ਖੱਬੇ ਪੱਖੀ ਜਥੇਬੰਦੀਆਂ ਵੱਲੋਂ ਅਮਿਤ ਸ਼ਾਹ ਖ਼ਿਲਾਫ਼ ਮੁਜ਼ਾਹਰਾ
ਸੰਗਰੂਰ, 30 ਦਸੰਬਰ
ਸੀਪੀਆਈ, ਸੀਪੀਆਈ (ਐੱਮਐੱਲ) ਲਿਬਰੇਸ਼ਨ ਅਤੇ ਆਰਐੱਮਪੀਆਈ ਵਲੋਂ ਸਾਂਝੇ ਤੌਰ ’ਤੇ ਡਾ. ਭੀਮ ਰਾਓ ਅੰਬੇਡਕਰ ਖ਼ਿਲਾਫ਼ ਟਿੱਪਣੀ ਦੇ ਰੋਸ ਵਜੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਇੱਥੇ ਸੰਗਰੂਰ-ਲੁਧਿਆਣਾ ਰਾਜ ਮਾਰਗ ’ਤੇ ਸਥਿਤ ਭਗਵਾਨ ਮਹਾਂਵੀਰ ਚੌਕ ’ਚ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਅਮਿਤ ਸ਼ਾਹ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ। ਜਾਣਕਾਰੀ ਅਨੁਸਾਰ ਸੀਪੀਆਈ, ਸੀਪੀਆਈ (ਐੱਮਐੱਲ) ਲਿਬਰੇਸ਼ਨ ਅਤੇ ਆਰਐੱਮਪੀਆਈ ਦੇ ਕਾਰਕੁਨ ਸਥਾਨਕ ਸੁਤੰਤਰ ਭਵਨ ’ਚ ਇਕੱਠੇ ਹੋਏ। ਇੱਥੋਂ ਰੋਸ ਮਾਰਚ ਕਰਦੇ ਹੋਏ ਸਟੇਟ ਹਾਈਵੇਅ ’ਤੇ ਸਥਿਤ ਭਗਵਾਨ ਮਹਾਂਵੀਰ ਚੌਕ ਵਿਚ ਪੁੱਜੇ ਜਿਥੇ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਅਤੇ ਅਮਿਤ ਸ਼ਾਹ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤਿੰਨੋਂ ਜਥੇਬੰਦੀਆਂ ਦੇ ਆਗੂਆਂ ਕਾਮਰੇਡ ਸੁਖਦੇਵ ਸ਼ਰਮਾ, ਊਧਮ ਸਿੰਘ ਅਤੇ ਇੰਦਰਜੀਤ ਸ਼ਿੰਘ, ਘੁਮੰਡ ਸਿੰਘ ਆਦਿ ਵੱਲੋਂ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਡਾ. ਭੀਮ ਰਾਓ ਅੰਬੇਡਕਰ ਖ਼ਿਲਾਫ਼ ਕੀਤੀ ਟਿੱਪਣੀ ਦਾ ਸਖਤ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਬੋਲੀ ਦੇਸ਼ ਅੰਦਰ ਫ਼ਿਰਕਾਪ੍ਰਸਤੀ ਨੂੰ ਹੁਲਾਰਾ ਦੇਣ ਵਾਲੀ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਵਾਲੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਡੇ ਅਹੁਦੇ ’ਤੇ ਬੈਠੇ ਅਜਿਹੇ ਆਗੂ ਨੂੰ ਨਫਰਤ ਭਰੀਆਂ ਟਿੱਪਣੀਆਂ ਕਰਨਾ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਦੀ ਟਿੱਪਣੀ ਨੂੰ ਘੱਟ ਗਿਣਤੀਆਂ ਦੇ ਖਿਲਾਫ ਨਫਰਤ ਪੈਦਾ ਕਰਨ ਵਾਲੀ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਤੁਰੰਤ ਅਮਿਤ ਸ਼ਾਹ ਤੋਂ ਅਸਤੀਫ਼ਾ ਲੈ ਕੇ ਮੰਤਰੀ ਮੰਡਲ ਤੋਂ ਬਾਹਰ ਕੀਤਾ ਜਾਵੇ। ਇਸ ਮੌਕੇ ਬੁਲਾਰਿਆਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ ਕਿਸਾਨੀ ਮੰਗਾਂ ਮੰਨਵਾਉਣ ਲਈ ਰੱਖੇ ਮਰਨ ਵਰਤ ਦੀ ਹਮਾਇਤ ਕੀਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਯਾਦਗਾਰ ਲਈ ਦਿੱਲੀ ਦੇ ਰਾਜਘਾਟ ਵਿਚ ਜਗ੍ਹਾ ਨਾ ਦੇਣ ਲਈ ਕੇਂਦਰ ਦੀ ਮੋਦੀ ਸਰਕਾਰ ਦੀ ਨਿਖੇਧੀ ਕੀਤੀ। ਇਸ ਮੌਕੇ ਨਿਰਮਲ ਸਿੰਘ ਨਵਜੀਤ ਸਿੰਘ, ਗੋਬਿੰਦ ਛਾਜਲੀ, ਜੀਵਨ ਸਿੰਘ, ਸੋਹਣ ਲਾਲ, ਕਾਮਰੇਡ ਰਾਮ ਕੁਮਾਰ, ਹਜ਼ਰਤ ਮੁਹੰਮਦ ਕਵਿੰਦਰ ਬਿੱਟੂ ਤੇ ਨਿਰੰਜਨ ਸਿੰਘ ਆਦ ਆਗੂ ਹਾਜ਼ਰ ਸਨ।