ਗਰਮੀ ਵਧਣ ਦੇ ਨਾਲ ਵਧੀ ਘੜਿਆਂ ਦੀ ਮੰਗ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 12 ਜੂਨ
ਗਰਮੀ ਵਧਣ ਨਾਲ ਮਿੱਟੀ ਦੇ ਘੜਿਆਂ ਦੀ ਮੰਗ ਵੀ ਵਧ ਗਈ ਹੈ। ਸੜਕਾਂ ਕਿਨਾਰੇ ਵੀ ਮਿੱਟੀ ਦੇ ਭਾਂਡਿਆਂ ਦੀਆਂ ਦੁਕਾਨਾਂ ਦਿਖਾਈ ਦੇਣ ਲੱਗ ਪਈਆਂ ਹਨ। ਦਿਨ ਬ ਦਿਨ ਤਾਪਮਾਨ ਵਧਣ ਕਾਰਨ ਇਸ ਖੇਤਰ ਵਿੱਚ ਮਿੱਟੀ ਦੇ ਘੜੇ ਜਿਸ ਨੂੰ ਆਮ ਬੋਲਚਾਲ ਵਿੱਚ ਦੇਸੀ ਫਰਿੱਜ ਕਿਹਾ ਜਾਂਦਾ ਹੈ, ਦੀ ਮੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ। ਮਿੱਟੀ ਦੇ ਬਣੇ ਇਹ ਦੇਸੀ ਫਰਿੱਜ ਪਾਣੀ ਨੂੰ ਕੁਦਰਤੀ ਤਰੀਕੇ ਨਾਲ ਠੰਢਾ ਕਰਕੇ ਜਲਦੀ ਪਿਆਸ ਬੁਝਾਉਣ ਦਾ ਬਦਲ ਬਣ ਰਹੇ ਹਨ। ਰਵਾਇਤੀ ਤੌਰ 'ਤੇ ਵਰਤੇ ਜਾਣ ਵਾਲੇ ਇਨ੍ਹਾਂ ਘੜਿਆਂ ਦੀ ਹਰਮਨ ਪਿਆਰਤਾ ਅੱਜ ਕੱਲ੍ਹ ਸਿਖਰ 'ਤੇ ਹੈ। ਗਰਮੀ ਵਧਣ ਦੇ ਨਾਲ ਹੀ ਬਾਜ਼ਾਰਾਂ ਅਤੇ ਸੜਕਾਂ ਕਿਨਾਰੇ ਘੜਿਆਂ ਦੀਆਂ ਦੁਕਾਨਾਂ ਸਜ ਗਈਆਂ ਹਨ। ਦੁਕਾਨਦਾਰਾਂ ਅਨੁਸਾਰ ਜੇਠ ਚੜ੍ਹਦਿਆਂ ਹੀ ਜਦ ਤਾਪਮਾਨ 40 ਡਿਗਰੀ 'ਤੇ ਪਹੁੰਚਿਆ ਸੀ ਤਾਂ ਇਨ੍ਹਾਂ ਘੜਿਆਂ ਦੀ ਵਿਕਰੀ ਅਤੇ ਮੰਗ ਵਿੱਚ ਭਾਰੀ ਵਾਧਾ ਹੋ ਗਿਆ ਸੀ । ਹੁਣ ਸਾਦੇ ਮਿੱਟੀ ਦੇ ਭਾਂਡਿਆਂ ਦੇ ਨਾਲ-ਨਾਲ ਆਧੁਨਿਕ ਡਿਜ਼ਾਈਨ ਵਾਲੇ ਭਾਂਡੇ ਵੀ ਬਾਜ਼ਾਰ ਵਿੱਚ ਉਪਲਬਧ ਹਨ। ਮਿੱਟੀ ਦੇ ਸਾਧਾਰਨ ਘੜਿਆਂ ਦੇ ਨਾਲ ਨਾਲ ਹੁਣ ਆਧੁਨਿਕ ਡਿਜ਼ਾਈਨ ਵਾਲੇ ਘੜੇ ਉਪਲਬਧ ਹਨ, ਜਿਸ ਵਿੱਚ ਟੂਟੀਆਂ ਲੱਗੀਆਂ ਹਨ। ਇਹ ਨਾ ਸਿਰਫ਼ ਦੇਖਣ ਲਈ ਆਕਰਸ਼ਕ ਹਨ, ਸਗੋਂ ਵਰਤਣ ਲਈ ਵੀ ਸੁਵਿਧਾਜਨਕ ਹਨ। ਡਾ. ਰਣਜੀਤ ਸਿੰਘ ਅਨੁਸਾਰ ਸਿਹਤ ਦ੍ਰਿਸ਼ਟੀਕੋਣ ਤੋਂ ਮਿੱਟੀ ਦੇ ਘੜੇ ਦਾ ਪਾਣੀ ਪੀਣਾ ਲਾਭਦਾਇਕ ਹੈ। ਸੁਖਵਿੰਦਰ ਸਿੰਘ ਚੁੰਘਾਂ ਦਾ ਕਹਿਣਾ ਕਿ ਮਿੱਟੀ ਦਾ ਘੜਾ ਇੱਕ ਅਜਿਹੇ ਬਦਲ ਵਜੋਂ ਉੱਭਰਿਆ ਹੈ ਜੋ ਨਾ ਤਾਂ ਬਿਜਲੀ ਦੀ ਖਪਤ ਕਰਦਾ ਹੈ, ਨਾ ਹੀ ਜ਼ਿਆਦਾ ਜਗ੍ਹਾ ਲੈਂਦਾ ਹੈ ਅਤੇ ਨਾ ਹੀ ਮਹਿੰਗਾ ਹੈ। ਕਾਰੀਗਰ ਗੁਰਮੇਲ ਸਿੰਘ ਨੇ ਦੱਸਿਆ ਕਿ ਮਿੱਟੀ ਦੀ ਘਾਟ ਅਤੇ ਮਿੱਟੀ ਦੇ ਮਹਿੰਗੇ ਭਾਅ ਕਾਰਨ ਇਸ ਵਾਰ ਭਾਅ ਥੋੜ੍ਹਾ ਵਧੇ ਹਨ।