ਗਲਾਡਾ ਤੇ ਨਿਗਮ ਵੱਲੋਂ ਪਿੰਕ ਪਲਾਜ਼ਾ ਮਾਰਕੀਟ ’ਚ ਕਈ ਦੁਕਾਨਾਂ ਸੀਲ
ਸਤਵਿੰਦਰ ਬਸਰਾ
ਲੁਧਿਆਣਾ, 30 ਜਨਵਰੀ
ਸਥਾਨਕ ਚੌੜਾ ਬਾਜ਼ਾਰ ਵਿੱਚ ਪੈਂਦੀ ਮਸ਼ਹੂਰ ਮਾਰਕੀਟ ਪਿੰਕ ਪਲਾਜ਼ਾ ਵਿੱਚ ਅੱਜ ਗਲਾਡਾ ਅਤੇ ਨਗਰ ਨਿਗਮ ਦੀ ਸਾਂਝੀ ਟੀਮ ਨੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਕਈ ਦੁਕਾਨਾਂ ਸੀਲ ਕਰ ਦਿੱਤੀਆਂ। ਇਸ ਦੌਰਾਨ ਦੁਕਾਨਦਾਰਾਂ ਨੇ ਵਿਰੋਧ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਅੱਜ ਚੌੜਾ ਬਾਜ਼ਾਰ ਵਿੱਚ ਪੈਂਦੀ ਪਿੰਕ ਪਲਾਜ਼ਾ ਮਾਰਕੀਟ ਵਿੱਚ ਕਾਰਵਾਈ ਲਈ ਗਲਾਡਾ ਅਤੇ ਨਗਰ ਨਿਗਮ ਦੀ ਟੀਮ ਪੂਰੀ ਤਿਆਰੀ ਨਾਲ ਪਹੁੰਚੀ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਪੁਲੀਸ ਬਲ ਵੀ ਮੌਜੂਦ ਸੀ। ਦੋਵਾਂ ਵਿਭਾਗਾਂ ਦੀਆਂ ਟੀਮਾਂ ਨੂੰ ਦੇਖ ਕੇ ਇਥੇ ਖੜ੍ਹੇ ਰੇਹੜੀਆਂ-ਫੜ੍ਹੀਆਂ ਵਾਲੇ ਘਬਰਾ ਕੇ ਇੱਧਰ-ਉੱਧਰ ਭੱਜਣ ਲੱਗੇ। ਉਨ੍ਹਾਂ ਆਪਣਾ ਸਾਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਪਰ ਗਲਾਡਾ ਦੀ ਟੀਮ ਪਿੰਕ ਪਲਾਜ਼ਾ ਮਾਰਕੀਟ ਗਈ ਅਤੇ ਦੁਕਾਨਾਂ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਕਾਰਵਾਈ ਦੌਰਾਨ ਦੁਕਾਨਦਾਰਾਂ ਨੂੰ ਦੁਕਾਨਾਂ ਵਿੱਚੋਂ ਸਾਮਾਨ ਤੱਕ ਨਹੀਂ ਕੱਢਣ ਦਿੱਤਾ ਗਿਆ।
ਦੁਕਾਨਦਾਰਾਂ ਵੱਲੋਂ ਟੀਮਾਂ ਨੂੰ ਕਾਰਵਾਈ ਕਰਨ ਤੋਂ ਰੋਕਣ ਲਈ ਕਈ ਤਰ੍ਹਾਂ ਨਾਲ ਵਿਰੋਧ ਜ਼ਾਹਰ ਕੀਤਾ ਗਿਆ ਪਰ ਟੀਮ ਲਗਾਤਾਰ ਕਾਰਵਾਈ ਕਰਦੀ ਰਹੀ। ਇਸ ਮੌਕੇ ਦੁਕਾਨਦਾਰਾਂ ਨੇ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਕਈ ਦੁਕਾਨਦਾਰਾਂ ਨੇ ਟੀਮ ਦੇ ਕੰਮ ਵਿੱਚ ਅੜਿੱਕਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਿਸ ਨੂੰ ਨਾਲ ਪਹੁੰਚੀ ਪੁਲੀਸ ਫੋਰਸ ਨੇ ਇੱਕ ਪਾਸੇ ਕਰ ਦਿੱਤਾ। ਇਸ ਮੌਕੇ ਪੁਲੀਸ ਅਤੇ ਦੁਕਾਨਦਾਰਾਂ ਵਿਚਾਲੇ ਹਲਕੀ ਖਿੱਚ-ਧੂਹ ਵੀ ਦੇਖਣ ਨੂੰ ਮਿਲੀ। ਦੁਕਾਨਾਂ ਸੀਲ ਕਰਨ ਤੋਂ ਬਾਅਦ ਨਗਰ ਨਿਗਮ ਦੀ ਟੀਮ ਨੇ ਬਾਹਰ ਲੱਗੀਆਂ ਫੜ੍ਹੀਆਂ ਅਤੇ ਰੇਹੜੀਆਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਜਦੋਂ ਕੁੱਝ ਲੋਕ ਅਧਿਕਾਰੀਆਂ ਨਾਲ ਬਹਿਸ ਕਰਨ ਲੱਗੇ ਤਾਂ ਮੌਕੇ ’ਤੇ ਹੀ ਕੋਤਵਾਲੀ ਦੀ ਪੁਲੀਸ ਵੀ ਪਹੁੰਚ ਗਈ।
ਥਾਣਾ ਕੋਤਵਾਲੀ ਦੇ ਇੰਸਪੈਕਟਰ ਗਗਨਦੀਪ ਸਿੰਘ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਲਗਾਤਾਰ ਪ੍ਰਦਰਸ਼ਨ ਕਰਦੇ ਰਹੇ। ਇਸ ਮੌਕੇ ਰੇਹੜੀ-ਫੜੀ ਯੂਨੀਅਨ ਦੇ ਪ੍ਰਧਾਨ ਪੱਪੀ ਨੇ ਗਲਾਡਾ ’ਤੇ ਧੱਕੇਸ਼ਾਹੀ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਰਕਾਰ ਰੇਹੜੀ-ਫੜੀ ਵਾਲਿਆਂ ਨੂੰ ਥਾਂ ਮੁਹੱਈਆ ਕਰਵਾਏ ਤਾਂ ਜੋ ਉਨ੍ਹਾਂ ਦਾ ਰੁਜ਼ਗਾਰ ਚੱਲਦਾ ਰਹਿ ਸਕੇ। ਉਨ੍ਹਾਂ ਕਿਹਾ ਕਿ ਅਧਿਕਾਰੀ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਪਰ ਉਹ ਅਜਿਹਾ ਨਹੀਂ ਹੋਣ ਦੇਣਗੇ। ਦੂਜੇ ਪਾਸੇ ਕਾਰਵਾਈ ਕਰਨ ਆਏ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਕਾਰਵਾਈ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਕੀਤੀ ਗਈ ਹੈ।