ਖੱਟਰ ਵੱਲੋਂ ਆਚਾਰੀਆ ਰਾਜੇਸ਼ਵਰਾਨੰਦ ਨਾਲ ਮੁਲਾਕਾਤ
ਅੰਬਾਲਾ , 14 ਜੂਨ
ਭਾਰਤ ਸਰਕਾਰ ਦੇ ਸ਼ਹਿਰੀ ਵਿਕਾਸ, ਆਵਾਸ ਤੇ ਊਰਜਾ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਨੇ ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਮਹਾਰਾਜ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ। ਇਹ ਮੁਲਾਕਾਤ ਸਿਰਫ ਰਸਮੀ ਨਹੀਂ ਸੀ, ਸਗੋਂ ਇਸ ਦੌਰਾਨ ਰਾਸ਼ਟਰ-ਹਿੱਤ ਨਾਲ ਜੁੜੇ ਮਹੱਤਵਪੂਰਨ ਵਿਸ਼ਿਆਂ ਜਿਵੇਂ ਕਿ ਧਰਮ, ਸੱਭਿਆਚਾਰ, ਸਨਾਤਨ ਪਰੰਪਰਾਵਾਂ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ’ਤੇ ਵਿਚਾਰ-ਵਟਾਂਦਰਾ ਹੋਇਆ।
ਅਚਾਰੀਆ ਨੇ ਦੇਸ਼ ਭਰ ਵਿੱਚ ਸਨਾਤਨ ਮੁੱਲਾਂ ਦੀ ਪੁਨਰਸਥਾਪਨਾ, ਪਿੰਡ ਪੱਧਰ ’ਤੇ ਗਊ ਰੱਖਿਆ, ਯੋਗ ਤੇ ਆਧਿਆਤਮਿਕਤਾ ਦੇ ਪ੍ਰਚਾਰ, ਅਤੇ ਵਾਤਾਵਰਨ ਜਾਗਰੂਕਤਾ ਲਈ ਚੱਲ ਰਹੇ ਆਪਣੇ ਜਥੇਬੰਦਕ ਅਭਿਆਨਾਂ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ। ਮਨੋਹਰ ਲਾਲ ਖੱਟਰ ਨੇ ਅਚਾਰਿਆ ਦੇ ਵਿਚਾਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਦੋਂ ਆਧਿਆਤਮਿਕਤਾ ਅਤੇ ਸਰਕਾਰੀ ਤੰਤਰ ਇਕੱਠੇ ਕੰਮ ਕਰਦੇ ਹਨ ਤਾਂ ਦੇਸ਼ ਨੂੰ ਨਵੀਂ ਦਿਸ਼ਾ ਤੇ ਆਤਮਿਕ ਤਾਕਤ ਮਿਲਦੀ ਹੈ। ਉਨ੍ਹਾਂ ਨੇ ਆਪਣੇ ਮੰਤਰਾਲਿਆ ਪੱਧਰ ’ਤੇ ਸੰਭਵ ਸਹਿਯੋਗ ਦਾ ਭਰੋਸਾ ਵੀ ਦਿੱਤਾ।
ਇਸ ਦੌਰਾਨ ਭਵਿੱਖ ਵਿੱਚ ਸੱਭਿਆਚਾਰ ਅਤੇ ਪ੍ਰਕਿਰਤੀ ਦੀ ਸੰਭਾਲ ਲਈ ਸਰਕਾਰੀ ਯਤਨਾਂ ਅਤੇ ਸੰਤ ਸਮਾਜ ਦੀ ਰਹਿਨੁਮਾਈ ਵਿਚਕਾਰ ਸਾਂਝੇ ਉਪਰਾਲਿਆਂ ਦੀ ਸੰਭਾਵਨਾ ’ਤੇ ਵੀ ਵਿਚਾਰ ਹੋਇਆ।