ਖੇਤੀ ਮਾਹਿਰਾਂ ਵੱਲੋਂ ਢੋਲਣ ਤੇ ਚਚਰਾੜੀ ’ਚ ਕਿਸਾਨਾਂ ਨਾਲ ਮੀਟਿੰਗ
ਪੱਤਰ ਪ੍ਰੇਰਕ
ਜਗਰਾਉਂ, 31 ਮਈ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਪੰਜਾਬ) ਵੱਲੋਂ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਵਿਕਸਿਤ ਕ੍ਰਿਸ਼ੀ ਸਕੰਲਪ ਅਭਿਆਨ ਤਹਿਤ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਗੁਰਦੀਪ ਸਿੰਘ ਦੀ ਅਗਵਾਈ ਹੇਠ ਬਲਾਕ ਖੇਤੀਬਾੜੀ ਅਫਸਰ ਡਾ. ਜਗਤਿੰਦਰ ਸਿੰਘ ਸਿੱਧੂ ਨੇ ਪਿੰਡ ਢੋਲਣ ਅਤੇ ਚਚਰਾੜੀ ਦੇ ਕਿਸਾਨਾਂ ਨਾਲ ਰਾਬਤ ਕੀਤਾ ਅਤੇ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮਿਲਣੀ ਦੌਰਾਨ ਇੰਡੀਅਨ ਇੰਸਟੀਚਿਊਟ ਓਨ ਮੇਜ ਰਿਸਰਚ ਤੋਂ ਡਾ. ਰੋਮਨ ਸ਼ਰਮਾ ਨੇ ਕਿਸਾਨਾਂ ਨੂੰ ਮੌਨਸੂਨ ਦੀ ਮੱਕੀ ਬਾਰੇ ਦੱਸਦਿਆਂ ਅਪੀਲ ਕੀਤੀ ਕਿ ਥੋੜਾ-ਥੋੜਾ ਰਕਬਾ ਇਸ ਮੱਕੀ ਅਧੀਨ ਵੀ ਲਿਆਂਦਾ ਜਾਵੇ। ਉਨ੍ਹਾਂ ਮੱਕੀ ਦੀ ਫ਼ਸਲ ਦੀਆਂ ਸਮੱਸਿਆਵਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਮੱਕੀ ਤੋਂ ਇਥਾਨੌਲ ਬਣਾ ਕੇ ਪੈਟਰੌਲ ਇੰਡਸਟਰੀ ਵਿੱਚ ਵੀ ਲਾਭ ਲਿਆ ਜਾ ਸਕਦਾ ਹੈ। ਡਾ. ਰੇਨੂ ਕ੍ਰਿਸ਼ਨ ਨੇ ਦੱਸਿਆ ਕਿ ਕੋਈ ਵੀ ਕਿਸਾਨ ਮੂੰਗੀ, ਹਲਦੀ, ਮੱਕੀ, ਕਣਕ ਆਦਿ ਦੀ ਪ੍ਰੋਸੈਸਿੰਗ ਸੇਫਟ ਤੋਂ ਦੋ ਰੁਪਏ ਕਿੱਲੋ ਦੇ ਹਿਸਾਬ ਨਾਲ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਕਿਸਾਨ ਖੁੱਦ ਪ੍ਰੋਸੈਸਿੰਗ ਦੇ ਸਬੰਧ ਵਿੱਚ ਇੰਸਟੀਚਿਊਟ ਤੋਂ ਟ੍ਰੇਨਿੰਗ ਲੈਣੀ ਚਾਹੁੰਦਾ ਹੈ, ਉਹ ਵੀ ਮੁਫਤ ਵਿੱਚ ਦਿੱਤੀ ਜਾਂਦੀ ਹੈ। ਡਾ. ਜਗਤਿੰਦਰ ਸਿੱਧੂ ਨੇ ਵਿਭਾਗ ਵੱਲੋਂ ਚੱਲ ਰਹੀਆਂ ਸਕੀਮਾਂ ਬਾਰੇ ਦੱਸਿਆ।