ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਮਾਂ-ਧੀ ਖ਼ਿਲਾਫ਼ ਕੇਸ
ਪੱਤਰ ਪ੍ਰੇਰਕ
ਤਰਨ ਤਾਰਨ, 2 ਜਨਵਰੀ
ਪਿੰਡ ਕੈਰੋਂ ਵਾਸੀ ਸੁਰਜੀਤ ਸਿੰਘ ਦੇ ਘਰ ਲਗਪਗ ਮਹੀਨਾ ਪਹਿਲਾਂ ਮਿਲਣ ਆਈਆਂ ਰਿਸ਼ਤੇਦਾਰ ਮਾਂ-ਧੀ ਖ਼ਿਲਾਫ਼ 11 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਪੱਟੀ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ| ਜਾਂਚ ਅਧਿਕਾਰੀ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਕੈਰੋਂ ਨੇੜਲੇ ਪਿੰਡ ਨੰਦਪੁਰ ਦੀ ਵਸਨੀਕ ਕੰਵਲਜੀਤ ਕੌਰ ਅਤੇ ਉਸਦੀ ਲੜਕੀ ਨਵਦੀਪ ਕੌਰ ਦੇ ਨਾਂ ਸ਼ਾਮਲ ਹਨ| ਸੁਰਜੀਤ ਸਿੰਘ ਨੇ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਉਸਦੀ ਪਤਨੀ ਹਰਜਿੰਦਰ ਕੌਰ ਦੇ ਮਾਮੇ ਦੀ ਲੜਕੀ ਕੰਵਲਜੀਤ ਕੌਰ ਅਤੇ ਉਸਦੀ ਲੜਕੀ ਨਵਦੀਪ ਕੌਰ ਉਨ੍ਹਾਂ ਨੂੰ 1 ਦਸੰਬਰ ਨੂੰ ਮਿਲਣ ਲਈ ਘਰ ਆਈਆਂ ਸਨ| ਨਵਦੀਪ ਕੌਰ ਨੇ ਉਨ੍ਹਾਂ ਦੇ ਘਰ ਲੱਗੇ ਸੀਸੀਟੀਵੀ ਕੈਮਰੇ ਦਾ ਪਾਸਵਰਡ ਨੋਟ ਕਰ ਲਿਆ ਤੇ ਦੋਵੇਂ ਅਗਲੇ ਦਿਨ 2 ਦਸੰਬਰ ਨੂੰ ਉਨ੍ਹਾਂ ਦੇ ਘਰੋਂ ਪਰਤ ਗਈਆਂ| ਜਿਵੇਂ ਹੀ ਉਨ੍ਹਾਂ ਆਪਣੇ ਘਰ ਦੀਆਂ ਅਲਮਾਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਤਾਂ ਉਨ੍ਹਾਂ ਦੇ ਘਰੋਂ 11 ਤੋਲਾ ਸੋਨੇ ਦੇ ਗਹਿਣੇ ਗੁੰਮ ਸਨ| ਸੁਰਜੀਤ ਸਿੰਘ ਨੇ ਇਹ ਮਾਮਲਾ ਆਪਣੇ ਰਿਸ਼ਤੇਦਾਰਾਂ ਕੋਲ ਉਠਾਇਆ| ਇਸੇ ਦੌਰਾਨ ਨਵਦੀਪ ਕੌਰ ਨੇ ਸੀਸੀਟੀਵੀ ਕੈਮਰੇ ਦਾ ਪਾਸਵਰਡ ਵਰਤ ਕੇ ਗਹਿਣੇ ਚੋਰੀ ਕਰਨ ਦੀ ਫੁਟੇਜ ਡਿਲੀਟ ਕਰ ਦਿੱਤੀ| ਰਿਸ਼ਤੇਦਾਰਾਂ ਨੇ ਦੋਵਾਂ ਧਿਰਾਂ ਨੂੰ ਸਾਂਝੇ ਥਾਂ ’ਤੇ ਮਾਮਲੇ ਦਾ ਨਿਪਟਾਰਾ ਕਰਨ ਲਈ ਬੁਲਾਇਆ ਪਰ ਵਾਰ-ਵਾਰ ਬੁਲਾਉਣ ਦੇ ਬਾਵਜੂਦ ਉਹ ਦੋਵੇਂ ਨਹੀਂ ਪੁੱਜੀਆਂ| ਸੁਰਜੀਤ ਸਿੰਘ ਨੇ ਇਸ ਸਬੰਧੀ ਪੁਲੀਸ ਤੱਕ ਪਹੁੰਚ ਕੀਤੀ| ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਕਰਨ ਤੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਗਏ ਹਨ|