ਗਲੀ ਦੀ ਸਮੱਸਿਆ: ਦੋ ਵਿਭਾਗਾਂ ਦੀ ਖਿੱਚੋਤਾਣ ਨੇ ਲੋਕਾਂ ਨੂੰ ਵਾਹਣੀਂ ਪਾਇਆ
ਏਲਨਾਬਾਦ, 18 ਜੂਨ
ਰਾਣੀਆ ਦੇ ਵਾਰਡ ਨੰਬਰ 8 ਦੇ ਵਸਨੀਕਾਂ ਨੇ ਅੱਜ ਇੱਥੋਂ ਦੀ ਇੱਕ ਵੱਡੀ ਗਲੀ ਵਿੱਚ ਸੀਵਰੇਜ ਪਾਈਪ ਲਾਈਨ ਨਾ ਪਾਏ ਜਾਣ ਅਤੇ ਗਲੀ ਪੱਕੀ ਨਾ ਕਰਨ ’ਤੇ ਨਗਰ ਪਾਲਿਕਾ ਅਤੇ ਜਨ ਸਿਹਤ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਨ੍ਹਾਂ ਸਮੱਸਿਆਵਾਂ ਦੇ ਜਲਦੀ ਹੱਲ ਦੀ ਮੰਗ ਕੀਤੀ।
ਗੁਰਜੀਤ ਸਿੰਘ, ਓਮ ਪ੍ਰਕਾਸ਼ ਅਤੇ ਪਵਨ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਇਸ ਇਲਾਕੇ ਵਿੱਚ ਰਹਿ ਰਹੇ ਹਨ। ਅਜੇ ਤੱਕ ਨਾ ਤਾਂ ਗਲੀ ਪੱਕੀ ਕੀਤੀ ਗਈ ਹੈ ਅਤੇ ਨਾ ਹੀ ਸੀਵਰੇਜ ਲਾਈਨ ਵਿਛਾਈ ਗਈ ਹੈ ਜਿਸ ਕਾਰਨ ਇੱਥੇ ਹਰ ਸਮੇਂ ਦੂਸ਼ਿਤ ਪਾਣੀ ਇਕੱਠਾ ਹੋਇਆ ਰਹਿੰਦਾ ਹੈ ਅਤੇ ਮੱਛਰਾਂ ਦੀ ਭਰਮਾਰ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।
ਗਲੀ ਵਾਸੀਆਂ ਨੇ ਕਿਹਾ ਕਿ ਉਹ ਕਈ ਵਾਰ ਨਗਰ ਪਾਲਿਕਾ ਅਤੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮਿਲ ਕੇ ਸਮੱਸਿਆਵਾਂ ਦੱਸ ਚੁੱਕੇ ਹਨ ਪਰ ਵਿਭਾਗਾਂ ਵਿਚਕਾਰ ਆਪਸੀ ਤਾਲਮੇਲ ਦੀ ਘਾਟ ਕਾਰਨ ਅੱਜ ਤੱਕ ਨਾ ਤਾਂ ਸੀਵਰੇਜ ਲਾਈਨ ਵਿਛਾਈ ਗਈ ਹੈ ਅਤੇ ਨਾ ਹੀ ਗਲੀ ਪੱਕੀ ਕੀਤੀ ਗਈ ਹੈ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਸੀਐੱਮ ਵਿੰਡੋ ’ਤੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਜਲਦੀ ਹੱਲ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੱਲ ਨਾ ਹੋਇਆ ਤਾਂ ਉਹ ਨਗਰ ਪਾਲਿਕਾ ਦਫ਼ਤਰ ਦਾ ਘਿਰਾਓ ਕਰਨਗੇ ਅਤੇ ਸੜਕ ’ਤੇ ਆ ਕੇ ਵਿਰੋਧ ਪ੍ਰਦਰਸ਼ਨ ਕਰਨਗੇ।
ਗਲੀ ਦਾ ਟੈਂਡਰ ਤਿਆਰ: ਜੇਈ
ਜਨ ਸਿਹਤ ਵਿਭਾਗ ਦੇ ਜੇਈ ਸੁਰਿੰਦਰ ਭਾਟੀਆ ਨੇ ਕਿਹਾ ਕਿ ਇਹ ਗਲੀ ਹੋਰ ਗਲੀਆਂ ਨਾਲੋਂ ਤਿੰਨ ਫੁੱਟ ਨੀਵੀਂ ਹੈ। ਇਸ ਲਈ ਗਲੀ ਦਾ ਲੈਵਲ ਬਣਾਉਣ ਦਾ ਕੰਮ ਨਗਰ ਪਾਲਿਕਾ ਦਾ ਹੈ। ਲੈਵਲ ਸਹੀ ਹੋਣ ਤੋਂ ਬਾਅਦ ਹੀ ਸੀਵਰੇਜ ਪਾਈਪ ਲਾਈਨ ਵਿਛਾਈ ਜਾ ਸਕਦੀ ਹੈ। ਜਦੋਂ ਨਗਰਪਾਲਿਕਾ ਮਿੱਟੀ ਪਾ ਕੇ ਗਲੀ ਦਾ ਲੈਵਲ ਸਹੀ ਕਰੇਗੀ ਤਾਂ ਜਨ ਸਿਹਤ ਵਿਭਾਗ ਸੀਵਰੇਜ ਪਾਈਪ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕਰ ਦੇਵੇਗਾ। ਦੂਜੇ ਪਾਸੇ ਨਗਰ ਪਾਲਿਕਾ ਰਾਣੀਆ ਦੇ ਜੇਈ ਵਿਕਰਮ ਕੁਮਾਰ ਨੇ ਕਿਹਾ ਕਿ ਉਹ ਗਲੀ ਵਿੱਚ ਮਿੱਟੀ ਪਾਉਣ ਲਈ ਤਿਆਰ ਹਨ। ਇਸ ਗਲੀ ਦਾ ਟੈਂਡਰ ਤਿਆਰ ਹੈ।