ਖੇਤ ’ਚੋਂ ਲਾਸ਼ ਮਿਲੀ
ਪਿੰਡ ਮੁੱਡਾ ਨੇੜੇ ਇੱਕ 38 ਸਾਲਾ ਵਿਅਕਤੀ ਦੀ ਖੂਨ ਨਾਲ ਲਥਪਥ ਲਾਸ਼ ਮਿਲੀ ਹੈ। ਮ੍ਰਿਤਕ ਦੇ ਸਿਰ ’ਤੇ ਸੱਟ ਦੇ ਨਿਸ਼ਾਨ ਹਨ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੀ ਪਛਾਣ ਮੁਕੁਲ ਕੁਮਾਰ ਵਾਸੀ ਤਿਲਕ ਨਗਰ, ਜਲੰਧਰ ਵਜੋਂ ਹੋਈ ਹੈ। ਥਾਣਾ ਨਕੋਦਰ ਸਦਰ ਦੇ ਜਾਂਚ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਤਲ ਵਜੋਂ ਕੀਤੀ ਜਾ ਰਹੀ ਹੈ। ਮ੍ਰਿਤਕ ਮੁਕੁਲ ਦੇ ਪਿਤਾ ਸਤਪਾਲ ਨੇ ਪੁਲੀਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਉਨ੍ਹਾਂ ਦਾ ਪੁੱਤਰ ਵਿਆਹਿਆ ਹੋਇਆ ਸੀ। ਬੀਤੀ 19 ਦਸੰਬਰ (ਵੀਰਵਾਰ) ਮੁਕੁਲ ਆਪਣੇ ਸਾਈਕਲ ’ਤੇ ਨਕੋਦਰ ਵਿੱਚ ਕਿਸੇ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਗਿਆ ਸੀ ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ। ਪਹਿਲਾਂ ਤਾਂ ਪਰਿਵਾਰ ਵਾਲਿਆਂ ਨੇ ਆਪਣੇ ਪੱਧਰ ’ਤੇ ਮੁਕੁਲ ਦੀ ਭਾਲ ਕੀਤੀ ਪਰ ਕੁਝ ਨਹੀਂ ਹੋਇਆ। ਮੁਕੁਲ ਦਾ ਫ਼ੋਨ ਬੰਦ ਸੀ। ਇਸ ਤੋਂ ਬਾਅਦ ਪਰਿਵਾਰ ਵੱਲੋਂ ਕੇਸ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਮੁਕੁਲ ਦੀ ਲਾਸ਼ ਨਕੋਦਰ ਜਲੰਧਰ ਹਾਈਵੇਅ ’ਤੇ ਆਲੂ ਦੇ ਖੇਤ ’ਚੋਂ ਬਰਾਮਦ ਹੋਈ ਹੈ।