ਗਲੀ ਪੱਕੀ ਹੋਣ ’ਤੇ ਘਰ ਦੀ ਕੰਧ ’ਤੇ ਲਗਵਾਇਆ ਉਦਘਾਟਨੀ ਪੱਥਰ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 31 ਜਨਵਰੀ
ਪਿੰਡ ਬਾਂਡੀ ਦੇ ਬਿੰਦਰ ਸਿੰਘ ਤੇ ਗੁਰਮੀਤ ਸਿੰਘ ਨੇ ਆਪਣੇ ਘਰ ਦੀ ਬਾਹਰਲੀ ਕੰਧ ’ਤੇ ਮੁੱਖ ਮੰਤਰੀ ਦੇ ਨਾਮ ਵਾਲਾ ਉਦਘਾਟਨੀ ਪੱਥਰ ਲਾ ਕੇ ਅਨੋਖਾ ਕੰਮ ਕੀਤਾ ਹੈ। ਪੱਥਰ ਤੋਂ ਪਰਦਾ ਹਟਾਉਣ ਦੀ ਰਸਮ ਆਮ ਆਦਮੀ ਪਾਰਟੀ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਨਿਭਾਈ। ਇਨ੍ਹਾਂ ਦੋਵਾਂ ਭਰਾਵਾਂ ਨੇ ਦੱਸਿਆ ਕਿ ਪਿਛਲੇ 40 ਸਾਲਾਂ ਤੋਂ ਉਨ੍ਹਾਂ ਦੇ ਘਰ ਮੂਹਰਲੀ ਗਲੀ ਕੱਚੀ ਸੀ। ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ ’ਤੇ ਤਤਕਾਲੀ ਸਰਕਾਰਾਂ ਨੂੰ ਮਿਲ ਕੇ ਗਲੀ ਪੱਕੀ ਕਰਨ ਦਾ ਰੋਣਾ ਰੋਇਆ ਪਰ ਕਿਸੇ ਨੇ ਵੀ ਬਾਂਹ ਨਹੀਂ ਫੜੀ। ਉਨ੍ਹਾਂ ਦੱਸਿਆ ਕਿ ਗਲੀ ਪੱਕੀ ਕਰਨ ਦਾ ਮੁੱਦਾ ਹੁਣ ਉਨ੍ਹਾਂ ਨਗਰ ਸੁਧਾਰ ਟਰਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ ਕੋਲ ਉਠਾਇਆ, ਤਾਂ ਉਨ੍ਹਾਂ ਗਲੀ ਵਿੱਚ ਇੰਟਰਲਾਕਿੰਗ ਟਾਈਲਾਂ ਲੁਆਉਣ ਦਾ ਭਰੋਸਾ ਦਿੱਤਾ।
ਉਨ੍ਹਾਂ ਕਿਹਾ ਕਿ ਸ੍ਰੀ ਭੱਲਾ ਨੇ ਆਪਣਾ ਵਾਅਦਾ ਵਫ਼ਾ ਕਰਦਿਆਂ ਗਲੀ ਨੂੰ ਇੰਟਰ ਲਾਕਿੰਗ ਟਾਈਲਾਂ ਲੁਆ ਕੇ ਪੱਕੀ ਕਰ ਦਿੱਤਾ ਹੈ। ਉਨ੍ਹਾਂ ਕਿ ‘ਆਪ’ ਸਰਕਾਰ ਨੇ ਲੋਕਾਂ ਦੀ ਮੰਗ ਪੂਰੀ ਕੀਤੀ ਹੈ, ਇਸੇ ਖੁਸ਼ੀ ਵਿੱਚ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਦੇ ਨਾਂਅ ਦਾ ਉਦਘਾਟਨੀ ਪੱਥਰ ਆਪਣੇ ਘਰ ਦੀ ਚਾਰਦੀਵਾਰੀ ’ਤੇ ਲੁਆਇਆ ਹੈ। ਇਸ ਮੌਕੇ ਬਲਾਕ ਪ੍ਰਧਾਨ ਹਰਦੇਵ ਸਿੰਘ ਫੁੱਲੋ ਮਿੱਠੀ, ਸਰਪੰਚ ਗੁਰਸੇਵਕ ਸਿੰਘ, ਬੀਡੀਪੀਓ ਜਗਸਿਮਰਨ ਸਿੰਘ, ਸਰਪੰਚ ਜਗਵਿੰਦਰ ਸਿੰਘ ਮਹਿਤਾ, ਬਲਾਕ ਪ੍ਰਧਾਨ ਜਸਵੰਤ ਸਿੰਘ, ਜਸਕਰਨ ਸਿੰਘ ਬੱਲੂਆਣਾ, ਗੁਰਵਿੰਦਰ ਸਿੰਘ ਡੂੰਮਵਾਲੀ ਅਤੇ ਪੰਚਾਇਤ ਅਫ਼ਸਰ ਇਕਬਾਲ ਸਿੰਘ ਹਾਜ਼ਰ ਸਨ।