ਗੜਿਆਂ ਨੇ ਖਰਬੂਜ਼ੇ ਤੇ ਤਰਬੂਜ਼ਾਂ ਦੀ ਮਿਠਾਸ ਘਟਾਈ
ਖੇਤਰੀ ਪ੍ਰਤੀਨਿਧ
ਪਟਿਆਲਾ, 4 ਮਈ
ਹਲਕਾ ਸਨੌਰ ਦੇ ਪਿੰਡ ਸੁਨਿਆਰਹੇੜੀ ਵਿੱਚ ਪਿਛਲੇ ਦਿਨੀਂ ਪਏ ਗੜਿਆਂ ਅਤੇ ਬਰਸਾਤ ਨੇ ਕਿਸਾਨਾਂ ਦੀ ਖਰਬੂਜ਼ੇ, ਤਰਬੂਜ਼ ਅਤੇ ਸਬਜ਼ੀਆਂ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ। ਕਿਸਾਨਾਂ ਨੇ ਦੱਸਿਆ ਕਿ ਖਰਬੂਜ਼ੇ ਅਤੇ ਤਰਬਜ਼ਾਂ ਦੇ 70 ਤੋਂ 80 ਏਕੜ ਗੜਿਆਂ ਨਾਲ ਖਰਾਬ ਹੋਣ ਕਰਕੇ ਕਿਸਾਨਾਂ ਦਾ ਕਰੀਬ 50 ਲੱਖ ਦਾ ਵਿੱਤੀ ਨੁਕਸਾਨ ਹੋ ਗਿਆ। ਕਿਸਾਨਾਂ ਵੱੱਲੋਂ ਸਾਂਝੇ ਤੌਰ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਿਕ ਇਸ ਦੌਰਾਨ ਬਲਦੇਵ ਸਿੰਘ ਦੇ ਖਰਬੂਜ਼ੇ ਅਤੇ ਤਰਬੂਜ਼ ਦੇ 9 ਏਕੜ, ਗੁਰਪ੍ਰੀਤ ਸਿੰਘ ਦੇ 8 ਏਕੜ, ਅਰਸ਼ਪ੍ਰੀਤ ਸਿੰਘ ਤੇ ਸੰਦੀਪ ਸਿੰਘ ਦੇ 10-10 ਏਕੜ, ਹਰਦੀਪ ਸਿੰਘ ਤੇ ਹੇਮ ਸਿੰਘ ਦੇ 5-5 , ਨਵਦੀਪ ਸਿੰਘ ਤੇ ਭੁਪਿੰਦਰ ਸਿੰਘ ਦੇ 6- 6, ਜਸਪਾਲ ਸਿੰਘ ਦੇ 7, ਰਾਏ ਸਿੰਘ ਦਾ ਡੇਢ ਏਕੜ, 5 ਏਕੜ, ਹਰਮੇਸ਼ ਸਿੰਘ ਦੇ ਢਾਈ ਏਕੜ ਭਿੰਡੀ, ਜੋਧਾ ਸਿੰਘ ਤੇ ੳਜਾਗਰ ਸਿੰਘ ਦਾ 1-1 ਏਕੜ ਦਾ ਨਕਸਾਨ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵਿਚੋਂ ਬਹੁਤਿਆਂ ਨੇ ਇਹ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਵਿਭਿੰਨਤਾ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਫਸਲਾਂ ਦੀ ਖੇਤੀ ਕੀਤੀ ਸੀ ਪਰ ਬੇਮੌਸਮੇ ਗੜਿਆਂ ਨੇ ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫੇਰ ਕੇ ਰੱਖ ਦਿੱਤਾ। ਕਿਸਾਨਾਂ ਨੇ ਸਰਕਾਰ ਤੋਂ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਹੈ।
ਨੁਕਸਾਨ ਦੀ ਭਰਪਾਈ ਕਰੇਗੀ ਸਰਕਾਰ: ਪਠਾਣਮਾਜਰਾ
ਹਲਕਾ ਸਨੌਰ ਦੇ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦਾ ਕਹਿਣਾ ਸੀ ਕਿ ਕਿਸਾਨਾਂ ਦੀਆਂ ਸਬਜ਼ੀਆਂ ਅਤੇ ਫਲਾਂ ਦੀਆਂ ਫਸਲਾਂ ਦੇ ਗੜੇਮਾਰੀ ਅਤੇ ਮੀਂਹ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਸਰਕਾਰ ਕਿਸਾਨਾਂ ਦੀ ਲੋੜੀਂਦੀ ਮਦਦ ਕਰੇਗੀ।Advertisement