ਖੰਡ ਮਿੱਲ ਸੀਲ ਹੋਣ ਕਾਰਨ ਕਿਸਾਨ ਤੇ ਸਬੰਧਤ ਧਿਰਾਂ ਚਿੰਤਤ
ਜਸਬੀਰ ਸਿੰਘ ਚਾਨਾ
ਫਗਵਾੜਾ, 9 ਅਕਤੂਬਰ
ਇਥੋਂ ਦੀ ਖੰਡ ਮਿੱਲ ਵਲੋਂ ਕਿਸਾਨਾਂ ਦੀ ਗੰਨੇ ਦੀ ਬਕਾਇਆ 42 ਕਰੋੜ ਰੁਪਏ ਦੀ ਰਾਸ਼ੀ ਨਾ ਦੇਣ ਕਾਰਨ ਪੰਜਾਬ ਸਰਕਾਰ ਨੇ ਮਿੱਲ ਨੂੰ ਸੀਲ ਕਰ ਦਿੱਤਾ ਹੈ ਜਿਸ ਕਾਰਨ ਹੁਣ ਕਈ ਵਰਗ ਫ਼ਿਕਰਮੰਦ ਹਨ ਤੇ ਸਬੰਧਿਤ ਹਰ ਵਰਗ ਚਾਹੁੰਦਾ ਹੈ ਕਿ ਖੰਡ ਮਿੱਲ ਜਲਦੀ ਚਾਲੂ ਹੋਵੇ ਨਹੀਂ ਤਾਂ ਕਿਸਾਨਾਂ ਦੀ ਆਉਂਦੀ ਗੰਨੇ ਦੀ ਫ਼ਸਲ ਸੜਕ ’ਤੇ ਰੁਲ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਗੰਨੇ ਦੀ ਇਹ ਰਾਸ਼ੀ ਮਿੱਲ ਮਾਲਕਾਂ ਤੇ ਨਵੇਂ ਪ੍ਰਬੰਧਕਾਂ ਨੇ 15-15 ਕਰੋੜ ਰੁਪਏ ਤਿੰਨ ਕਿਸ਼ਤਾਂ ’ਚ ਦੇਣ ਦਾ ਭਰੋਸਾ ਦਿੱਤਾ ਸੀ ਜਦਕਿ ਇਹ ਰਾਸ਼ੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਆਰਥਿਕ ਸੱਟ ਝੱਲਣੀ ਪਈ ਹੈ ਤੇ ਸੰਘਰਸ਼ ਦੇ ਰਾਹ ’ਤੇ ਉਤਰਨਾ ਪਿਆ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਮੌਜੂਦਾ ਪ੍ਰਬੰਧਕਾਂ ਤੋਂ ਇਹ ਰਾਸ਼ੀ ਦਵਿਾਵੇ ਜਾਂ ਸਰਕਾਰ ਨਵਾਂ ਇਨਵੈੱਸਟਰ ਲਿਆਵੇ ਜਾਂ ਸਰਕਾਰ ਸ਼ੂਗਰ ਫੈੱਡ ਰਾਹੀਂ ਇਸ ਰਾਸ਼ੀ ਦਾ ਪ੍ਰਬੰਧ ਕਰਵਾਵੇ ਤਾਂ ਕਿ ਮਿੱਲ ਚੱਲ ਸਕੇ। ਉਨ੍ਹਾਂ ਕਿਹਾ ਕਿ ਸ਼ੂਗਰ ਮਿੱਲ ਦੀ ਮੁਰੰਮਤ ਦੇ ਕਈ ਕੰਮ ਹੋਣੇ ਬਾਕੀ ਹਨ ਤੇ ਹੁਣ ਕੰਮਕਾਜ ਵੀ ਬੰਦ ਹੈ ਜਿਸ ਕਾਰਨ ਕਿਸਾਨਾਂ ਦੀ ਆਉਣ ਵਾਲੀ ਫ਼ਸਲ ਨੂੰ ਸਾਂਭਣਾ ਵੀ ਔਖਾ ਹੋਵੇਗਾ।
ਦੂਸਰੇ ਪਾਸੇ ਮਿੱਲ ਪ੍ਰਬੰਧਕਾਂ ਨੇ 42 ਕਰੋੜ ਦੀ ਰਾਸ਼ੀ ਸਬੰਧੀ ਕਿਹਾ ਕਿ ਵਾਹਦ, ਸੰਧੜ ਤੇ ਉਨ੍ਹਾਂ ਸਮੇਤ ਤਿੰਨ ਕਿਸ਼ਤਾਂ ’ਚ 5-5 ਕਰੋੜ ਰੁਪਏ ਦਾ ਹਿੱਸਾ ਦੇਣ ਦਾ ਸਮਝੌਤਾ ਹੋਇਆ ਸੀ ਪਰ ਉਨ੍ਹਾਂ ਨੇ 7 ਕਰੋੜ ਰੁਪਏ ਦੇ ਦਿੱਤੇ ਹਨ ਪਰ ਵਾਹਦ, ਸੰਧੜ ਵਲੋਂ ਇਹ ਰਾਸ਼ੀ ਨਹੀਂ ਦਿੱਤੀ ਗਈ ਜਿਸ ਕਾਰਨ ਬਕਾਇਆ ਰਾਸ਼ੀ ਰੁਕ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਉਹ ਮਿੱਲ ਚਲਾਉਣ ਲਈ ਤਿਆਰ ਹਨ ਪਰ ਪੁਰਾਣੀ ਰਾਸ਼ੀ ਪੁਰਾਣੇ ਪ੍ਰਬੰਧਕਾਂ ਨੇ ਹੀ ਦੇਣੀ ਹੈ।