ਗਹਿਰੀ ਮੰਡੀ ਤੋਂ ਮਹਿਤਾ ਨੂੰ ਜੋੜਨ ਵਾਲੀ ਸੜਕ 18 ਕਰੋੜ ਨਾਲ ਮੁਕੰਮਲ ਹੋਵੇਗੀ: ਈਟੀਓ
ਅੰਮ੍ਰਿਤਸਰ, 1 ਜੂਨ
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਆਪਣੇ ਹਲਕੇ ਦੇ ਮਸ਼ਹੂਰ ਪਿੰਡ ਗਹਿਰੀ ਮੰਡੀ ਤੋਂ ਮਹਿਤਾ ਨੂੰ ਜੋੜਨ ਵਾਲੀ ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨ ਦਾ ਨੀਂਹ ਪੱਥਰ ਰੱਖਿਆ। ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਕਰੀਬ 21 ਕਿਲੋਮੀਟਰ ਦੀ ਇਸ ਸੜਕ ‘ਤੇ ਕੁੱਲ 17.65 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਸੜਕ ਨੂੰ ਛੇ ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨਿਰਮਾਣ ਨਾਲ ਜੰਡਿਆਲਾ ਹਲਕੇ ਦੇ ਮੁੱਖ ਪਿੰਡ ਡੇਹਰੀਵਾਲ, ਸਰਜਾ, ਬੇਰੀਆਂਵਾਲਾ, ਮਹਿਸਮਪੁਰ, ਕੋਹਾਟਵਿੰਡ ਹਿੰਦੂਆਂ ਦੇ ਵਾਸੀਆ ਨੂੰ ਬਹੁਤ ਹੀ ਲਾਭ ਮਿਲੇਗਾ ਅਤੇ ਰੋਜ਼ਾਨਾ ਦੀ ਆਵਾਜਾਈ ਆਸਾਨ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸੜਕ ਦਾ ਕੇਵਲ ਨੀਂਹ ਪੱਥਰ ਹੀ ਨਹੀਂ ਰੱਖਿਆ ਬਲਕਿ ਜੱਬੋਵਾਲ ਵਿੱਚ ਇਸ ਦਾ ਕੰਮ ਸ਼ੁਰੂੂ ਹੋ ਚੁੱਕਾ ਹੈ।
ਉਨ੍ਹਾਂ ਹਲਕੇ ਦੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਜੰਡਿਆਲਾ ਗੁਰੂ ਤੋਂ ਤਰਨ ਤਾਰਨ ਸਾਹਿਬ ਨੂੰ ਜਾਣ ਵਾਲੀ ਮੁੱਖ ਸੜਕ, ਜੋ ਕਿ ਗੁਰੂ ਅਰਜਨ ਦੇਵ ਦੇ ਵਸਾਏ ਹੋਏ ਨਗਰ ਦਾ ਮੁੱਖ ਰਸਤਾ ਹੈ, ਦਾ ਨਾਂ ਪਿਛਲੀ ਸਰਕਾਰ ਵੇਲੇ ਦੇ ਮੰਤਰੀ ਦੇ ਤਤਕਾਲੀ ਵਿਧਾਇਕ ਜੋ ਕਿ ਉਨ੍ਹਾਂ ਦਾ ਪੁੱਤਰ ਹੈ, ਨੇ ਆਪਣੇ ਪਿਤਾ ਦੇ ਨਾਮ ’ਤੇ ਨਿਯਮਾਂ ਵਿੱਚ ਛੇੜਛਾੜ ਕਰਕੇ ਕਰ ਲਿਆ ਸੀ, ਪਰ ਮੈਂ ਪਿਛਲੇ ਸਾਲ ਇਸ ਸੜਕ ਨੂੰ ਜਿਥੇ ਚੌੜਾ ਕਰਵਾਇਆ, ਉਥੇ ਗੁਰੂ ਅਰਜਨ ਦੇਵ ਜੀ ਦੇ ਨਾਮ ’ਤੇ ਸੜਕ ਦਾ ਨਾਂ ਰੱਖਿਆ ਅਤੇ ਜੰਡਿਆਲਾ ਵਿਖੇ ਇਸ ਸੜਕ ‘ਤੇ ਸ਼ਾਨਦਾਰ ਗੇਟ ਉਸਾਰੇ। ਡਰੇਨ ’ਤੇ ਪੁੱਲ ਬਨਾਉਣ ਦੀ ਮਨਜ਼ੂਰੀ ਵੀ ਦਿੱਤੀ।’’
ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ, ਬਲਾਕ ਪ੍ਰਧਾਨ ਗੁਰਜਿੰਦਰ ਸਿੰਘ, ਜਰਮਨਜੀਤ ਸਿੰਘ, ਭੁਪਿੰਦਰ ਸਿੰਘ, ਬਲਰਾਜ ਸਿੰਘ ਤਰਸਿਕਾ, ਚੇਅਰਮੈਨ ਛ਼ਨਾਖ ਸਿੰਘ, ਸਰਪੰਚ ਗੁਰਵਿੰਦਰ ਸਿੰਘ ਬੇਰੀਆਂ, ਚਰਨਜੀਤ ਸਿੰਘ, ਮੁਖਵਿੰਦਰ ਸਿੰਘ ਸਾਬਕਾ ਸਰਪੰਚ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।