ਖੱਬੀਆਂ ਪਾਰਟੀਆਂ ਨੇ ਫ਼ਲਸਤੀਨੀਆਂ ਨਾਲ ਇਕਜੁੱਟਤਾ ਪ੍ਰਗਟਾਈ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਜੂਨ
ਪੰਜਾਬ ਵਿੱਚ ਖੱਬੀਆਂ ਪਾਰਟੀਆਂ ਨੇ ਅੱਜ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰ ’ਤੇ ਫ਼ਲਸਤੀਨੀ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਈ। ਇਸ ਦੌਰਾਨ ਅਮਰੀਕੀ ਸਾਮਰਾਜ ਦੇ ਇਸ਼ਾਰੇ ’ਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਜਾ ਰਹੇ ਹਮਲਿਆਂ ਖ਼ਿਲਾਫ਼ ਆਵਾਜ਼ ਉਠਾਈ ਗਈ। ਇਸ ਮੌਕੇ ਸੀਪੀਆਈ, ਸੀਪੀਐਮ, ਸੀਪੀਆਈ (ਐਮ ਐਲ) ਲਿਬਰੇਸ਼ਨ, ਫਾਰਵਰਡ ਬਲਾਕ ਅਤੇ ਆਰਐੱਸਪੀ ਦੇ ਸੱਦੇ ’ਤੇ ਵੱਖ-ਵੱਖ ਜਥੇਬੰਦੀਆਂ ਨੇ ਚੰਡੀਗੜ੍ਹ, ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਜਲੰਧਰ, ਹੁਸ਼ਿਆਰਪੁਰ, ਰੋਪੜ, ਲੁਧਿਆਣਾ, ਪਟਿਆਲਾ, ਸੰਗਰੂਰ, ਮਾਨਸਾ, ਬਠਿੰਡਾ, ਫਰੀਦਕੋਟ ਆਦਿ ਜ਼ਿਲ੍ਹਿਆਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਪੁਤਲੇ ਫੂਕੇ। ਇਨ੍ਹਾਂ ਰੈਲੀਆਂ ਨੂੰ ਗੁਰਮੀਤ ਸਿੰਘ ਬਖਤਪੁਰ, ਬੰਤ ਸਿੰਘ ਬਰਾੜ, ਸੁਖਵਿੰਦਰ ਸਿੰਘ ਸੇਖੋਂ, ਨਿਰਮਲ ਸਿੰਘ ਧਾਲੀਵਾਲ, ਲਹਿੰਬਰ ਸਿੰਘ ਤੱਗੜ, ਪ੍ਰਗਟ ਸਿੰਘ ਜਾਮਾਰਾਏ, ਰਾਜਵਿੰਦਰ ਸਿੰਘ ਰਾਣਾ, ਰਤਨ ਸਿੰਘ ਰੰਧਾਵਾ, ਸੁਖਦਰਸ਼ਨ ਸਿੰਘ ਨੱਤ, ਰਘਬੀਰ ਸਿੰਘ, ਸੁਖਦੇਵ ਸ਼ਰਮਾ, ਗੁਲਜ਼ਾਰ ਸਿੰਘ ਭੁੰਬਲੀ ਨੇ ਸੰਬੋਧਨ ਕੀਤਾ। ਇਸ ਮੌਕੇ ਮੰਗ ਕੀਤੀ ਗਈ ਕਿ ਮੋਦੀ ਸਰਕਾਰ ਦੇਸ਼ ਦੀ ਸਥਾਪਤ ਵਿਦੇਸ਼ ਨੀਤੀ ਮੁਤਾਬਕ ਅਮਰੀਕਾ ਤੇ ਇਜ਼ਰਾਈਲ ਦੀ ਇਸ ਕੌਮਾਂਤਰੀ ਗੁੰਡਾਗਰਦੀ ਖ਼ਿਲਾਫ਼ ਸਖ਼ਤ ਸਟੈਂਡ ਲਵੇ।