ਗਡਰੀਆ ਸਮਾਜ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸੂਬਾ ਪੱਧਰੀ ਸਮਾਗਮ
ਘਨੌਰ, 8 ਜਨਵਰੀ
ਪੰਜਾਬ ਗਡਰੀਆ ਸਮਾਜ ਵੈੱਲਫੇਅਰ ਐਸੋਸੀਏਸ਼ਨ ਵਲੋਂ ਘਨੌਰ ਵਿੱਚ ਕੀਤੇ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਗਡਰੀਆ ਸਮਾਜ ਦੇ ਪੰਜਾਬ ਭਰ ਤੋਂ ਨਵੇਂ ਚੁਣੇ ਗਏ ਪੰਚਾਂ-ਸਰਪੰਚਾਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਗਡਰੀਆ ਭਾਈਚਾਰੇ ਦੀ ਮਾੜੀ ਆਰਥਿਕ ਸਥਿਤੀ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਗਿਆ ਕਿ ਇਹ ਸਮਾਜ ਮੁੱਖ ਤੌਰ ’ਤੇ ਭੇਡਾਂ ਪਾਲ ਕੇ ਹੀ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦਾ ਹੈ। ਆਗੂਆਂ ਨੇ ਕਿਹਾ ਕਿ ਬਹੁਤੇ ਪਰਿਵਾਰਾਂ ਦੇ ਬੱਚੇ ਪੜ੍ਹਾਈ ਤੋਂ ਵੀ ਵਾਂਝੇ ਰਹਿਣ ਕਰਕੇ ਪੱਛੜ ਜਾਂਦੇ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਮਾਜ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਯੋਜਨਾਵਾਂ ਉਲੀਕੇ।
ਜਥੇਬੰਦੀ ਦੇ ਹਲਕਾ ਘਨੌਰ ਦੇ ਪ੍ਰਧਾਨ ਬਾਲਕ ਰਾਮ ਦੇ ਭਰਵੇਂ ਸਹਿਯੋਗ ਨਾਲ ਜਗਤ ਪੈਲੇਸ ਘਨੌਰ ’ਚ ਹੋਏ ਸਮਾਗਮ ’ਚ ਪੰਜਾਬ ਗਡਰੀਆ ਸਮਾਜ ਵੈੱਲਫੇਅਰ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਹਰਕੇਸ਼ ਕੁਮਾਰ ਅਤੇ ਘਮੰਤੂ ਜਾਤੀ ਵਿਕਾਸ ਬੋਰਡ ਹਰਿਅਣਾ ਦੇ ਚੇਅਰਮੈਨ ਜੈ ਸਿੰਘ ਪਾਲ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸੂਬਾਈ ਪ੍ਰਧਾਨ ਹਰਕੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਅੰਦਰ, ਖਾਸ ਕਰਕੇ ਪਟਿਆਲਾ ਅਤੇ ਮੁਹਾਲੀ ਸਮੇਤ ਹੋਰ ਜ਼ਿਲ੍ਹਿਆਂ ਵਿਚ ਰਹਿੰਦਾ ਗਡਰੀਆ ਸਮਾਜ ਆਪਣੀਆਂ ਹੱਕੀ ਮੰਗਾਂ ਲਈ ਚਿਰਾਂ ਤੋਂ ਜੂਝਦਾ ਆ ਰਿਹਾ ਹੈ, ਪਰ ਕਿਸੇ ਵੀ ਹਕੂਮਤ ਨੇ ਬਾਂਹ ਨਹੀਂ ਫੜੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਡੇਰਾਬੱਸੀ, ਮੀਤ ਪ੍ਰਧਾਨ ਜੋਗਿੰਦਰ ਸਿੰਘ ਮਾਜਰੀ ਅਕਾਲੀਆਂ, ਜਨਰਲ ਸਕੱਤਰ ਧਰਮਵੀਰ ਕਮਲ, ਘਨੌਰ ਦੇ ਹਲਕਾ ਪ੍ਰਧਾਨ ਬਾਲਕ ਰਾਮ, ਗੁਰਮੇਲ ਸਿੰਘ ਪ੍ਰਧਾਨ ਪਟਿਆਲਾ ਦਿਹਾਤੀ, ਗੁਰਨਾਮ ਸਿੰਘ ਮਾਜਰੀ ਪ੍ਰਧਾਨ ਰਾਜਪੁਰਾ, ਹਾਕਮ ਰਾਮ ਪ੍ਰਧਾਨ ਡੇਰਾਬਸੀ, ਵੀਰਭਾਨ ਬਹਿਰੂ ਪ੍ਰਧਾਨ ਸਨੌਰ, ਬਲਵਿੰਦਰ ਸਿੰਘ ਸਵਾਜਪੁਰ ਪ੍ਰਧਾਨ ਸਮਾਣਾ ਸਮੇਤ ਮਹਿੰਦਰ ਰਾਏਪੁਰ ਆਦਿ ਨੇ ਸ਼ਿਰਕਤ ਕੀਤੀ। ਹਲਕਾ ਪ੍ਰਧਾਨ ਬਾਲਕ ਰਾਮ ਨੇ ਦੱਸਿਆ ਕਿ ਐਤਕੀਂ ਗਡਰੀਆ ਸਮਾਜ ਦੇ 25 ਸਰਪੰਚ ਅਤੇ ਸੌ ਦੇ ਕਰੀਬ ਪੰਚ ਚੁਣੇ ਗਏ ਹਨ ਜਿਨ੍ਹਾਂ ਨੂੰ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਾਵਉਣ ਸਮੇਤ ਆਪਸੀ ਭਾਈਚਾਰਕ ਸਾਂਝ ਵਧਾਉਣ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ’ਚ ਯੋਗਦਾਨ ਪਾਉਣਾ ਚਾਹੀਦਾ ਹੈ।