ਨਿੱਜੀ ਪੱਤਰ ਪ੍ਰੇਰਕਖੰਨਾ, 12 ਦਸੰਬਰ21 ਦਸੰਬਰ ਨੂੰ ਹੋਣ ਵਾਲੀ ਖੰਨਾ ਸ਼ਹਿਰ ਦੇ ਵਾਰਡ ਨੰਬਰ-2 ਦੀ ਜ਼ਿਮਨੀ ਚੋਣ ਲਈ ਅੱਜ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਕਾਗਜ਼ ਦਾਖਲ ਕਰ ਦਿੱਤੇ ਹਨ। ਦੱਸਣਸੋਗ ਹੈ ਕਿ ਵਾਰਡ ਨੰਬਰ-2 ਵਿੱਚ ਕਾਂਗਰਸੀ ਕੌਂਸਲਰ ਗੁਰਮਿੰਦਰ ਸਿੰਘ ਲਾਲੀ ਜੋ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵੀ ਸਨ, ਦੇ ਦੇਹਾਂਤ ਮਗਰੋਂ ਸੀਟ ਖਾਲੀ ਹੋਈ ਸੀ ਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੱਤਰ ਜਾਰੀ ਕਰ ਕੇ ਗੁਰਮਿੰਦਰ ਸਿੰਘ ਲਾਲੀ ਦੇ ਪੁੱਤਰ ਗੁਰਜਸ਼ਨ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਸੀ ਪਰ ਅੱਜ ਅਚਾਨਕ ਉਨ੍ਹਾਂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਜਿਸ ਮਗਰੋਂ ਕਾਂਗਰਸ ਵੱਲੋਂ ਉਨ੍ਹਾਂ ਦੀ ਥਾਂ ਸਤਨਾਮ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ, ਜਿਸ ਦਾ ਐਲਾਨ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕੀਤਾ।ਇਸ ਤੋਂ ਇਲਾਵਾ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਪੱਤਰ ਜਾਰੀ ਕਰਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਇਕਬਾਲ ਸਿੰਘ ਚੰਨੀ ਦੇ ਪੁੱਤਰ ਹਰਜੋਤ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਲਾਲੀ ਨੇ ਅਕਾਲੀ ਦਲ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਰਹੇ ਚੰਨੀ ਨੂੰ ਚੋਣਾਂ ਵਿੱਚ ਹਰਾਇਆ ਸੀ ਅਤੇ ਕੁਝ ਸਮਾਂ ਪਹਿਲਾ ਚੰਨੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵਿੰਦਰ ਸਿੰਘ ਜੱਸੀ ਤੇ ‘ਆਪ’ ਵੱਲੋਂ ਵਿੱਕੀ ਮਸ਼ਾਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ, ਜਦਕਿ ਭਾਜਪਾ ਵੱਲੋਂ ਦੋ ਉਮੀਦਵਾਰਾਂ ਹਰਜੋਤ ਸਿੰਘ ਤੇ ਹਸਨਦੀਪ ਸਿੰਘ ਨੇ ਕਾਗਜ਼ ਦਾਖਲ ਕੀਤੇ ਗਏ ਹਨ।