ਗ਼ਜ਼ਲ ਦੀ ਤਕਨੀਕ ਦਾ ਗਿਆਨ
ਸੁਲੱਖਣ ਸਰਹੱਦੀ
ਹਥਲੀ ਪੁਸਤਕ ‘ਸੁੰਨੀ ਅੱਖ ਦਾ ਸੁਪਨਾ’ (ਸ਼ਿਅਰਕਾਰੀ; ਸੰਪਾਦਕ: ਗੁਰਦਿਆਲ ਦਲਾਲ ਅਤੇ ਸੁਰਿੰਦਰ ਰਾਮਪੁਰੀ; ਕੀਮਤ: 250 ਰੁਪਏ) ਭਾਵੇਂ ਬਹੁਤ ਸਾਰੇ ਸ਼ਾਇਰਾਂ ਦੇ ਉਮਦਾ ਸ਼ਿਅਰਾਂ ਦਾ ਮਜ਼ਮੂਆ ਹੈ, ਪਰ ਇਹ ਇਸ ਖੇਤਰ ਦੀਆਂ ਪੁਸਤਕਾਂ ਤੋਂ ਵਿਲੱਖਣ ਹੈ। ਗੁਰਦਿਆਲ ਦਲਾਲ ਪੰਜਾਬੀ ਗ਼ਜ਼ਲ ਦਾ ਸਸ਼ਕਤ ਹਸਤਾਖ਼ਰ ਹੈ ਜੋ ਕਿ ਗ਼ਜ਼ਲ ਤਕਨੀਕ ਦੀਆਂ ਬਾਰੀਕੀਆਂ ਦਾ ਉਸਤਾਦ ਵੀ ਹੈ। ਇਸੇ ਤਰ੍ਹਾਂ ਸੁੁਰਿੰਦਰ ਰਾਮਪੁਰੀ ਵੀ ਗ਼ਜ਼ਲ ਬਾਰੇ ਕਾਫ਼ੀ ਬਾਰੀਕੀਆਂ ਜਾਣਦਾ ਹੈ ਅਤੇ ਰਾਮਪੁਰ ਸਾਹਿਤ ਸਭਾ ਦਾ ਸਰਗਰਮ ਮੈਂਬਰ ਹੈ। ਇਨ੍ਹਾਂ ਦੋਹਾਂ ਪ੍ਰੋਢ ਸਾਹਿਤਕਾਰਾਂ ਨੇ ਹਥਲੀ ਨਿਵੇਕਲੀ ਪੁਸਤਕ ਨੂੰ ਪ੍ਰਕਾਸ਼ਿਤ ਕਰਵਾਇਆ ਹੈ।
ਕਰੋਨਾ ਕਾਲ ਵੀ ਸੰਸਾਰ ਪੱਧਰ ਉੱਤੇ ਮਾੜੇ ਸਮੇਂ ਕਰਕੇ ਕਈ ਚਿਰ ਯਾਦ ਰਹੇਗਾ। ਜਦੋਂਕਿ ਲੋਕਾਂ ਨੂੰ ਆਪਣੇ ਘਰੀਂ ਕੈਦ ਹੋਣ ਲਈ ਮਜਬੂਰ ਹੋਣਾ ਪਿਆ, ਸਾਹਿਤ ਦੇ ਖੇਤਰ ਵਿਚ ਵੀ ਜ਼ਿੰਦਗੀ ਦੇ ਕਈ ਹੋਰ ਖੇਤਰਾਂ ਵਾਂਗ ਕਰੋਨਾ ਨੇ ਉਲਟ ਅਸਰ ਪਾਇਆ ਹੈ, ਪਰ ਪੰਜਾਬੀ ਲੋਕ ਮੁਸ਼ਕਿਲ ਤੋਂ ਮੁਸ਼ਕਿਲ ਸਮੇਂ ਵਿਚ ਵੀ ਜੀਣ ਤੋਂ ਥੀਣ ਦਾ ਢੰਗ ਤਰੀਕਾ ਲੱਭ ਲੈਂਦੇ ਹਨ। ਇਹ ਪੁਸਤਕ ਵੀ ਇਸੇ ਸੰਦਰਭ ਵਿਚ ਹੈ।
ਇਸ ਪੁਸਤਕ ਨੂੰ ਭਾਵੇਂ ਪਿੰਗਲ ਅਤੇ ਅਰੂਜ਼ ਯਾਨੀ ਗ਼ਜ਼ਲ ਤਕਨੀਕ ਦੀ ਸਿੱਧੀਓ-ਸਿੱਧੀ ਪੁਸਤਕ ਤਾਂ ਨਹੀਂ ਕਿਹਾ ਜਾ ਸਕਦਾ, ਪਰ ਇਸ ਵਿਚ ਗ਼ਜ਼ਲ ਛੰਦਾਂ, ਬਹਿਰਾਂ ਦਾ ਬਹੁਤ ਹੀ ਫ਼ਾਇਦੇਮੰਦ ਅਤੇ ਵਿਹਾਰੀ ਗਿਆਨ ਦਰਸਾਇਆ ਗਿਆ ਹੈ। ਕਰੋਨਾ ਕਾਲ ਵਿਚ ਸਾਰੀਆਂ ਹੀ ਸਾਹਿਤਕ ਸਰਗਰਮੀਆਂ ਬੰਦ ਹੋ ਗਈਆਂ ਤਾਂ ਉਕਤ ਸੰਪਾਦਕਾਂ ਨੇ ਇਸ ਪੁਸਤਕ ਦਾ ਆਧਾਰ ਸਿਰਜਿਆ। ਸੋਸ਼ਲ ਮੀਡੀਆ ਨੇ ਨਵੇਂ ਯੁੱਗ ਨੂੰ ਸੌਖਿਆਂ ਹੀ ਨਵੀਨ ਗਿਆਨ ਦਾ ਸੋਮਾ ਬਣਾ ਦਿੱਤਾ ਹੈ।
ਪੰਜਾਬੀ ਗ਼ਜ਼ਲ ਇਕ ਨਿਯਮਬੱਧ ਕਾਵਿ ਵਿਧਾ ਹੈ। ਇਸ ਦੇ ਛੰਦ, ਬਹਿਰ, ਕਾਫ਼ੀਏ, ਮਤਲੇ, ਮਕਤੇ ਅਤੇ ਹੋਰ ਨਿਯਮਾਂ ਦਾ ਗਿਆਨ ਅਤੇ ਵਰਤੋਂ ਵਿਹਾਰ ਜ਼ਰੂਰੀ ਹੁੰਦਾ ਹੈ। ਬਹੁਤ ਸਾਰੇ ਨਵੇਂ ਗ਼ਜ਼ਲਕਾਰ ਭਾਵੇਂ ਛੰਦਾਂ, ਬਹਿਰਾਂ ਬਾਰੇ ਥੋੜ੍ਹਾ-ਥੋੜ੍ਹਾ ਜਾਣਦੇ ਵੀ ਹੁੰਦੇ ਹਨ, ਪਰ ਉਹ ਅਕਸਰ ਗ਼ਲਤੀਆਂ ਕਰਦੇ ਹਨ ਅਤੇ ਇਹੀ ਗ਼ਲਤੀਆਂ ਇਨ੍ਹਾਂ ਨੂੰ ਦੁਜੈਲਾ ਬਣਾ ਦਿੰਦੀਆਂ ਹਨ। ਭਾਵੇਂ ਹੁਣ ਗੁਰਮੁਖੀ ਅੱਖਰਾਂ ਵਿਚ ਪਿੰਗਲ ਅਤੇ ਅਰੂਜ਼ ਦੀਆਂ ਪੁਸਤਕਾਂ ਆਮ ਮਿਲ ਜਾਂਦੀਆਂ ਹਨ, ਪਰ ਕਿਸੇ ਸਿਖਾਂਦਰੂ ਨੂੰ ਉਸਤਾਦਾਂ ਵਾਂਗ ਉਂਗਲ ਫੜ ਕੇ ਤਕਨੀਕ ਦੇ ਰਾਹ ਪਾਉਣਾ ਕੇਵਲ ਪੁਸਤਕ ਦਾ ਹੀ ਕਾਰਜ ਨਹੀਂ ਸਗੋਂ ਉਸ ਦੇ ਸ਼ਿਅਰ-ਸ਼ਿਅਰ ਉੱਤੇ ਧਿਆਨ ਦੇ ਕੇ ਪੂਰਨਤਾ ਬਖ਼ਸ਼ਣ ਵਾਸਤੇ ‘ਆਹਮੋ ਸਾਹਮਣੇ’ ਸਥਿਤੀ ਵੀ ਜ਼ਰੂਰੀ ਹੁੰਦੀ ਹੈ।
ਹਥਲੀ ਪੁਸਤਕ ਦੇ ਸੰਪਾਦਕਾਂ ਨੇ ਸਮੂਹਕ ਤੌਰ ਉੱਤੇ ਇਹ ਕਾਰਜ ਕੀਤਾ। ਪੁਰਾਣੇ ਉਸਤਾਦ ਆਪਣੇ ਸ਼ਾਗਿਰਦਾਂ ਨੂੰ ਗ਼ਜ਼ਲ ਦਾ ਇਕ ਮਿਸਰਾ ਜਾਂ ਫਿਰ ਇਕ ਸ਼ਿਅਰ ਦੇ ਕੇ ਹੋਰ ਸ਼ਿਅਰ ਉਸੇ ਛੰਦ, ਬਹਿਰ ਵਿਚ ਰਚਣ ਲਈ ਕਹਿੰਦੇ ਸਨ। ਸ਼ਾਗਿਰਦ ਉਸ ਮਿਸਰੇ ਨਾਲ ਰਲਦੇ-ਮਿਲਦੇ ਸ਼ਿਅਰ ਕਹਿ ਕੇ ਉਸਤਾਦ ਨੂੰ ਸੁਣਾਉਂਦੇ ਸਨ ਤੇ ਉਸਤਾਦ ਉਨ੍ਹਾਂ ਦੀਆਂ ਗ਼ਲਤੀਆਂ ਸੁਧਾਰ ਦਿੰਦੇ ਸਨ। ਉਕਤ ਸੰਪਾਦਕਾਂ ਨੇ ਇਹੀ ਰਸਤਾ ਫੇਸਬੁੱਕ ਉੱਤੇ ਰਵਾਂ ਕੀਤਾ। ਉਹ ਹਰ ਹਫ਼ਤੇ ਇਕ ਸ਼ਿਅਰ ਦਿੰਦੇ, ਉਸ ਦਾ ਸਰੂਪ ਤੇ ਬਹਿਰੀ ਢਾਂਚਾ ਲਿਖਦੇ। ਉਸ ਸ਼ਿਅਰ ਨੂੰ ਇਹ ਸੰਪਾਦਕ ਤਕਤੀਹ ਵੀ ਕਰ ਕੇ ਭੇਜਦੇ। ਬਹਿਰ, ਛੰਦ ਦਾ ਨਾਮ ਸਮੇਤ ਹੋਰ ਗਿਆਨ ਵੀ ਦਿੰਦੇ। ਅਗਲੇ ਦਿਨੀਂ ਨਵੇਂ ਪੁਰਾਣੇ ਗ਼ਜ਼ਲਕਾਰ ਉਸੇ ਸਰੂਪ ਵਿਚ ਆਪਣੇ ਸ਼ਿਅਰ ਭੇਜਦੇ। ਇਹ ਕ੍ਰਮ 18 ਵਾਰ ਦੁਹਰਾਇਆ ਗਿਆ ਤੇ ਅਗਲੇ ਸਬਕ ਵਿਚ ਸ਼ਿਅਰਾਂ ਦੀਆਂ ਕਮੀਆਂ ਜਾਂ ਉਸਤਤਾਂ ਦਰਸਾਈਆਂ ਗਈਆਂ।
ਘਰ ਬੈਠੇ ਹੀ 52-52 ਸ਼ਾਇਰਾਂ ਨੇ ਪੂਰੀ ਤਕਨੀਕ ਵਿਚ ਇਕ ਇਕ ਗ਼ਜ਼ਲ ਵਿਚ ਸ਼ਿਅਰ ਭੇਜੇ, ਜਿਸ ਨੂੰ ਸੰਭਾਲ ਕੇ ਉਕਤ ਸੰਪਾਦਕਾਂ ਨੇ ਪੁਸਤਕ ਬਣਾ ਦਿੱਤੀ। ਇਹ ਪੁਸਤਕ ਜਿੱਥੇ ਵਧੀਆ ਤੇ ਨਵੇਂ ਸ਼ਿਅਰਾਂ ਦਾ ਸੰਕਲਨ ਬਣ ਗਿਆ, ਉੱਥੇ 18 ਬਹਿਰਾਂ, ਛੰਦਾਂ ਦਾ ਗਿਆਨ ਵੀ ਪੁਸਤਕ ਵਿਚ ਸਾਂਭਿਆ ਗਿਆ। ਇਸ ਪੁਸਤਕ ਵਿਚ ਸੈਂਕੜੇ ਸ਼ਾਇਰਾਂ ਦੇ ਸ਼ਿਅਰਾਂ ਦਾ ਗੁਲਦਸਤਾ ਵੀ ਬਣ ਗਿਆ ਅਤੇ ਅਗਲੇ ਆਉਣ ਵਾਲੇ ਅਨੇਕਾਂ ਸ਼ਾਇਰਾਂ ਵਾਸਤੇ ਗ਼ਜ਼ਲ ਦੇ ਵਿਹਾਰੀ ਤਕਨੀਕੀ ਗਿਆਨ ਦੀ ਪੁਸਤਕ ਵੀ ਬਣ ਗਈ। ਸਾਰੇ ਸ਼ਾਇਰੀ ਦੇ ਪਿਆਰਿਆਂ ਅਤੇ ਸ਼ਾਇਰਾਂ ਲਈ ਇਹ ਪੁਸਤਕ ਮੁਫ਼ੀਦ ਹੈ।
* * *
ਉਦਾਸੀ ਦੀ ਕਵਿਤਾ
ਹਥਲੇ ਕਾਵਿ ਸੰਗ੍ਰਹਿ ‘ਜ਼ਿੰਦਗੀ ਦੇ ਰੰਗ’ (ਕੀਮਤ: 250 ਰੁਪਏ; ਲੋਕ ਗੀਤ ਪ੍ਰਕਾਸ਼ਨ, ਮੁਹਾਲੀ) ਦੇ ਰਚੇਤਾ ਸੁਖਰਾਜ ਸਿੰਘ ਦੀ ਮਾਣਮੱਤੀ ਜੀਵਨ ਯਾਤਰਾ ਹੈ। ਏਜੀ ਪੰਜਾਬ, ਜ਼ਿਲ੍ਹਾ ਪੁਲੀਸ ਮੁਖੀ ਤੋਂ ਲੈ ਕੇ ਮੱਧ ਪ੍ਰਦੇਸ਼ ਪੁਲੀਸ ਦੇ ਚੋਟੀ ਦੇ ਅਹੁਦੇ ਡੀ.ਜੀ.ਪੀ. ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਰਾਸ਼ਟਰਪਤੀ ਵੱਲੋਂ ਸਨਮਾਨਿਤ ਹੋਏ। ਜਗਤਾਰ, ਬਸ਼ੀਰ ਬਦਰ, ਗੋਬਿੰਦ ਮਿਸ਼ਰ, ਸੁਰਜੀਤ ਪਾਤਰ, ਜਸਵੰਤ ਦੀਦ ਆਦਿ ਪ੍ਰਸਿੱਧ ਕਵੀਆਂ/ਸਾਹਿਤਕਾਰਾਂ ਨਾਲ ਸੰਗਤ ਨਸੀਬ ਹੋਈ। ਇਸ ਦੇ ਨਾਲ ਹੀ ਵੱਖ ਵੱਖ ਦੇਸ਼ਾਂ ਦੀ ਯਾਤਰਾ ਦਾ ਮੌਕਾ ਮਿਲਿਆ। ਇਸ ਤਰ੍ਹਾਂ ਸੁਖਰਾਜ ਸਿੰਘ ਕੋਲ ਉਮਰ ਦੇ ਤਜਰਬੇ ਦੇ ਨਾਲ-ਨਾਲ ਲੋਕਾਈ ਦੇ ਮਸਲਿਆਂ ਨਾਲ ਵਾਬਸਤਗੀ ਵੀ ਹੈ। ਐਸੇ ਤਜਰਬਾਕਾਰ ਦੀ ਹੱਡਬੀਤੀ ਹੀ ਕਵਿਤਾ ਬਣਦੀ ਪ੍ਰਤੀਤ ਹੁੰਦੀ ਹੈ।
ਕਵੀ ਦੀ ਇਹ ਪਹਿਲੀ ਕਾਵਿ ਪੁਸਤਕ ਹੈ। ਪੁਸਤਕ ਵਿਚ ਕੁੱਲ 45 ਕਵਿਤਾਵਾਂ ਹਨ ਜਿਨ੍ਹਾਂ ਵਿਚੋਂ ਬਹੁਤੀਆਂ ਉਨ੍ਹਾਂ ਦੇਸ਼ਾਂ ਦੀਆਂ ਹਨ ਜਿਨ੍ਹਾਂ ਵਿਚ ਕਵੀ ਖ਼ੁਦ ਗਿਆ ਹੈ। ਕਵੀ ਨੇ ਆਪਣੀਆਂ ਗ੍ਰਹਿਣ ਕੀਤੀਆਂ ਯਾਦਾਂ ਨੂੰ ਮਾਸੂਮੀਅਤ ਨਾਲ ਕਵਿਤਾਵਾਂ ਵਿਚ ਸਾਂਭ ਲਿਆ ਹੈ। ਉਸ ਦੀਆਂ ਕਵਿਤਾਵਾਂ ਦੀਆਂ ਸੱਚਾਈਆਂ ਇਸ ਪ੍ਰਕਾਰ ਦੀਆਂ ਹਨ:
- ਪੱਥਰ ‘ਤੇ ਕੋਈ ਅਸਰ ਨਹੀਂ ਹੁੰਦਾ/ ਜਾਣਦਾ ਹਾਂ ਮੈਂ/ ਪੱਥਰ ਮੇਰਾ ਨਹੀਂ ਹੋਣਾ।
- ਬਹੁਤ ਕਸ਼ਟਦਾਇਕ ਹੈ/ ਸੱਚਾ ਹਰਫ਼/ ਸੱਚੀ ਕਵਿਤਾ/ ਸੱਚਾ ਗੀਤ ਲਿਖਣਾ।
- ਮਹਿਬੂਬ ਦਾ ਵਿਛੜ ਕੇ/ ਦੂਜੇ ਦੇਸ਼ ਹਿਜ਼ਰਤ/ ਕਰ ਜਾਣਾ/ ਬੁਰਾ ਤਾਂ ਲਗਦਾ ਹੈ।
- ਜੇ ਰੂਹ ਨੂੰ ਮਹਿਕਾਉਣਾ ਹੈ/ ਤਾਂ ਉਸ ਦੀ ਗੱਲ ਕਰੋ
- ਖੰਡਰਾਂ ਤੇ ਸਿਵਿਆਂ ‘ਚ/ ਕੋਈ ਫ਼ਰਕ ਨਹੀਂ ਹੁੰਦਾ/ ਖੰਡਰਾਂ ਵਿਚ ਸਮਾਂ ਦਫ਼ਨ ਹੈ…
- ਵੀਨਸ ਤੇਰਾ ਕੀ ਕਹਿਣਾ/ ਧਰਤੀ ਉਪਰ ਸਵਰਗ/ ਤੂੰ ਲੁੱਟਿਆ ਸੈਕਸ਼ਪੀਅਰ ਦਾ ਦਿਲ।
- ਦਿਲਾ ਤੂੰ ਕਦੀ ਵੀ ਖਾਲੀ ਨਹੀਂ ਰਹਿੰਦਾ/ ਕਦੀ ਉਸ ਦੀ ਯਾਦ/ ਤੇ ਕਦੀ ਆਪਣਾ ਦਰਦ।
- ਸਫ਼ਰ ਲਈ/ ਸੜਕ, ਰੇਲ ਤੇ ਜਹਾਜ਼ ਦੀ ਜ਼ਰੂਰਤ ਨਹੀਂ ਹੁੰਦੀ…
- ਦਿੱਲੀ ਵਿਚ ਦੰਗੇ/ ਕਿਉਂ/ ਕਿਸ ਨੇ? ਤੇ ਕਿਵੇਂ ਕਰਵਾਏ/ ਸ਼ਰਮ ਕਰੋ।
ਕਵੀ ਦੇ ਅਹਿਸਾਸ ਉਸ ਨੂੰ ਗੰਭੀਰ ਕਰ ਦਿੰਦੇ ਹਨ। ਕਵਿਤਾਵਾਂ ਵਿਚ ਉਦਾਸੀ ਦਾ ਰੰਗ ਨੁਮਾਇਆ ਹੈ:
ਤੇਰੀ ਬਜ਼ਮ ਵਿਚ ਤਨਹਾ ਆਇਆ ਸੀ
ਤਨਹਾ ਰਿਹਾ ਤੇ ਤਨਹਾ ਜਾ ਰਿਹਾ ਹਾਂ
ਸਾਕੀ ਦਾ ਅਹਿਲੇ ਕਰਮ ਨਹੀਂ ਸੀ ਮੇਰੇ ‘ਤੇ
ਹੈਰਾਨ ਹਾਂ/ਹੈਰਾਨ ਤੁਰ ਚਲਿਆ ਹਾਂ
…ਬਸ ਇੱਕ ਫ਼ਕੀਰ ਭੇਸ ਬਦਲ ਕੇ ਨੱਚ ਰਿਹਾ ਸਾਂ
ਨੱਚ ਕੇ ਜਾ ਰਿਹਾ ਹਾਂ।
ਕਵਿਤਾ ਦਾ ਰੰਗ ਮੂਲ ਰੂਪ ਵਿਚ ਉਦਾਸੀ ਹੈ ਜੋ ਪੈਂਡਿਆਂ ਮਗਰੋਂ ਮੰਜ਼ਿਲ ਨਾ ਮਿਲਣ ਦੀ ਹੁੰਦੀ ਹੈ। ਕਵਿਤਾ ਤਾਂ ਵਾਰਤਕ ਲਹਿਜੇ ਵਿਚ ਹੈ ਪਰ ਪਾਠਕ ਇਹ ਪੜ੍ਹਦਿਆਂ ਅੱਕਦਾ ਨਹੀਂ।
ਸੰਪਰਕ: 94174-84337