ਗਲੇਸ਼ੀਅਰ ਹੇਠਲਾ ਲਾਵਾ ਹੈ ਰੰਗਮੰਚ ਦੀ ਨੱਕੜਦਾਦੀ ਮਨਜੀਤ ਔਲਖ
ਅਮੋਲਕ ਸਿੰਘ
ਪੰਜਾਬੀ ਰੰਗਮੰਚ ਦੀ ਨੱਕੜਦਾਦੀ ਮਨਜੀਤ ਕੌਰ ਔਲਖ ਦੇ ਦਾਦਕੇ, ਨਾਨਕੇ ਅਤੇ ਸਹੁਰੇ ਘਰ ਦਾ ਇੱਕੋ ਸਿਰਨਾਵਾਂ ਹੈ, ਰੰਗਮੰਚ। ਬਚਪਨ ਅਤੇ ਜ਼ੋਬਨ ਰੁੱਤੇ ਜਿਸ ਮਨਜੀਤ ਲਈ ਰੰਗਮੰਚ ਦੇ ਦਰਸ਼ਕ ਹੋਣਾ ਵੀ ਜੋਖ਼ਮ ਭਰਿਆ ਸੀ, ਅੱਜ ਉਹ ਰੰਗਮੰਚ ਦੇ ਸੂਹੇ ਸੂਰਜ ਦਾ ਸਿਰਨਾਵਾਂ ਹੈ। ਉਹਨਾਂ ਦੀ ਉਂਗਲ ਫੜ ਕੇ ਉਹਨਾਂ ਦੇ ਜੀਵਨ ਸਾਥੀ ਪ੍ਰੋ. ਅਜਮੇਰ ਸਿੰਘ ਔਲਖ ਨੇ ਰੰਗਮੰਚ ਦੀਆਂ ਪੌੜੀਆਂ ‘ਤੇ ਪੱਬ ਧਰਨ ਦੀ ਅਜਿਹੀ ਜਾਚ ਸਿਖਾਈ, ਮਨਜੀਤ ਦੀ ਜਿ਼ੰਦਗੀ ਦਾ ਨਾਂ ਰੰਗਮੰਚ ਹੋ ਗਿਆ।
84 ਵਰ੍ਹਿਆਂ ਦੀ ਮਨਜੀਤ ਕੌਰ ਔਲਖ ਨੇ ਹੁਣ ਤੱਕ ਦੀ ਆਪਣੀ ਜ਼ਿੰਦਗੀ ਦੇ ਸਫ਼ਰ ਦੀ ਅੱਧੀ ਸਦੀ ਰੰਗਮੰਚ ਲੇਖੇ ਲਾਈ ਹੈ। ਪ੍ਰੋ. ਅਜਮੇਰ ਸਿੰਘ ਔਲਖ ਅਤੇ ਲਾਡਲੀ ਧੀ ਸੁਹਜਦੀਪ ਦੇ ਦਰਦ ਵਿਛੋੜੇ ਕਾਰਨ ਪਰਬਤੋਂ ਭਾਰੀ ਸਦਮੇ ਦੇ ਬੱਦਲਾਂ ਵਿਚ ਮਨਜੀਤ ਔਲਖ ਲਈ ਚਾਨਣ ਦੀ ਲੀਕ ਦਾ ਕੰਮ ਕੀਤਾ ਰੰਗਮੰਚ ਨੇ। ਮਨਜੀਤ ਔਲਖ ਨੇ ਪ੍ਰੋ.ਔਲਖ ਦੇ ਰੰਗਮੰਚ ਦੇ ਅਗਲੇ ਸਫ਼ਰ ਲਈ ਇੰਜਣ ਦਾ ਕੰਮ ਕੀਤਾ। ਉਸ ਨੇ ਰੰਗਮੰਚ ਤੋਂ ਖੜ੍ਹ ਕੇ ਖੂਬਸੂਰਤ ਜ਼ਿੰਦਗੀ ਦਾ ਮੌਸਮ ਲਿਆਉਣ ਲਈ ਹੋਰਾਂ ਨੂੰ ਅੱਗੇ ਆਉਣ ਦੀ ਆਵਾਜ਼ ਮਾਰਨ ਤੋਂ ਪਹਿਲਾਂ ਆਪਣੇ ਪੂਰੇ ਪਰਿਵਾਰ ਨੂੰ ਰੰਗਮੰਚ ਦੀਆਂ ਸੇਵਾਵਾਂ ਲਈ ਅਰਪਤ ਕੀਤਾ। ਉਹਨਾਂ ਦੀਆਂ ਤਿੰਨੇ ਧੀਆਂ ਸੁਪਨਦੀਪ, ਸੁਹਜਦੀਪ, ਅਜ਼ਮੀਤ ਉਹਨਾਂ ਦੇ ਜੀਵਨ ਸਾਥੀਆਂ ਮਨਜੀਤ ਸਿੰਘ ਚਾਹਿਲ, ਗੁਰਵਿੰਦਰ ਬਰਾੜ ਅਤੇ ਸੁਭਾਸ਼ ਬਿੱਟੂ ਰੰਗਮੰਚੀ ਸਰਗਰਮੀਆਂ ਨਾਲ਼ ਜੁੜੇ ਆ ਰਹੇ ਹਨ। ਉਹਨਾਂ ਦੇ ਦੋਹਤੇ ਦੋਹਤੀਆਂ ਵੀ ਰੰਗਮੰਚ ਦੇ ਰੰਗ ‘ਚ ਰੰਗੇ ਹੋਏ ਹਨ।
ਮਨਜੀਤ ਔਲਖ ਦੇ ਪਰਿਵਾਰਕ ਪਿਛੋਕੜ, ਬਚਪਨ, ਵਿੱਦਿਆ, ਵਿਆਹੁਤਾ ਜੀਵਨ ਅਤੇ ਰੰਗਮੰਚ ਦੀ ਕਰਮਭੂਮੀ ਉਪਰ ਪੰਛੀ ਝਾਤ ਮਾਰਿਆਂ ਗਹਿਰ ਗੰਭੀਰ ਸਫ਼ੇ ਨਜ਼ਰੀਂ ਪੈਂਦੇ ਹਨ। ਉਹਨਾਂ ਦਾ ਜਨਮ 27 ਫਰਵਰੀ 1939 ਨੂੰ ਨਾਨਕਾ ਪਿੰਡ ਚੋਟੀਆਂ (ਬਠਿੰਡਾ) ਵਿਚ ਹੋਇਆ। ਅੱਜ ਕੱਲ੍ਹ ਜ਼ਿਲ੍ਹਾ ਬਠਿੰਡਾ ‘ਚ ਪੈਂਦਾ ਉਹਨਾਂ ਦਾ ਪੇਕਾ ਪਿੰਡ ਦਾਨ ਸਿੰਘ ਵਾਲਾ ਉਸ ਵੇਲੇ ਫਰੀਦਕੋਟ ਰਿਆਸਤ ਦਾ ਪਿੰਡ ਸੀ ਜਿੱਥੇ ਮਾਂ ਹਰਨਾਮ ਕੌਰ ਪਿਤਾ ਨੰਦ ਸਿੰਘ ਦੇ ਘਰ ਉਹਨਾਂ ਨੇ ਬਚਪਨ, ਜੁਆਨੀ ਅਤੇ ਵਿੱਦਿਆ ਹਾਸਲ ਕਰਨ ਦਾ ਸਮਾਂ ਗੁਜ਼ਾਰਿਆ। ਤਿੰਨ ਭੈਣਾਂ ਦੀ ਵਿਚਕਾਰਲੀ ਭੈਣ ਸੀ ਮਨਜੀਤ।
ਸਾਡੇ ਜਗੀਰੂ ਅਤੇ ਮੱਧਯੁਗੀ ਬੰਧਨਾ ‘ਚ ਬੱਝੇ ਨਿਜ਼ਾਮ ਦੀ ਪੈਦਾਇਸ਼ ਪੁਰਾਤਨ ਸੋਚਾਂ ਕਾਰਨ ਘਰ ਦਾ ਵਾਤਾਵਰਨ ਦਮ ਘੁੱਟਵਾਂ ਸੀ। ਤਿੰਨ ਕੁੜੀਆਂ ਦੇ ਜਨਮ ਲੈਣ ਕਾਰਨ ਮਨਜੀਤ ਦੀ ਅਨਪੜ੍ਹ ਮਾਂ ਨੂੰ ਤਿੱਖੇ ਤੀਰਾਂ ਦੀ ਵਾਛੜ ਝੱਲਣੀ ਪੈਂਦੀ ਸੀ। ਉੱਚੀ ਬੋਲਣਾ, ਸਿਰ ਘੁਮਾਉਣਾ ਅਤੇ ਭਾਂਡੇ ਖੜਕਣਾ ਵਰਗੀਆਂ ਘਟਨਾਵਾਂ ਘਰ ‘ਚ ਆਮ ਹੀ ਸਨ। ਮਨਜੀਤ ਔਲਖ ਦੀ ਮਾਂ ਦੀ ਕੁੱਖੋਂ ਮੁੰਡਾ ਨਾ ਹੋਣ ਕਾਰਨ ਉਸ ਨੂੰ ਜ਼ਲੀਲ ਕੀਤਾ ਜਾਂਦਾ। ਅਜਿਹੇ ਮਾਹੌਲ ਕਾਰਨ ਮਨਜੀਤ ਔਲਖ ਦੀ ਮਾਂ ਨੂੰ ਆਪਣੇ ਮਾਪਿਆਂ ਦੇ ਗਲ਼ ਲੱਗਣ ਲਈ ਮਜਬੂਰ ਹੋਣਾ ਪਿਆ। ਮਨਜੀਤ ਵੱਲ ਤਾਈਆਂ ਚਾਚੀਆਂ ਨੇ ਵੀ ਪਾਲਣ-ਪੋਸ਼ਣ ਪੱਖੋਂ ਵਿਸ਼ੇਸ਼ ਤਵੱਜੋਂ ਨਾ ਦਿੱਤੀ। ਪਿਤਾ ਦਾ ਸੁਭਾਅ ਕੁਰੱਖ਼ਤ ਸੀ। ਮਾਂ ਦੀ ਕੁੱਟ-ਮਾਰ ਆਮ ਗੱਲ ਸੀ। ਅਜਿਹੇ ਮਾਹੌਲ ਵਿਚ ਮਨਜੀਤ ਦੀ ਜ਼ਿੰਦਗੀ ਨੂੰ ਚਾਨਣ ਦੀ ਤਲਾਸ਼ ਸੀ। ਉਹਨਾਂ ਦਾ ਪਿਤਾ ਫਰੀਦਕੋਟ ਦੇ ਰਾਜੇ ਦੀ ਪੁਲੀਸ ਵਿਚ ਸੀ। ਜ਼ਿੰਦਗੀ ‘ਤੇ ਛਾਏ ਹਨੇਰ ਵਿਚ ਅੱਖਰਾਂ ਦੀ ਲੋਅ ਵਿਚੋਂ ਮਾਰਗ ਲੱਭਦੀ ਮਨਜੀਤ ਨੇ ਅੱਠਵੀਂ ਜਮਾਤ ਤੱਕ ਦੀ ਪੜ੍ਹਾਈ ਫਰੀਦਕੋਟ ਤੋਂ ਕੀਤੀ। ਨੌਵੀਂ ਅਤੇ ਦਸਵੀਂ ਐੱਚਐੱਸ ਨੈਸ਼ਨਲ ਹਾਈ ਸਕੂਲ ਜੈਤੋ, ਬੀਏ ਰਾਜਿੰਦਰਾ ਕਾਲਜ ਬਠਿੰਡਾ ਅਤੇ ਬੀਐਡ ਦੇਵ ਸਮਾਜ ਕਾਲਜ ਫਿਰੋਜ਼ਪੁਰ ਤੋਂ 1962-63 ‘ਚ ਕੀਤੀ। ਉਹਨਾਂ ਪੰਚਾਇਤ ਦੀ ਅਪੀਲ ‘ਤੇ ਪਹਿਲਾਂ ਨੰਦਗੜ੍ਹ ਸਕੂਲ ‘ਚ ਸੇਵਾ ਨਿਭਾਈ। ਬਲਾਕ ਵਿਕਾਸ ਵਿਭਾਗ ‘ਚ ਪਹਿਲੀ ਨਿਯੁਕਤੀ ਗੂਹਲਾ ਚੀਕਾ ਹੋਈ ਜੋ ਉਸ ਵੇਲੇ ਪੰਜਾਬ ਦਾ ਹੀ ਹਿੱਸਾ ਸੀ।
1967 ਵਿਚ ਪ੍ਰੋ. ਅਜਮੇਰ ਸਿੰਘ ਔਲਖ ਦੀ ਜੀਵਨ ਸਾਥੀ ਬਣਨ ਉਪਰੰਤ ਜਿੱਥੇ ਨਵ-ਜੀਵਨ ਦੀ ਸ਼ੁਰੂਆਤ ਹੋਈ ਉੱਥੇ ਰੰਗਮੰਚ ਨਾਲ ਵੀ ਜ਼ਿੰਦਗੀ ਭਰ ਦੀ ਜੋਟੀ ਪੈ ਗਈ। 1979 ਦੀ ਗੱਲ ਹੈ ਜਦੋਂ ਲੋਕ ਕਲਾ ਮੰਚ ਮਾਨਸਾ ਦੀ ਟੀਮ ਨੇ ਦਿੱਲੀ ਨਾਟਕ ਕਰਨ ਜਾਣਾ ਸੀ ਤਾਂ ਕਲਾਕਾਰ ਕੁੜੀ ਨੂੰ ਘਰਦਿਆਂ ਨੇ ਖੜ੍ਹੇ ਪੈਰ ਰੋਕ ਲਿਆ। ਦਿੱਲੀ ਨਾਟਕ ਸ਼ੋਅ ਤਾਂ ਜਿਵੇਂ ਕਿਵੇਂ ਨੇਪਰੇ ਚਾੜ੍ਹ ਲਿਆ ਪਰ ਉਸ ਤੋਂ ਫੌਰੀ ਬਾਅਦ ਪ੍ਰੋ. ਅਜਮੇਰ ਔਲਖ ਨੇ ਮਨਜੀਤ ਨੂੰ ਰੰਗਮੰਚ ਦੀਆਂ ਪੌੜੀਆਂ ਚੜ੍ਹਨ ਦਾ ਮਾਰਗ ਦਰਸਾਇਆ। ਮਾਨਸਾ ਲਾਗੇ ਪਿੰਡ ਖੋਖਰ ਕਲਾਂ ਵਿਚ ਖੇਡੇ ਨਾਟਕ ‘ਬੇਗਾਨੇ ਬੋਹੜ ਦੀ ਛਾਂ’ ਵਿਚ ਮਨਜੀਤ ਔਲਖ ਨੇ ਪਹਿਲੀ ਵਾਰ ਭੂਮਿਕਾ ਨਿਭਾਈ। ਉਸੇ ਸ਼ਾਮ ਫਰੀਦਕੋਟ ਵਿਖੇ ਭਾਸ਼ਾ ਵਿਭਾਗ ਵੱਲੋਂ ਸੀਨੀਅਰ ਵਰਗ ਦੇ ਮੁਕਾਬਲੇ ਵਿਚ ਇਨਾਮ ਹਾਸਲ ਕੀਤਾ। ਰੰਗਮੰਚ ਦੇ ਸਫ਼ਰ ‘ਤੇ ਉਹਨਾਂ ਦੇ ਸਿਦਕ ਨੂੰ ਸਲਾਮ! ਜਿਨ੍ਹਾਂ ਨੇ ਉੱਬੜ ਖਾਬੜ ਰਾਹਾਂ ਵਿਚ ਤੁਰਦਿਆਂ ਕਦੇ ਆਰਾਮ ਲਈ ਪਿੱਛੇ ਮੁੜ ਕੇ ਨਹੀਂ ਤੱਕਿਆ।
ਉਹਨਾਂ ਨੇ ਦੂਜੀ ਨੌਕਰੀ ਖੋਖਰ ਕਲਾਂ (ਮਾਨਸਾ) ਵਿਖੇ ਬਤੌਰ ਅਧਿਆਪਕ ਕੀਤੀ। ਇਹ ਵੀ ਮੌਕਾ ਮੇਲ ਹੀ ਹੈ ਕਿ ਇਹ ਉਹੀ ਪਿੰਡ ਸੀ ਜਿੱਥੇ ਮਨਜੀਤ ਨੇ ਪਹਿਲੀ ਵਾਰ ਨਾਟਕ ‘ਬੇਗਾਨੇ ਬੋਹੜ ਦੀ ਛਾਂ’ ਵਿਚ ਕੰਮ ਕੀਤਾ ਸੀ। ਇਸ ਉਪਰੰਤ ‘ਤੁਝਕੋ ਚਲਨਾ ਹੋਗਾ’ ਗੀਤ ਗਾਉਂਦਿਆਂ ਤੁਰਦੇ ਤੁਰਦੇ ਮਨਜੀਤ ਅਤੇ ਰੰਗਮੰਚ ਇੱਕ ਜਿ਼ੰਦ ਇੱਕ ਜਾਨ ਹੋ ਗਏ। ਤਿੰਨ ਵਾਰ ਕੈਨੇਡਾ ਜਾ ਕੇ ਉਥੇ ਪਾਤਰ ਤਿਆਰ ਕਰ ਕੇ ਨਾਟਕ ਖੇਡੇ। ਦਿੱਲੀ ਕਿਸਾਨ ਮੋਰਚੇ ਮੌਕੇ ਤੜਕੇ 4 ਵਜੇ ਤੋਂ ਵੀ ਪਹਿਲਾਂ ਤਿਆਰ ਹੋ ਕੇ ਟੀਮ ਲੈ ਕੇ ਨਾਟਕ ਕਰਨ ਪੁੱਜ ਜਾਂਦੇ। ‘ਐਂ ਕਿਵੇਂ ਖੋਹ ਲਓਂਗੇ ਜ਼ਮੀਨਾਂ ਸਾਡੀਆਂ’ ਨਾਟਕ ਦਿੱਲੀ ਮੋਰਚੇ ਮੌਕੇ ਟਿੱਕਰੀ ਬਾਰਡਰ ‘ਤੇ ਗ਼ਦਰੀ ਗੁਲਾਬ ਕੌਰ ਮੰਚ ਅਤੇ ਹੋਰਨਾਂ ਥਾਵਾਂ ਤੇ ਲੱਗੇ ਮੋਰਚਿਆਂ ਤੇ ਕਰਨ ਮਗਰੋਂ ਹਰਿਆਣੇ ਦੇ ਪਿੰਡਾਂ ‘ਚ ਨਾਟਕ ਟੀਮ ਛਾ ਗਈ। ਇੱਕ ਦਿਨ ‘ਚ ਤਿੰਨ ਤਿੰਨ ਪਿੰਡਾਂ ‘ਚ ਨਾਟਕ ਖੇਡਣੇ। ਇਸ ਮੁਹਿੰਮ ਮੌਕੇ ਕੋਈ 35 ਪਿੰਡਾਂ ਵਿਚ ਨਾਟਕ ਖੇਡੇ।
ਉਹਨਾਂ ਨੇ ਬੇਗਾਨੇ ਬੋਹੜ ਦੀ ਛਾਂ, ਜਦੋਂ ਬੋਹਲ ਰੋਂਦੇ ਹਨ, ਇੱਕ ਰਮਾਇਣ ਹੋਰ, ਇੱਕ ਸੀ ਦਰਿਆ, ਤੂੜੀ ਵਾਲਾ ਕੋਠਾ, ਭੱਜੀਆਂ ਬਾਹਾਂ, ਸੁੱਕੀ ਕੁੱਖ, ਕਿਹਰ ਸਿੰਘ ਦੀ ਮੌਤ, ਕੋਈ ਹਰਿਓ ਬੂਟ, ਸੱਸ ਚੰਦਰੀ ਦਾ ਭੂਤ, ਨਿਊ ਜੜ੍ਹ, ਚਾਨਣ ਦੇ ਵਣਜਾਰੇ, ਗਾਨੀ, ਝਨਾ ਦੇ ਪਾਣੀ, ਤਰੇੜਾਂ, ਹਨੇਰ ਕੋਠੜੀ, ਆਪਣਾ ਆਪਣਾ ਹਿੱਸਾ, (ਪ੍ਰੋ. ਵਰਿਆਮ ਸਿੰਘ ਸੰਧੂ ਦੀ ਕਹਾਣੀ ‘ਤੇ ਆਧਾਰਿਤ) ਐਂ ਕਿਵੇਂ ਖੋਹ ਲਓਂਗੇ ਜ਼ਮੀਨਾਂ ਸਾਡੀਆਂ, ਅੰਨ੍ਹੇ ਨਿਸ਼ਾਨਚੀ, ਮਿੱਟੀ ਕੀਹਦੀ ਮਾਂ, ਖਿਡੌਣਾ, ਅੱਧ ਚਾਨਣੀ ਰਾਤ, ਐਸੇ ਜਨ ਵਿਰਲੇ ਸੰਸਾਰੇ, ਆਦਿ ਨਾਟਕਾਂ ਵਿਚ ਪ੍ਰਭਾਵਸ਼ਾਲੀ ਕੰਮ ਕੀਤਾ। ਮਨਜੀਤ ਔਲਖ ਨੂੰ ਸਮਾਜ ਅੰਦਰ ਰੰਗਮੰਚ ਦੀ ਭੂਮਿਕਾ ਉਪਰ ਨਾਜ਼ ਹੈ। ਉਹ ਸਮਝਦੇ ਨੇ ਕਿ ਗੱਡਿਆਂ, ਰੇੜ੍ਹੀਆਂ, ਥੜ੍ਹਿਆਂ ਅਤੇ ਨਾਟ ਸ਼ਾਲਾ ‘ਚ ਹੁੰਦਾ ਰੰਗਮੰਚ ਅਸਲ ‘ਚ ਲੋਕ ਮਨਾਂ ਦੇ ਵਿਹੜਿਆਂ ਉੱਪਰ ਹੋਣ ਕਰਕੇ ਕਦੇ ਵੀ ਮਿਟੇਗਾ ਨਹੀਂ।
ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਯਾਦਗਾਰੀ ਪੁਰਸਕਾਰ ਨਾਲ 10 ਜੂਨ 2023 ਨੂੰ ਇਪਸਾ ਆਸਟਰੇਲੀਆ ਅਤੇ ਸਾਹਿਤ ਕਲਾ ਜਲੰਧਰ ਵੱਲੋਂ ਮਨਜੀਤ ਔਲਖ ਦਾ ਸਨਮਾਨ ਉਹਨਾਂ ਦਾ ਕੱਦ ਅਤੇ ਉਹਨਾਂ ਦੀ ਸਖ਼ਤ ਘਾਲਣਾ ਕਾਰਨ ਇੱਕ ਤਰ੍ਹਾਂ ਸਮੁੱਚੇ ਰੰਗਮੰਚ ਅਤੇ ਇਨਸਾਫ਼ ਪਸੰਦ, ਲੋਕ ਪੱਖੀ ਜਮਹੂਰੀ ਲਹਿਰ ਦਾ ਸਨਮਾਨ ਹੈ।
ਸੰਪਰਕ: 98778-68710