ਗਊਸ਼ਾਲਾ ਅੰਦਰ ਅੱਗ ਲੱਗਣ ਨਾਲ ਨੁਕਸਾਨ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 15 ਜੂਨ
ਇੱਥੋਂ ਦੀ ਵਡਿਆਲਾ ਗਊਸ਼ਾਲਾ ਅੰਤਰ ਤੂੜੀ ਵਾਲੇ ਸ਼ੈਡ ਨੂੰ ਅਚਾਨਕ ਅੱਗ ਲੱਗਣ ਕਾਰਨ ਵੱਡੀ ਪੱਧਰ ’ਤੇ ਤੂੜੀ ਅੱਗ ਦੀ ਭੇਟ ਚੜ੍ਹ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਉਪੋਰਕਤ ਗਊਸ਼ਾਲਾ ਦੇ ਕਰੀਬ 150 ਫੁੱਟ ਲੰਬੇ ਚੌੜੇ ਸ਼ੈਡ ਵਿੱਚ ਤੂੜੀ ਪਈ ਸੀ ਕਿ ਅਚਾਨਕ ਹੀ ਬਿਜਲੀ ਵਾਲੀ ਕੇਵਲ ਨੂੰ ਅੱਗ ਲੱਗਣ ਕਾਰਨ ਤੂੜੀ ਨੂੰ ਅੱਗ ਲੱਗ ਗਈ। ਪਤਾ ਲੱਗਦਿਆਂ ਹੀ ਗਊਸ਼ਾਲਾ ਦੇ ਪ੍ਰਬੰਧਕਾਂ, ਸਮਾਜ ਸੇਵੀ ਸੰਸਥਾਵਾਂ, ਡੇਰਾ ਸਿਰਸਾ ਦੇ ਪ੍ਰੇਮੀਆਂ ਅਤੇ ਪਿੰਡ ਦੇ ਲੋਕਾਂ ਤੋਂ ਇਲਾਵਾ ਸੁਨਾਮ, ਸੰਗਰੂਰ ਅਤੇ ਦਿੜ੍ਹਬਾ ਤੋਂ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਵੱਲੋਂ ਕਈ ਘੰਟਿਆਂ ਦੀ ਜੱਦੋ-ਜਹਿਦ ਨਾਲ ਸ਼ੈਡ ਦੀ ਦੀਵਾਰ ਤੋੜ ਕੇ ਅੱਗ ’ਤੇ ਕਾਬੂ ਪਾਇਆ ਅਤੇ ਕਰੀਬ 800 ਕੁਵਿੰਟਲ ਤੂੜੀ ਨੂੰ ਬਾਹਰ ਕੱਢਿਆ ਗਿਆ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਗਊਸ਼ਾਲਾ ਵਿੱਚ 500 ਦੇ ਕਰੀਬ ਗਊਆਂ ਹਨ ਜਿਨ੍ਹਾਂ ਲਈ ਹਰਾ-ਚਾਰਾ ਅਤੇ ਤੂੜੀ ਦਿੜ੍ਹਬਾ ਦੀ ਸੰਗਤ ਅਤੇ ਇਲਾਕੇ ਦੇ ਲੋਕਾਂ ਵੱਲੋਂ ਭੇਜੀ ਜਾਂਦੀ ਹੈ।