ਗ਼ਦਰੀ ਯੋਧਿਆਂ ਨੂੰ ਸਮਰਪਿਤ ਨਾਟਕ ‘ਗਾਥਾ ਕਾਲੇ ਪਾਣੀਆਂ ਦੀ’ ਦਾ ਮੰਚਨ
ਸੰਤੋਖ ਗਿੱਲ
ਗੁਰੂਸਰ ਸੁਧਾਰ, ਮੁੱਲਾਂਪੁਰ, 1 ਦਸੰਬਰ
ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਗ਼ਦਰ ਲਹਿਰ ਦੇ ਸਿਰੜੀ ਯੋਧਿਆਂ ਨੂੰ ਸਮਰਪਿਤ ਸਮਾਗਮ ਦਾ ਰਸਮੀ ਉਦਘਾਟਨ ਜੀਟੀਬੀ ਨੈਸ਼ਨਲ ਕਾਲਜ ਦਾਖਾ ਦੇ ਪ੍ਰਿੰਸੀਪਲ ਡਾ. ਅਵਤਾਰ ਸਿੰਘ, ਪ੍ਰੋਫੈਸਰ ਮਨਜੀਤ ਸਿੰਘ ਛਾਬੜਾ, ਡਾ. ਐੱਸਐੱਸ ਥਿੰਦ, ਗੁਰਚਰਨ ਕੌਰ ਥਿੰਦ, ਮਲਕੀਤ ਸਵੈਚ, ਕਵਿੱਤਰੀ ਪਰਮਿੰਦਰ ਸਵੈਚ, ਐਡਵੋਕੇਟ ਜਸਵੀਰ ਸਿੰਘ, ਪ੍ਰੋਫੈਸਰ ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ, ਵਿਜੇ ਮਿੱਤਲ ਮੋਗਾ, ਮਾਸਟਰ ਭਜਨ ਸਿੰਘ, ਸੁਰਿੰਦਰ ਕੌਰ ਗਿੱਲ ਅਤੇ ਜਸਵੰਤ ਜੀਰਖ਼ ਨੇ ਸਾਂਝੇ ਰੂਪ ਵਿੱਚ ਕੀਤਾ। ਇਸ ਮੌਕੇ ਜਸਵੰਤ ਜੀਰਖ ਦੀ ਪੁਸਤਕ ‘ਮੌਜੂਦਾ ਸਮੇਂ ਦਾ ਸੱਚ’, ਪਰਮਿੰਦਰ ਕੌਰ ਸਵੈਚ ਦੀ ਪੁਸਤਕ ‘ਜਾਗਦੀ ਅੱਖ ਦਾ ਹਲਫ਼ਨਾਮਾ’ ਅਤੇ ਕੈਲਗਰੀ ਦੀ ਉੱਘੀ ਲੇਖਿਕਾ ਦੀ ਪੁਸਤਕ ‘ਲਹਿੰਦੇ ਪੰਜਾਬ ’ਚ 14 ਦਿਨ’ ਰਿਲੀਜ਼ ਕੀਤੀ ਗਈ। ਹਰਕੇਸ਼ ਚੌਧਰੀ ਦਾ ਲਿਖਿਆ ਅਤੇ ਨਿਰਦੇਸ਼ਤ ਨਾਟਕ ‘ਗਾਥਾ ਕਾਲੇ ਪਾਣੀਆਂ ਦੀ’ ਦਾ ਮੰਚਨ ਕੀਤਾ ਗਿਆ।
ਖ਼ੁਦ ਨੂੰ ਕਾਲੇ ਪਾਣੀਆਂ ਦੀ ਸੈਲੂਲਰ ਜੇਲ੍ਹ ਦਾ ਰੱਬ ਸਮਝਣ ਵਾਲੇ ਮੇਜਰ ਮਰੇ ਦੀ ਜ਼ੁਲਮੀ ਸਲਤਨਤ ਨੂੰ ਵੰਗਾਰਨ ਵਾਲੇ ਗ਼ਦਰੀ ਬਾਬਿਆਂ ਦੇ ਸਿਰੜ ਨੂੰ ਬਿਆਨ ਕਰਦੇ ਨਾਟਕ ਦੌਰਾਨ ਲੋਕ ਕਲਾ ਮੰਚ ਦੇ ਸਾਰੇ ਕਲਾਕਾਰਾਂ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ। ਜੇਲ੍ਹਰ ਮੇਜਰ ਮਰੇ ਨੂੰ ਵੰਗਾਰਨ ਵਾਲੇ ਮਾਸਟਰ ਅਤਰ ਸਿੰਘ ਦਾ ਇਤਿਹਾਸਕ ਬਿਆਨ ਇਕ ਵਾਰ ਫਿਰ ਗੂੰਜਿਆ ‘ਪਿੱਠ ਦੇ ਕੁੱਬ ਨਾਲ ਸਰੀਰ ਝੁਕਦਾ ਹੈ, ਸਿਰ ਨਹੀਂ ਝੁਕਦਾ’ ਇਹ ਉੱਚਾ ਹੀ ਰਹੇਗਾ। ਕਾਲੇ ਪਾਣੀਆਂ ਦੀ ਸੈਲੂਲਰ ਜੇਲ੍ਹ ਅਤੇ ਪੋਰਟ ਬਲੇਅਰ ਹਵਾਈ ਅੱਡੇ ਦਾ ਨਾਂ ਅੱਧੀ ਦਰਜਨ ਵਾਰ ਬਰਤਾਨਵੀ ਸਰਕਾਰ ਤੋਂ ਮੁਆਫ਼ੀ ਮੰਗਣ ਵਾਲੇ ਦਮੋਦਰ ਸਾਵਰਕਰ ਦੇ ਨਾਮ ’ਤੇ ਰੱਖਣ ਨੂੰ ਗ਼ਦਰੀ ਬਾਬਿਆਂ ਨਾਲ ਧਰੋਹ ਕਰਾਰ ਦਿੱਤਾ। ਸਮਾਗਮ ਦੌਰਾਨ ਕੁਝ ਨਾਮਵਰ ਪੱਤਰਕਾਰਾਂ, ਲੇਖਕਾਂ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਦਾ ਲੋਕ ਕਲਾ ਮੰਚ ਵੱਲੋਂ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਡਾਕਟਰ ਕੁਸਮ ਅੱਤਰੇ ਵੱਲੋਂ ਦਰਸ਼ਕਾਂ ਨੂੰ ਪਾਣੀ ਅਤੇ ਲੱਡੂ ਵੰਡੇ ਗਏ।