ਖੇਤੀ ਵਿਭਾਗ ਵੱਲੋਂ ਗ਼ੈਰਕਾਨੂੰਨੀ ਗੋਦਾਮ ’ਤੇ ਛਾਪਾ
ਦਵਿੰਦਰ ਸਿੰਘ
ਯਮੁਨਾਨਗਰ, 8 ਮਈ
ਖੇਤੀਬਾੜੀ ਵਿਭਾਗ ਦੀ ਟੀਮ ਨੇ ਪਿੰਡ ਤਾਜਕਪੁਰ ਵਿੱਚ ਗੋਦਾਮ ’ਤੇ ਛਾਪਾ ਮਾਰਿਆ ਅਤੇ 2400 ਬੋਰੀਆਂ ਯੂਰੀਆ ਖਾਦ ਦੀਆਂ ਬਰਾਮਦ ਕੀਤੀਆਂ। ਜ਼ਿਕਰਯੋਗ ਹੈ ਕਿ ਇੱਥੇ ਕਿਸਾਨਾਂ ਲਈ ਸਬਸਿਡੀ ਵਾਲੇ ਯੂਰੀਆ ਦੀ ਚੱਲ ਰਹੀ ਕਾਲਾਬਾਜ਼ਾਰੀ ਦੀਆਂ ਸ਼ਿਕਾਇਤਾਂ ਲੰਬੇ ਸਮੇਂ ਤੋਂ ਮਿਲ ਰਹੀਆਂ ਸਨ। ਕਿਸਾਨਾਂ ਦੀ ਸਬਸਿਡੀ ਵਾਲਾ ਯੂਰੀਆ ਪਲਾਈਵੁੱਡ ਫੈਕਟਰੀਆਂ ਵਿੱਚ ਵਰਤਿਆ ਜਾਂਦਾ ਹੈ। ਖੇਤੀ ਵਿਭਾਗ ਦੀ ਟੀਮ ਪਿੰਡ ਤਾਜਕਪੁਰ ਪਹੁੰਚੀ। ਟੀਮ ਨੇ ਸਬੰਧਤ ਗੋਦਾਮ ਵਿੱਚੋਂ ਟੈਂਪੂ ਨਿਕਲਦਾ ਦੇਖਿਆ। ਜਦੋਂ ਇਸ ਨੂੰ ਰੋਕਿਆ ਗਿਆ, ਤਾਂ ਇਸ ਵਿੱਚ ਯੂਰੀਆ ਖਾਦ ਦੀਆਂ ਬੋਰੀਆਂ ਬਰਾਮਦ ਹੋਈਆਂ। ਇਸ ਤੋਂ ਬਾਅਦ, ਵਿਭਾਗ ਦੀ ਟੀਮ ਗੋਦਾਮ ਵਿੱਚ ਦਾਖਲ ਹੋਈ ਅਤੇ ਗੋਦਾਮ ਵਿੱਚ ਟੀਨ ਸ਼ੈੱਡ ਹੇਠੋਂ ਯੂਰੀਆ ਦੇ ਲਗਪਗ 2400 ਥੈਲੇ ਬਰਾਮਦ ਕੀਤੇ ਗਏ । ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਮੌਜੂਦ ਗੋਦਾਮ ਦੇ ਮਾਲਕ ਨਰਿੰਦਰ ਦਹੀਆ ਤੋਂ ਗੋਦਾਮ ਵਿੱਚ ਰੱਖੇ ਖੇਤੀਬਾੜੀ ਯੂਰੀਆ ਦੇ ਸਟਾਕ ਅਤੇ ਪੀਓਐੱਸ ਮਸ਼ੀਨ ਵਿੱਚ ਦਰਜ ਡੇਟਾ ਬਾਰੇ ਜਾਣਕਾਰੀ ਮੰਗੀ ।
ਗੋਦਾਮ ਦੇ ਮਾਲਕ ਖ਼ਿਲਾਫ਼ ਕਾਰਵਾਈ ਲਈ ਪੁਲੀਸ ਨੂੰ ਕੀਤੀ ਹਦਾਇਤ
ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਆਦਿੱਤਿਆ ਪ੍ਰਤਾਪ ਡਾਬਾਸ ਨੇ ਕਿਹਾ ਕਿ ਵਿਭਾਗ ਦੀ ਟੀਮ ਨੂੰ ਗੋਦਾਮ ਬਾਰੇ ਕਾਫ਼ੀ ਸਮੇਂ ਤੋਂ ਜਾਣਕਾਰੀ ਮਿਲ ਰਹੀ ਸੀ। ਜਦੋਂ ਵੀ ਉਹ ਇੱਥੇ ਆਉਂਦੇ ਸੀ, ਇਹ ਬੰਦ ਮਿਲਦਾ ਸੀ। ਅੱਜ ਜਦੋਂ ਇੱਕ ਟੈਂਪੂ ਗੋਦਾਮ ਵਿੱਚੋਂ ਨਿਕਲਦਾ ਦੇਖਿਆ ਗਿਆ ਤਾਂ ਵਿਭਾਗ ਦੇ ਅਧਿਕਾਰੀਆਂ ਨੇ ਇਸ ਗੈਰ-ਕਾਨੂੰਨੀ ਗੋਦਾਮ ’ਤੇ ਛਾਪਾ ਮਾਰਿਆ। ਉਨ੍ਹਾਂ ਦੱਸਿਆ ਕਿ ਇਸ ਗੋਦਾਮ ’ਤੇ ਤਿੰਨ ਸਾਲ ਪਹਿਲਾਂ ਖੇਤੀ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ ਸੀ ਅਤੇ ਉਸ ਤੋਂ ਬਾਅਦ ਇਸ ਨੂੰ ਸੀਲ ਕਰ ਦਿੱਤਾ ਗਿਆ ਸੀ। ਫਿਰ ਇਹ ਗੋਦਾਮ ਦੁਬਾਰਾ ਕਿਵੇਂ ਖੋਲ੍ਹਿਆ ਗਿਆ, ਇਸ ਬਾਰੇ ਜਾਂਚ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਦੇ ਰਿਕਾਰਡ ਵਿੱਚ ਇਸ ਪਤੇ ’ਤੇ ਕੋਈ ਵੀ ਗੋਦਾਮ ਰਜਿਸਟਰਡ ਨਹੀਂ ਹੈ ਅਤੇ ਖੇਤੀਬਾੜੀ ਵਿਭਾਗ ਦੀ ਨਜ਼ਰ ਵਿੱਚ ਇਹ ਇੱਕ ਗੈਰ-ਕਾਨੂੰਨੀ ਗੋਦਾਮ ਹੈ । ਉਨ੍ਹਾਂ ਕਿਹਾ ਕਿ ਇਸ ਸਬੰਧੀ ਸਦਰ ਪੁਲੀਸ ਸਟੇਸ਼ਨ ਯਮੁਨਾਨਗਰ ਨੂੰ ਸੂਚਿਤ ਕੀਤਾ ਗਿਆ ਹੈ ਕਿ ਇਸ ਗੋਦਾਮ ਦੇ ਪ੍ਰਬੰਧਕ ਵਿਰੁੱਧ ਐੱਫਆਈਆਰ ਦਰਜ ਕੀਤੀ ਜਾਵੇ ਅਤੇ ਇਸ ਸਟਾਕ ਨੂੰ ਜ਼ਬਤ ਕੀਤਾ ਜਾਵੇ ।