ਗਹਿਣੇ ਚੋਰੀ: ਇਨਸਾਫ਼ ਲਈ ਭਟਕ ਰਿਹੈ ਬੀਐੱਸਐੱਫ਼ ਜਵਾਨ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 25 ਦਸੰਬਰ
ਸੋਨਾ ਚੋਰੀ ਦੀ ਵਾਰਦਾਤ ਦਾ ਸ਼ਿਕਾਰ ਹੋਇਆ ਬੀਐੱਸਐੱਫ਼ ਦਾ ਇੱਕ ਜਵਾਨ ਇਨਸਾਫ਼ ਲੈਣ ਲਈ ਪਿਛਲੇ ਇੱਕ ਮਹੀਨੇ ਤੋਂ ਆਪਣੀ ਪਤਨੀ ਨੂੰ ਨਾਲ ਲੈ ਕੇ ਸਥਾਨਕ ਪੁਲੀਸ ਅਧਿਕਾਰੀਆਂ ਦੇ ਚੱਕਰ ਕੱਟ ਰਿਹਾ ਹੈ। ਹਾਲਾਂਕਿ ਚੋਰੀ ਦੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਚੁੱਕੀ ਹੈ ਅਤੇ ਮੁਲਜ਼ਮ ਔਰਤਾਂ ਦੀ ਪਛਾਣ ਵੀ ਕਰ ਲਈ ਗਈ ਹੈ ਪਰ ਮੁਲਜ਼ਮ ਔਰਤਾਂ ਕੋਲੋਂ ਸੋਨੇ ਦੇ ਗਹਿਣੇ ਅਜੇ ਤੱਕ ਬਰਾਮਦ ਨਹੀਂ ਕੀਤੇ ਗਏ ਹਨ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਦੋਵੇਂ ਮੁਲਜ਼ਮ ਔਰਤਾਂ ਵਿਚੋਂ ਇੱਕ ਔਰਤ ਨੇ ਪੁਲੀਸ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ ਪਰ ਉਸ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਛੱਡ ਦਿੱਤਾ ਗਿਆ ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਹੁਣ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬੀਐੱਸਐੱਫ਼ ਦਾ ਇਹ ਜਵਾਨ ਪਰਮਜੀਤ ਸਿੰਘ ਪਿਛਲੇ ਮਹੀਨੇ 24 ਨਵੰਬਰ ਨੂੰ ਆਪਣੀ ਪਤਨੀ ਪ੍ਰਭਜੋਤ ਕੌਰ ਦੇ ਨਾਲ ਇਥੇ ਇੱਕ ਵਿਆਹ ਸਮਾਗਮ ਵਿਚ ਸ਼ਿਰਕਤ ਕਰਨ ਲਈ ਫ਼ਾਜ਼ਿਲਕਾ ਤੋਂ ਆਇਆ ਸੀ। ਵਾਪਸ ਜਾਣ ਵੇਲੇ ਜਦੋਂ ਇਹ ਪਰਿਵਾਰ ਸ਼ਹਿਰ ਦੇ ਬੱਸ ਸਟੈਂਡ ਤੋਂ ਬੱਸ ’ਚ ਬੈਠਣ ਲੱਗਾ ਤਾਂ ਦੋ ਔਰਤਾਂ ਨੇ ਉਸ ਦੀ ਪਤਨੀ ਦੇ ਬੈਗ ਵਿਚੋਂ ਸੋਨੇ ਦੇ ਗਹਿਣਿਆਂ ਵਾਲਾ ਛੋਟਾ ਬੈਗ ਚੋਰੀ ਕਰ ਲਿਆ। ਬੀਐੱਸਐੱਫ਼ ਜਵਾਨ ਦੀ ਪਤਨੀ ਨੂੰ ਸ਼ੱਕ ਹੋਇਆ ਤਾਂ ਉਸਨੇ ਤੁਰੰਤ ਆਪਣਾ ਬੈਗ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਸ ਦਾ ਕਰੀਬ ਛੇ ਤੋਲੇ ਸੋਨਾ ਚੋਰੀ ਹੋ ਚੁੱਕਾ ਹੈ। ਪਰਮਜੀਤ ਤੇ ਉਸ ਦੀ ਪਤਨੀ ਬੱਸ ਤੋਂ ਹੇਠਾਂ ਉਤਰ ਆਏ ਤੇ ਬੱਸ ਸਟੈਂਡ ਤੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਨ ’ਤੇ ਚੋਰੀ ਕਰਨ ਵਾਲੀਆਂ ਦੋ ਔਰਤਾਂ ਦਾ ਪਤਾ ਲੱਗ ਗਿਆ। ਇਹ ਦੋਵੇਂ ਪਤੀ-ਪਤਨੀ ਥਾਣਾ ਸਿਟੀ ਚਲੇ ਗਏ ਤੇ ਪੁਲੀਸ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਨੇ ਦੋਵਾਂ ਔਰਤਾਂ ਵਿਚੋਂ ਇੱਕ ਨੂੰ ਉਸ ਦੇ ਪਿੰਡ ਜਾ ਕੇ ਕਾਬੂ ਕਰ ਲਿਆ ਤੇ ਥਾਣੇ ਲੈ ਆਂਦਾ। ਉਸ ਔਰਤ ਨੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਪੁਲੀਸ ਨੂੰ ਦੱਸਿਆ ਕਿ ਸੋਨੇ ਦੇ ਗਹਿਣੇ ਉਸ ਦੀ ਦੂਜੀ ਸਾਥਣ ਕੋਲ ਹਨ। ਇਸ ਔਰਤ ਦੇ ਇਕਬਾਲੀਆ ਬਿਆਨ ਦੀ ਇੱਕ ਵੀਡੀਓ ਵੀ ਪੀੜਤ ਪਰਿਵਾਰ ਕੋਲ ਮੌਜੂਦ ਹੈ। ਪੀੜਤ ਪਰਿਵਾਰ ਦੇ ਦੱਸਣ ਮੁਤਾਬਿਕ ਪੁਲੀਸ ਨੇ ਬਾਅਦ ਵਿੱਚ ਇਸ ਮੁਲਜ਼ਮ ਔਰਤ ਨੂੰ ਛੱਡ ਦਿੱਤਾ ਤੇ ਦੂਜੀ ਔਰਤ ਨੂੰ ਵੀ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਇਸ ਬਾਰੇ ਐੱਸਐੱਸਪੀ ਸੋਮਿਆ ਮਿਸ਼ਰਾ ਨੂੰ ਵੀ ਸ਼ਿਕਾਇਤ ਕੀਤੀ ਹੈ, ਜਿਨ੍ਹਾਂ ਨੇ ਇਸਦੀ ਜਾਂਚ ਦੀ ਜ਼ਿੰਮੇਵਾਰੀ ਐੱਸਪੀ ਰਣਧੀਰ ਕੁਮਾਰ ਨੂੰ ਸੌਂਪ ਦਿੱਤੀ ਹੈ। ਹੈਰਾਨੀ ਦੀ ਗੱਲ ਹੈ ਕਿ ਥਾਣਾ ਸਿਟੀ ਪੁਲੀਸ ਨੇ ਸਾਰੇ ਸਬੂਤ ਹੋਣ ਦੇ ਬਾਵਜੂਦ ਮੁਲਜ਼ਮਾਂ ਔਰਤਾਂ ਦੇ ਖ਼ਿਲਾਫ਼ ਪਰਚਾ ਦਰਜ ਕਰਨ ਦੀ ਬਜਾਏ ਅਣਪਛਾਤੇ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਇਸ ਕੇਸ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਹੈ।
ਐੱਸਪੀ ਰਣਧੀਰ ਕੁਮਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਸਪੈਸ਼ਲ ਜਾਂਚ ਲਈ ਡੀਐੱਸਪੀ ਸਿਟੀ ਦੀ ਡਿਊਟੀ ਲਾਈ ਗਈ ਹੈ ਤੇ ਛੇਤੀ ਹੀ ਸਾਰੀ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ।