ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੰਨਾ ਕੌਂਸਲ ਦੀ ਮੀਟਿੰਗ ’ਚ ਭ੍ਰਿਸ਼ਟਾਚਾਰ ਦੇ ਤਿੰਨ ਮੁੱਦੇ ਭਖੇ

05:47 AM May 28, 2025 IST
featuredImage featuredImage
ਨਗਰ ਕੌਂਸਲ ਮੀਟਿੰਗ ’ਚ ਮਸਲੇ ਵਿਚਾਰਦੇ ਹੋਏ ਕੌਂਸਲਰ।
ਜੋਗਿੰਦਰ ਸਿੰਘ ਓਬਰਾਏ
Advertisement

ਖੰਨਾ, 27 ਮਈ

ਇੱਥੇ ਖੰਨਾ ਨਗਰ ਕੌਂਸਲ ਦੀ ਮੀਟਿੰਗ ’ਚ ਭ੍ਰਿਸ਼ਟਾਚਾਰ ਦੇ ਤਿੰਨ ਅਹਿਮ ਮੁੱਦੇ ਭਖੇ। ਇਨ੍ਹਾਂ ’ਚ 20 ਲੱਖ ਇੰਟਰਲਾਕਿੰਗ ਟਾਈਲਾਂ ਰਹੱਸਮਈ ਢੰਗ ਨਾਲ ਗਾਇਬ ਹੋਣ ਅਤੇ 15 ਕਰੋੜ ਦੇ ਲਾਏ ਟੈਂਡਰਾਂ ’ਚ 52 ਫ਼ੀਸਦੀ ਘੱਟ ਦਰ ’ਤੇ ਲੱਗਣ ’ਚ ਕਥਿਤ ਤੌਰ ’ਤੇ ਵੱਡੇ ਘਪਲੇ ਦੀ ਸ਼ੰਕਾ ਜ਼ਾਹਰ ਕੀਤੀ ਗਈ। ਇਸ ਤੋਂ ਇਲਾਵਾ ਖਟੀਕਾ ਚੌਕ ’ਚ ਕੁਝ ਵਿਅਕਤੀਆਂ ਵੱਲੋਂ ਕੌਂਸਲ ਦੀ ਜਾਇਦਾਦ ’ਤੇ ਨਾਜਾਇਜ਼ ਕਬਜ਼ੇ ਤੇ ਉਸਾਰੀ ਦਾ ਮੁੱਦਾ ਵੀ ਵਿਚਾਰਿਆ ਗਿਆ ਜਿਸ ਲਈ ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ ਨੇ ਹਫ਼ਤੇ ਦਾ ਸਮਾਂ ਦਿੱਤਾ।

Advertisement

ਮੀਟਿੰਗ ’ਚ ‘ਆਪ’ ਕੌਂਸਲਰ ਸੁਨੀਲ ਕੁਮਾਰ ਨੀਟਾ ਨੇ ਕਿਹਾ ਕਿ ਨਗਰ ਕੌਂਸਲ ਨਾਲ ਸਬੰਧਤ ਲੱਖਾਂ ਰੁਪਏ ਦੀਆਂ ਟਾਇਲਾਂ ਪਿਛਲੇ 5 ਸਾਲਾਂ ਤੋਂ ਗਾਇਬ ਹਨ ਅਤੇ ਕਰੀਬ 20 ਲੱਖ ਰੁਪਏ ਦੀਆਂ ਟਾਇਲਾਂ ਕਿਵੇਂ ਗਾਇਬ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਮਜ਼ਾਕ ਨਹੀਂ ਹੈ ਕਿ 1 ਕਰੋੜ ਰੁਪਏ ਦੀ ਜਨਤਕ ਜਾਇਦਾਦ ਗਾਇਬ ਹੋ ਜਾਵੇ ਅਤੇ ਕਦੇ ਕਿਸੇ ਨੇ ਕੋਈ ਸਵਾਲ ਵੀ ਨਹੀਂ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਘੁਟਾਲੇ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ। ਕੌਂਸਲਰ ਪੌਂਪੀ ਨੇ ਦੋਸ਼ ਲਾਇਆ ਕਿ ਸ਼ਹਿਰ ਦੇ ਖਟੀਕਾ ਚੌਕ ’ਚ ਕੁਝ ਵਿਅਕਤੀਆਂ ਵੱਲੋਂ ਕੌਂਸਲ ਦੀ ਜਾਇਦਾਦ ’ਤੇ ਨਾਜਾਇਜ਼ ਕਬਜ਼ੇ ਕੀਤੇ ਗਏ ਹਨ। ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਲਈ ਅਦਾਲਤ ਵੱਲੋਂ ਆਦੇਸ਼ ਦਿੱਤੇ ਗਏ ਸਨ ਪਰ ਅਧਿਕਾਰੀਆਂ ਵੱਲੋਂ ਮਾਮਲਾ ਠੰਡੇ ਬਸਤੇ ’ਚ ਪਾ ਦਿੱਤਾ ਗਿਆ ਹੈ। ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਕਿਹਾ ਕਿ ਦੂਜੀ ਧਿਰ ਅਦਾਲਤ ’ਚ ਚਲੀ ਗਈ ਹੈ ਤਾਂ ਕੌਂਸਲਰ ਨੇ ਕਿਹਾ ਕਿ ਕਮੇਟੀ ਅਦਾਲਤ ਦੀ ਮਾਣਹਾਨੀ ਦਾ ਕੇਸ ਦਾਇਰ ਕਰੇ ਕਿਉਂਕਿ ਉਕਤ ਵਿਅਕਤੀਆਂ ਵੱਲੋਂ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।

ਕੌਂਸਲਰ ਸੁਖਮਨਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਅੰਦਰ ਦੁੱਧ ਦੀਆਂ ਡੇਅਰੀਆਂ ਬਾਹਰ ਕੱਢੀਆਂ ਜਾਣ ਕਿਉਂਕਿ ਡੇਅਰੀਆਂ ਦਾ ਗੋਹਾ ਸੀਵਰੇਜ ਪਾਈਪਾਂ ’ਚ ਪੈਂਦਾ ਹੈ। ਇਸ ਨਾਲ ਜਿੱਥੇ ਸੀਵਰੇਜ ਜਾਮ ਹੁੰਦਾ ਹੈ, ਉੱਥੇ ਹੀ ਬਿਮਾਰੀਆਂ ਵੀ ਫੈਲਦੀਆਂ ਹਨ। ਇਸ ’ਤੇ ਈਓ ਨੇ ਕਿਹਾ ਕਿ ਡੇਅਰੀਆਂ ਨੂੰ ਨੋਟਿਸ ਕੱਢੇ ਗਏ ਹਨ।

ਕੌਂਸਲਰ ਸਰਵਦੀਪ ਸਿੰਘ ਕਾਲੀਰਾਓ ਨੇ ਕਿਾਹ ਕਿ ਸ਼ਹਿਰ ’ਚ ਅਵਾਰਾ ਕੁੱਤਿਆਂ ਦੀ ਭਰਮਾਰ ਹੈ ਜਿਸ ’ਤੇ ਜਵਾਬ ਮਿਲਿਆ ਕਿ ਇਸ ਦੇ ਹੱਲ ਲਈ 55 ਲੱਖ ਰੁਪਏ ਦਾ ਟੈਂਡਰ ਜਾਰੀ ਕੀਤਾ ਜਾਵੇਗਾ ਪਰ ਇਸ ਨੂੰ ਕਦੋਂ ਲਾਗੂ ਕੀਤਾ ਜਾਵੇਗਾ, ਇਸ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ। ਕੌਂਸਲਰ ਅਮਰੀਸ਼ ਕਾਲੀਆ ਤੇ ਸੁਖਦੇਵ ਮਿੱਢਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਸੀਵਰਮੈਨਾਂ ਦੀ ਗਿਣਤੀ ਨਹੀਂ ਵਧਾਈ ਗਈ ਜਦਕਿ ਵਾਰਡਾਂ ’ਚ ਕੰਮ ਦਾ ਬੋਝ ਲਗਾਤਾਰ ਵਧ ਰਿਹਾ ਹੈ। ਕੌਂਸਲਰ ਗੁਰਮੀਤ ਨਾਗਪਾਲ ਨੇ ਕਿਹਾ ਕਿ ਸੜਕ ਦੀ ਮੁਰੰਮਤ ਦਾ ਪ੍ਰਾਜੈਕਟ ਪਿਛਲੇ 6 ਸਾਲਾਂ ਤੋਂ ਲਟਕਿਆ ਹੋਇਆ ਹੈ। ਕੌਂਸਲਰ ਹਰਦੀਪ ਨੀਨੂੰ ਨੇ ਮੰਗ ਕੀਤੀ ਕਿ ਰਿਹਾਇਸ਼ੀ ਇਲਾਕਿਆਂ ਵਿੱਚੋਂ ਗੈਰ-ਕਾਨੂੰਨੀ ਮੀਟ ਦੀਆਂ ਦੁਕਾਨਾਂ ਹਟਾਈਆਂ ਜਾਣ। ਕੌਂਸਲਰ ਸੰਦੀਪ ਘਈ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ’ਚ ਪਿਛਲੇ ਇੱਕ ਸਾਲ ’ਚ ਕੈਂਸਰ ਕਾਰਨ 7 ਮੌਤਾਂ ਹੋਈਆਂ ਹਨ ਅਤੇ ਇਸ ਦਾ ਕਾਰਨ ਸੀਵਰੇਜ ਲਾਈਨ ਤੋਂ ਪੀਣ ਵਾਲੇ ਪਾਣੀ ਦੀ ਪਾਈਪ ’ਚ ਲੀਕੇਜ ਹੈ। ਕੌਂਸਲਰ ਰੂਬੀ ਭਾਟੀਆ ਨੇ ਆਪਣੇ ਮੋਬਾਈਲ ’ਚ ਰਿਕਾਰਡ ਦਿਖਾਉਂਦਿਆਂ ਕਿਹਾ ਕਿ ਅਫ਼ਸਰਾਂ ਨੂੰ ਲਗਾਤਾਰ ਸ਼ਿਕਾਇਤਾਂ ਭੇਜੀਆਂ ਜਾਂਦੀਆਂ ਹਨ ਪਰ ਕੋਈ ਜਵਾਬ ਨਹੀਂ ਮਿਲਦਾ। ਉਨ੍ਹਾਂ ਦੇ ਵਾਰਡ ’ਚ ਸਫ਼ਾਈ ਕਰਮਚਾਰੀਆਂ ਦੀ ਕੋਈ ਨਿਗਰਾਨੀ ਨਹੀਂ ਹੈ।

ਲਾਪਰਵਾਹ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਪ੍ਰਧਾਨ

ਮੀਟਿੰਗ ਦੇ ਅੰਤ ’ਚ ਪ੍ਰਧਾਨ ਸ੍ਰੀ ਲੱਧੜ ਨੇ ਮੰਨਿਆ ਕਿ ਸ਼ਹਿਰ ’ਚ ਸਫ਼ਾਈ ਅਤੇ ਸੀਵਰੇਜ ਪ੍ਰਣਾਲੀ ਲਗਾਤਾਰ ਵਿਗੜ ਰਹੀ ਹੈ ਅਤੇ ਅਧਿਕਾਰੀਆਂ ਦਾ ਰਵੱਈਆ ਗੈਰ-ਜ਼ਿੰਮੇਵਾਰਾਨਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਹਰ ਮੁੱਦੇ ਦੇ ਹੱਲ ਲਈ ਜਾਂਚ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਲਾਪਰਵਾਹ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Advertisement