ਗਦਾਈਪੁਰ ਵਿੱਚ ਦੋ ਰੱਬੜ ਫੈਕਟਰੀਆਂ ਵਿੱਚ ਅੱਗ ਲੱਗੀ
ਹਤਿੰਦਰ ਮਹਿਤਾ
ਜਲੰਧਰ, 19 ਮਈ
ਸ਼ਹਿਰ ਦੇ ਗਦਾਈਪੁਰ ਖੇਤਰ ਵਿੱਚ ਸੋਮਵਾਰ ਸਵੇਰੇ ਰੱਬੜ ਤੇ ਟਾਇਰ ਫੈਕਟਰੀਆਂ ਵਿੱਚ ਸਵੇਰੇ ਅੱਗ ਲੱਗ ਗਈ। ਸੰਘਣਾ ਕਾਲਾ ਧੂੰਆਂ ਇੱਕ ਕਿਲੋਮੀਟਰ ਦੇ ਏਰੀਏ ਵਿੱਚ ਫੈਲ ਗਿਆ ਜਿਸ ਨਾਲ ਲੋਕ ਘਬਰਾ ਗਏ ਅਤੇ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ।
ਅਧਿਕਾਰੀਆਂ ਅਨੁਸਾਰ, ਬਾਬਾ ਇੰਟਰਨੈਸ਼ਨਲ ਸਪੋਰਟਸ ਫੈਕਟਰੀ ਅਤੇ ਆਸ਼ਾ ਰੱਬੜ ਇੰਡਸਟਰੀਜ਼ ਨਾਮੀ ਫੈਕਟਰੀਆਂ ’ਚ ਸਟੋਰ ਕੀਤੇ ਜਲਣਸ਼ੀਲ ਪਦਾਰਥਾਂ ਕਾਰਨ ਅੱਗ ਅਚਾਨਕ ਲੱਗੀ ਅਤੇ ਤੇਜ਼ੀ ਨਾਲ ਫੈਲ ਗਈ। ਸਭ ਤੋਂ ਪਹਿਲਾਂ ਵਸਨੀਕਾਂ ਨੇ ਅੱਗ ਦੀਆਂ ਲਪਟਾਂ ਵੇਖੀਆਂ ਅਤੇ ਫੈਕਟਰੀ ਮਾਲਕਾਂ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜਲੰਧਰ ਫਾਇਰ ਡਿਪਾਰਟਮੈਂਟ ਨੂੰ ਲਗਭਗ 4:15 ਵਜੇ ਇਸ ਦੀ ਇਤਲਾਹ ਮਿਲੀ ਅਤੇ ਅਮਲੇ ਨੂੰ ਘਟਨਾ ਵਾਲੀ ਥਾਂ ’ਤੇ ਭੇਜਿਆ। ਸਵੇਰ ਤੱਕ ਵੀ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਹਾਲਾਂਕਿ, ਕਿਸੇ ਵੀ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਪੁਲੀਸ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਖੇਤਰ ਨੂੰ ਖਾਲੀ ਕਰਨ ਵਿੱਚ ਸਹਾਇਤਾ ਕੀਤੀ।
ਪਤਾ ਲੱਗਿਆ ਕਿ ਫੋਕਲ ਪੁਆਇੰਟ ਉਦਯੋਗਿਕ ਖੇਤਰ ਨੇੜੇ ਸਥਿਤ ਦੋਵੇਂ ਫੈਕਟਰੀਆਂ ਕਥਿਤ ਤੌਰ ’ਤੇ ਵੱਡੀ ਮਾਤਰਾ ਵਿੱਚ ਰੱਬੜ ਅਤੇ ਟਾਇਰ ਸਮੱਗਰੀ ਸਟੋਰ ਕਰ ਰਹੀਆਂ ਸਨ, ਜਿਸ ਨੇ ਅੱਗ ਨੂੰ ਭੜਕਾਇਆ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਅੱਗ ਲੱਗਣ ਦਾ ਸਹੀ ਕਾਰਨ ਪਤਾ ਨਹੀਂ ਲੱਗ ਸਕਿਆ।
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਫੈਕਟਰੀਆਂ ਵਿੱਚ ਅੱਗ ਸੁਰੱਖਿਆ ਦੇ ਢੁਕਵੇਂ ਉਪਾਅ ਕੀਤੇ ਗਏ ਸਨ ਜਾਂ ਨਹੀਂ, ਇਹ ਨਿਰਧਾਰਤ ਕਰਨ ਲਈ ਜਾਂਚ ਕੀਤੀ ਜਾਵੇਗੀ। ਜੇਕਰ ਲਾਪਰਵਾਹੀ ਪਾਈ ਜਾਂਦੀ ਹੈ, ਤਾਂ ਸਬੰਧਿਤ ਉਦਯੋਗਿਕ ਸੁਰੱਖਿਆ ਕਾਨੂੰਨਾਂ ਤਹਿਤ ਕਾਰਵਾਈ ਕੀਤੀ ਜਾਵੇਗੀ।