ਗਰਮੀ ਦਾ ਕਹਿਰ: ਬਠਿੰਡਾ ’ਚ ਪਾਰਾ 44 ਡਿਗਰੀ ਨੇੜੇ ਪੁੱਜਿਆ
ਜੋਗਿੰਦਰ ਸਿੰਘ ਮਾਨ/ਮਨੋਜ ਸ਼ਰਮਾ
ਮਾਨਸਾ/ਬਠਿੰਡਾ, 15 ਮਈ
ਮਾਲਵਾ ਖੇਤਰ ਵਿੱਚ ਪਾਰਾ 44 ਡਿਗਰੀ ਤੱਕ ਪੁੱਜ ਗਿਆ ਹੈ ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਣ ਲੱਗਾ ਹੈ। ਅੱਜ ਮਾਨਸਾ ਦੇ ਬਾਜ਼ਾਰ ’ਚ 1 ਵਜੇ ਤੋਂ ਸ਼ਾਮ 5 ਵਜੇ ਤੱਕ ਪਹਿਲਾਂ ਦੇ ਮੁਕਾਬਲੇ ਲੋਕਾਂ ਦੀ ਆਵਾਜਾਈ ਲਗਪਗ ਅੱਧੀ ਰਹੀ। ਮੌਸਮ ਮਹਿਕਮੇ ਅਨੁਸਾਰ ਗਰਮੀ ਦਾ ਪ੍ਰਕੋਪ ਲਗਾਤਾਰ ਜਾਰੀ ਰਹੇਗਾ। ਇਸ ਖੇਤਰ ਵਿੱਚ ਔਸਤਨ ਤਾਪਮਾਨ ਵਿੱਚ 1.8 ਡਿਗਰੀ ਸੈਂਟੀਗਰੇਡ ਦਾ ਵਾਧਾ ਹੋਇਆ ਹੈ, ਪਰ ਬਹੁਤੇ ਜ਼ਿਲ੍ਹਿਆਂ ਦਾ ਤਾਪਮਾਨ 2 ਤੋਂ 4 ਡਿਗਰੀ ਸੈਂਟੀਗਰੇਡ ਦਰਜ ਕੀਤਾ ਗਿਆ ਹੈ। ਸਭ ਤੋਂ ਜ਼ਿਆਦਾ ਪਾਰਾ ਬਠਿੰਡਾ ਜ਼ਿਲ੍ਹੇ ’ਚ ਦਰਜ ਕੀਤਾ ਗਿਆ, ਜਿੱਥੇ ਪਾਰਾ 43.6 ਡਿਗਰੀ ਤੱਕ ਪੁੱਜ ਗਿਆ। ਮੌਸਮ ਵਿਭਾਗ ਅਨੁਸਾਰ ਮਾਨਸਾ 41.5, ਲੁਧਿਆਣਾ 41.6,ਫਰੀਦਕੋਟ 41.5 ਅਤੇ ਪਟਿਆਲਾ 41.4 ਡਿਗਰੀ ਰਿਹਾ। ਚੱਲੀਆਂ ਗਰਮ ਹਵਾਵਾਂ ਤੇ ਖੁਸ਼ਕ ਮੌਸਮ ਨੇ ਜਨਜੀਵਨ ਨੂੰ ਪ੍ਰਭਾਵਤ ਕੀਤਾ ਹੈ।
ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ ਦੇ ਬੁਲੇਟਿਨ ਅਨੁਸਾਰ ਅਗਲੇ 4-5 ਦਿਨਾਂ ਵਿੱਚ ਮੌਸਮ ਮੁੱਖ ਤੌਰ ’ਤੇ ਖੁਸ਼ਕ ਰਹਿਣ ਦੇ ਨਾਲ-ਨਾਲ ਬੱਦਲਵਾਈ ਦੀ ਆਸ ਪ੍ਰਗਟਾਈ ਗਈ ਹੈ। ਉਥੇ ਹੀ ਭਲਕੇ 16 ਮਈ ਨੂੰ ਮੌਸਮ ਦੇ ਮਿਜ਼ਾਜ ਬਦਲਣ ਦੀ ਪਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਮਾਨਸਾ ਸਮੇਤ ਬਠਿੰਡਾ, ਮੁਕਤਸਰ, ਫਰੀਦਕੋਟ, ਸੰਗਰੂਰ, ਮੋਗਾ, ਪਟਿਆਲਾ, ਫਾਜ਼ਿਲਕਾ ਆਦਿ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ, ਗਰਜ-ਚਮਕ ਤੇ ਹਲਕੇ ਮੀਂਹ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਨਾਲ ਤਾਪਮਾਨ ਵਿੱਚ ਹਲਕੀ ਗਿਰਾਵਟ ਆਉਣ ਦੇ ਅਸਾਰ ਹਨ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਵੱਧ ਤੋਂ ਵੱਧ ਤਾਪਮਾਨ 42.0 ਤੋਂ 44.0 ਸੈਂਟੀਗਰੇਡ ਅਤੇ ਘੱਟ ਤੋਂ ਘੱਟ ਤਾਪਮਾਨ 22.0 ਤੋਂ 24.0 ਡਿਗਰੀ ਸੈਂਟੀਗਰੇਡ ਦੇ ਵਿਚਕਾਰ ਰਹਿਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਹਵਾ ਵਿੱਚ ਨਮੀਂ ਦੀ ਔਸਤ 51-20 ਫੀਸਦੀ ਅਤੇ ਹਵਾਵਾਂ ਦੀ ਰਫ਼ਤਾਰ 7 ਤੋਂ 17 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਅਨੁਮਾਨ ਹੈ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਇੱਕ ਦਮ ਗਰਮੀ ਵਧਣ ਨਾਲ ਲੋਕ ਘਰਾਂ ਚ ਰਹਿਣ ਲਈ ਮਜਬੂਰ ਹਨ। ਦੁਕਾਨਦਾਰਾਂ ਮੁਤਾਬਿਕ ਸਵੇਰੇ-ਸ਼ਾਮ ਹੀ ਗਾਹਕ ਹੁੰਦਾ ਹੈ। ਇਥੇ ਪਾਰਾ 42 ਡਿਗਰੀ ਤੋਂ ਟੱਪ ਗਿਆ।