ਖੰਭੇ ਨਾਲ ਟਕਰਾਉਣ ਤੇ ਮੋਟਰਸਾਈਕਲ ਸਵਾਰ ਦੀ ਮੌਤ
ਪੱਤਰ ਪ੍ਰੇਰਕਸਮਾਣਾ, 16 ਮਈ
ਸਮਾਣਾ-ਭਵਾਨੀਗੜ੍ਹ ਸੜਕ ’ਤੇ ਪਿੰਡ ਬੰਮਣਾ ਨੇੜੇ ਬੀਤੀ ਰਾਤ ਖੰਭੇ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਜਿਸ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਗਾਜੇਵਾਸ ਪੁਲਸ ਦੇ ਹੈਡ-ਕਾਂਸਟੇਬਲ ਸਾਹਿਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਭੁਪਿੰਦਰ ਸਿੰਘ (50) ਦੇ ਪਿਤਾ ਸੁਖਦੇਵ ਸਿੰਘ ਨਿਵਾਸੀ ਪਿੰਡ ਫਤਿਹਗੜ੍ਹ ਛੰਨਾਂ ਨੇ ਪੁਲੀਸ ਨੂੰ ਦਰਜ ਕਰਵਾਏ ਬਿਆਨ ’ਚ ਦੱਸਿਆ ਕਿ ਸਮਾਣਾ ਦੀ ਕੰਬਾਈਨ ਫੈਕਟਰੀ ’ਚ ਕੰਮ ਕਰਦਾ ਉਸ ਦਾ ਪੁੱਤਰ ਹਰ ਰੋਜ਼ ਦੀ ਤਰ੍ਹਾਂ ਆਪਣਾ ਕੰਮ ਨਿਪਟਾ ਕੇ ਮੋਟਰਸਾਈਕਲ ’ਤੇ ਪਿੰਡ ਵਾਪਸ ਆ ਰਿਹਾ ਸੀ ਕਿ ਪਿੰਡ ਬੰਮਣਾ ਨੇੜੇ ਸਾਹਮਣੇ ਤੋਂ ਆ ਰਹੇ ਕਿਸੇ ਵਾਹਨ ਦੀ ਤੇਜ਼ ਰੋਸ਼ਨੀ ਅੱਖਾਂ ਵਿੱਚ ਪੈਣ ਕਾਰਨ ਉਸ ਦਾ ਮੋਟਰਸਾਈਕਲ ਸੜਕ ਕਿਨਾਰੇ ਲੱਗੇ ਖੰਭੇ ਨਾਲ ਜਾ ਟਕਰਾਈ। ਗੰਭੀਰ ਹਾਲਤ ਵਿਚ ਉਸ ਨੂੰ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਿਤਾ ਵੱਲੋਂ ਦਰਜ ਬਿਆਨ ਦੇ ਅਧਾਰ ’ਤੇ ਧਾਰਾ 194 ਤਹਿਤ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਗਈ ਹੈ।