇਤਿਹਾਸ ਸਿਰਜਣ ਲਈ।
w ਤਤਕਾਲੀਨ ਘਟਨਾਵਾਂ ਦੇ ਵਿਵੇਕ ਨੂੰ ਸਮਝਣ-ਸਮਝਾਉਣ ਲਈ।
w ਗ਼ਦਰ ਦੀ ਹਾਰ ਦੀ ਨਿਰਾਸ਼ਾ ਤੇ ਵਿਸ਼ਾਦ ਤੋਂ ਬਚਣ ਲਈ।
ਹੁਣ ਤੱਕ ਜੋ ਇਤਿਹਾਸ ਬਰਤਾਨੀਆ ਰਾਜ ਨੇ ਸਿਰਜਿਆ ਤੇ ਲਿਖਿਆ ਸੀ ਉਹ ਹਿੰਦ ਦਾ ਨਹੀਂ, ਹਿੰਦ ਦੀ ਲੁੱਟ ਦਾ ਇਤਿਹਾਸ ਸੀ। ਜਦੋਂ ਇਤਿਹਾਸ ਦੀ ਵਾਗਡੋਰ ਗ਼ਦਰੀ ਸੰਭਾਲਦਾ ਹੈ ਤਾਂ ਉਹ ਸਮਾਜ ਦੀ ਲੁੱਟ ਦਾ ਇਤਿਹਾਸ ਖ਼ਤਮ ਕਰਨ ਲਈ ਆਪਣੇ ਲੋਕਾਂ ਨੂੰ ਵੰਗਾਰਦਾ ਹੈ ਤੇ ਆਪਣੇ ਇਤਿਹਾਸ ਦੀਆਂ ਕ੍ਰਾਂਤੀਕਾਰੀ ਘਟਨਾਵਾਂ ਦਾ ਚੇਤਾ ਕਰਵਾਉਂਦਾ ਹੈ। ਇਤਿਹਾਸਕਾਰਾਂ ਨੇ ਭਾਰਤੀ ਸਮਾਜ ਦੇ ਆਧੁਨਿਕੀਕਰਨ ਦੀ ਪ੍ਰਕਿਰਿਆ ਨੂੰ ਬਰਤਾਨਵੀ ਰਾਜ ਦੀਆਂ ਨੀਤੀਆਂ ਅਧੀਨ ਹੋਈ ਤਕਨੀਕੀ ਉੱਨਤੀ ਨਾਲ ਜੋੜ ਕੇ ਇਸ ਦੀ ਪ੍ਰਸ਼ੰਸਾ ਕੀਤੀ। ਪਰ ਗ਼ਦਰੀ ਕਵੀ ਤਕਨੀਕੀ ਉੱਨਤੀ ਦੀ ਸਿਫ਼ਤ ਕਰਦਾ ਹੋਇਆ ਵੀ ਅੰਗਰੇਜ਼ ਸਰਕਾਰ, ਰਾਜਿਆਂ ਤੇ ਰਾਏ ਬਹਾਦਰਾਂ ਨੂੰ ਹਿੰਦ ਦੀ ਗ਼ੁਲਾਮੀ ਤੇ ਅਧੋਗਤੀ ਦੇ ਜ਼ਿੰਮੇਵਾਰ ਠਹਿਰਾਉਂਦਾ ਹੈ ਅਤੇ ਨਫ਼ਰਤ ਨਾਲ ਉਨ੍ਹਾਂ ਲਈ ਬਾਂਦਰ ਸ਼ਬਦ ਦੀ ਵਰਤੋਂ ਕਰਦਾ ਹੈ:
ਰਾਏ ਬਾਂਦਰਾ ਮੁਲਕ ਵੈਰਾਨ ਕੀਤਾ, ਪਿਆਰ ਰੱਖਦੇ ਬਾਂਦਰਾਂ ਨਾਲ ਸਿੰਘੋ।
ਸਾਨੂੰ ਪਾਸ ਅੰਗਰੇਜ਼ ਦੇ ਵੇਚਿਆ ਹੈ, ਆਪ ਮੁਲਕ ਦੇ ਬਣੇ ਦਲਾਲ ਸਿੰਘੋ।
ਜਿੱਥੇ ਸਾਮਰਾਜੀ ਇਤਿਹਾਸਕਾਰਾਂ ਨੇ 1857 ਦੇ ਲੋਕ ਵਿਦਰੋਹ ਨੂੰ ਗ਼ਦਰ ਕਹਿ ਕੇ ਭੰਡਣ ਦੀ ਕੋਸ਼ਿਸ਼ ਕੀਤੀ ਤੇ ਕਈਆਂ ਨੇ ਇਸ ਨੂੰ ਸਾਮੰਤਵਾਦੀ ਰਜਵਾੜਿਆਂ ਦੀ ਖ਼ੁਦਪ੍ਰਸਤੀ ਨਾਲ ਜੋੜ ਕੇ ਦੇਖਿਆ, ਉੱਥੇ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਨੇ ਇਸ ਨੂੰ ਹਿੰਦ ਦੀ ਆਜ਼ਾਦੀ ਦੀ ਪਹਿਲੀ ਜੰਗ ਕਿਹਾ:
ਜਥਿਆਂ ਦੇ ਜਥੇ ਸਿਪਾਹੀ ਸੈਨਿਕ ਜਾਗੇ,
ਆਖਰ ਆ ਹੀ ਗਿਆ ਯਾਦ ਉਨ੍ਹਾਂ ਨੂੰ
ਕਿ ਉਨ੍ਹਾਂ ਦੀ ਵੀ ਕੋਈ ਮਾਤ ਭੂਮੀ ਹੈ।
ਗ਼ਦਰ ਅੰਦੋਲਨ ਨੇ ਹਿੰਦੂ ਮੁਸਲਮਾਨ ਏਕਤਾ ਪੈਦਾ ਕੀਤੀ ਤੇ ਸਿੱਖਾਂ ਵਿੱਚ ਰਾਸ਼ਟਰੀ ਭਾਵਨਾ ਭਰ ਕੇ ਵਤਨ ਪਿਆਰ ਤੇ ਰਾਸ਼ਟਰਵਾਦ ਦਾ ਮੁੱਢ ਬੰਨ੍ਹਿਆ। ਆਮ ਲੋਕਾਂ ਵਿੱਚ ਸਿਆਸੀ ਸੂਝ, ਆਜ਼ਾਦੀ ਦੀ ਚਾਹ ਤੇ ਬੁੱਧੀਜੀਵੀਆਂ ਵਿੱਚ ਸਵੈਮਾਣ ਤੇ ਨਵੀਂ ਰੋਸ਼ਨੀ ਦਾ ਸੰਚਾਰ ਕੀਤਾ, ਜਿਸ ਦੇ ਸਿੱਟੇ ਵਜੋਂ ਕਾਂਗਰਸ ਪਾਰਟੀ, ਸਿੰਘ ਸਭਾ ਆਦਿ ਨਰਮਦਲੀ ਮੱਧ ਵਰਗ ਵੀ ਡੈਪੂਟੇਸ਼ਨਾਂ, ਮਤਿਆਂ ਅਤੇ ਅਪੀਲਾਂ ਰਾਹੀਂ ਸੁਤੰਤਰਤਾ ਸੰਗਰਾਮ ਦੀ ਰਾਹ ਤੁਰਿਆ। ਇਸ ਗ਼ਦਰ ਨਾਲ ਇੱਕ ਵੱਡੀ ਤਬਦੀਲੀ ਇਹ ਹੋਈ ਕਿ ਅੱਗੇ ਆਉਣ ਵਾਲੇ ਇਨਕਲਾਬਾਂ ਲਈ ਫ਼ੌਜ ਦੀ ਹਾਂ-ਮੁਖੀ ਭੂਮਿਕਾ ਸਾਹਮਣੇ ਆ ਗਈ।
ਗ਼ਦਰ ਲਹਿਰ ਦੀ ਕਵਿਤਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਇਤਿਹਾਸ ਤੋਂ ਲੈ ਕੇ ਆਪਣੀਆਂ ਸਮਕਾਲੀ ਇਤਿਹਾਸਕ ਘਟਨਾਵਾਂ ਤੇ ਵਿਅਕਤੀਆਂ ਤੱਕ ਕਿਸੇ ਧਰਮ, ਜਾਤ, ਇਲਾਕੇ ਅਤੇ ਦੇਸ਼ ਦੇ ਭਿੰਨ ਭੇਦ ਤੋਂ ਬਿਨਾਂ ਨਰੋਏ ਤੇ ਇਨਕਲਾਬੀ ਤੱਤਾਂ ਨੂੰ ਅੰਕਿਤ ਕੀਤਾ। ਰੂਸ, ਚੀਨ, ਆਇਰਲੈਂਡ, ਸਿੰਘਾਪੁਰ, ਭਾਰਤ ਭਾਵ ਜਿੱਥੇ ਜਿੱਥੇ ਵੀ ਕੋਈ ਆਜ਼ਾਦੀ ਅੰਦੋਲਨ ਹੋਇਆ, ਉਸ ਨੂੰ ਗ਼ਦਰੀ ਕਵੀ ਨੇ ਗ਼ਦਰ ਕਹਿ ਕੇ ਉਸ ਦੀ ਪ੍ਰਸ਼ੰਸਾ ਕੀਤੀ ਹੈ। ਵਰਤਮਾਨ ਦੀਆਂ ਘਟਨਾਵਾਂ ਦੇ ਵਿਵੇਕ ਨੂੰ ਸਪੱਸ਼ਟ ਕਰਨ ਲਈ ਹਰ ਘਟਨਾ ਨੂੰ ਇਨਕਲਾਬੀ ਇਤਿਹਾਸ ਦੇ ਪਰਿਪੇਖ ਅਤੇ ਪ੍ਰਤਿਮਾਨਾਂ ਦੇ ਪ੍ਰਸੰਗ ਵਿੱਚ ਬਿਆਨ ਕੀਤਾ ਹੈ:
ਖਾ ਕੇ ਮਾਰ ਕਾਇਰਾਂ ਵਾਂਗੂੰ ਮੂੰਹ ਕੱਜਣ, ਲਾਲ ਕਿਉਂ ਨਾ ਸ਼ਹੀਦੀਆਂ ਪਾਣ ਤੇਰੇ।
ਦੇਸ਼ ਭਗਤ ਤੇਰੇ ਰਹੇ ਕੂਕ ਤੈਨੂੰ, ਸੁੱਤੇ ਘੂਕ ਹਿੰਦੂ ਮੁਸਲਮਾਨ ਤੇਰੇ।
ਆਓ ਅਜੇ ਵੀ ਵਕਤ ਸੰਭਾਲ ਲਈਏ, ਨਹੀਂ ਪੱਟਣਗੇ ਬਾਕੀ ਨਸ਼ਾਨ ਤੇਰੇ।
ਗ਼ਦਰੀ ਕਵੀਆਂ ਨੇ ਇਤਿਹਾਸ ਦਾ ਕਾਵਿਕਰਨ ਜਾਂ ਕਵਿਤਾ ਦਾ ਇਤਿਹਾਸਕਰਨ ਕੀਤਾ ਹੈ, ਜਿਸ ਤੋਂ ਇੱਕ ਗੱਲ ਸਾਫ਼ ਹੈ ਕਿ ਗ਼ਦਰੀਆਂ ਕੋਲ ਸਮਾਜਿਕ ਇਤਿਹਾਸ ਦਾ ਤ੍ਰੈਕਾਲੀ ਚੌਖਟਾ ਤੇ ਦੂਰ ਦੀ ਦ੍ਰਿਸ਼ਟੀ ਮੌਜੂਦ ਸੀ। ਉਹ ਇੱਥੋਂ ਤੱਕ ਬੇਗਰਜ਼ ਤੇ ਯਥਾਰਥਵਾਦੀ ਸੀ ਕਿ ਉਸ ਨੂੰ ਪਤਾ ਸੀ ਕਿ ਗ਼ਦਰੀ ਤਾਂ ਗ਼ਦਰ ਦੇ ਲੇਖੇ ਲੱਗ ਜਾਣਗੇ, ਪਰ ਆਉਣ ਵਾਲੀਆਂ ਪੀੜ੍ਹੀਆਂ ਰਾਜ ਕਰਨਗੀਆਂ।
ਸੰਪਰਕ: 98728-54006

Advertisement
Advertisement