For the best experience, open
https://m.punjabitribuneonline.com
on your mobile browser.
Advertisement

ਖੇਤੀ ਮਸ਼ੀਨਰੀ ਨਾਲ ਪਰਾਲੀ ਦੀ ਸੰਭਾਲ

08:05 AM Nov 16, 2024 IST
ਖੇਤੀ ਮਸ਼ੀਨਰੀ ਨਾਲ ਪਰਾਲੀ ਦੀ ਸੰਭਾਲ
Advertisement

ਸੁਨੀਲ ਕੁਮਾਰ/ਰੁਕਿੰਦਰ ਪ੍ਰੀਤ ਸਿੰਘ ਧਾਲੀਵਾਲ/ਮਨਦੀਪ ਸਿੰਘ*

Advertisement

ਝੋਨੇ ਦੀ ਕਟਾਈ ਤੇ ਕਣਕ ਦੀ ਬਿਜਾਈ ਦਰਮਿਆਨ ਸਮੇਂ ਦੀ ਘਾਟ ਕਾਰਨ ਪਰਾਲੀ ਨੂੰ ਲਗਾਈ ਜਾਂਦੀ ਅੱਗ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਸੂਬਿਆਂ ਲਈ ਚਿੰਤਾ ਦਾ ਵਿਸ਼ਾ ਹੈ। ਪਰਾਲੀ ਨੂੰ ਅੱਗ ਲਗਾਉਣ ਨਾਲ ਬਹੁਮੁੱਲੇ ਖ਼ੁਰਾਕੀ ਤੱਤ ਸੜ ਜਾਂਦੇ ਹਨ ਅਤੇ ਨਾਲ ਹੀ ਵਾਤਾਵਰਨ ਵੀ ਪਲੀਤ ਹੁੰਦਾ ਹੈ। ਇਸ ਨਾਲ ਧਰਤੀ ਵਿਚਲੇ ਸੂਖਮ ਜੀਵ ਨਸ਼ਟ ਹੋਣ ਦੇ ਨਾਲ-ਨਾਲ ਰੁੱਖਾਂ, ਪਸ਼ੂਆਂ ਅਤੇ ਪੰਛੀਆਂ ਦਾ ਵੀ ਨੁਕਸਾਨ ਹੁੰਦਾ ਹੈ। ਪਰ ਜੇ ਇਸ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਲਿਆ ਜਾਵੇ ਤਾਂ ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਆਉਂਦਾ ਹੈ ਅਤੇ ਫ਼ਸਲਾਂ ਦੇ ਝਾੜ ਵਿੱਚ ਵਾਧਾ ਹੁੰਦਾ ਹੈ। ਪਰਾਲੀ ਨੂੰ ਖੇਤ ਵਿੱਚ ਸੰਭਾਲਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਵੱਲੋਂ ਕਈ ਤਰ੍ਹਾਂ ਦੀਆਂ ਮਸ਼ੀਨਾਂ ਖੋਜੀਆਂ ਗਈਆਂ ਹਨ।

Advertisement

ਸੁਪਰ ਐੱਸਐੱਮਐੱਸ ਵਾਲੀ ਕੰਬਾਈਨ:

ਇਸ ਕੰਬਾਈਨ ਨਾਲ ਝੋਨੇ ਦੀ ਵਾਢੀ ਕਰਨ ’ਤੇ ਕੰਬਾਈਨ ਦੇ ਪਿੱਛੇ ਨਿਕਲਣ ਵਾਲੇ ਪਰਾਲ ਦਾ ਕੁਤਰਾ ਹੋ ਜਾਂਦਾ ਹੈ ਅਤੇ ਖੇਤ ਵਿੱਚ ਇਕਸਾਰ ਖਿੱਲਰ ਜਾਂਦਾ ਹੈ। ਇਸ ਤੋਂ ਬਾਅਦ ਖੇਤ ਵਿੱਚ ਪਰਾਲੀ ਸਣੇ ਕਣਕ ਦੀ ਬਿਜਾਈ ਕਰਨ ਲਈ ਕੋਈ ਵੀ ਮਸ਼ੀਨ ਵਰਤਣ ਵਿੱਚ ਦਿੱਕਤ ਨਹੀਂ ਆਉਂਦੀ। ਇਸ ਮਸ਼ੀਨ ਦੇ ਸਹੀ ਤਰੀਕੇ ਨਾਲ ਕੰਮ ਕਰਨ ਲਈ ਇਸ ਦਾ ਪਿਛਲਾ ਰੋਟਰ 1600-1800 ਚੱਕਰਾਂ ’ਤੇ ਚੱਲਣਾ ਚਾਹੀਦਾ ਹੈ ਅਤੇ ਇਸ ਦੀ ਵਾਈਬ੍ਰੇਸ਼ਨ ਘਟਾਉਣ ਲਈ ਡਾਇਨਾਮਿਕ ਬੈਲੇਂਸਿੰਗ ਹੋਣੀ ਬਹੁਤ ਜ਼ਰੂਰੀ ਹੈ। ਰੋਟਰ ਦੇ ਬਲੇਡਾਂ ਅਤੇ ਫਿਕਸ ਬਲੇਡਾਂ ਵਿਚਲੀ ਦੂਰੀ ਸਹੀ ਹੋਣੀ ਚਾਹੀਦੀ ਹੈ।

ਹੈਪੀ ਸੀਡਰ:

ਇਸ ਮਸ਼ੀਨ ਨੂੰ ਸੁਪਰ ਐੱਸਐੱਮਐੱਸ ਵਾਲੀ ਕੰਬਾਈਨ ਵਰਤਣ ਤੋਂ ਬਾਅਦ ਕਣਕ ਦੀ ਬਿਜਾਈ ਲਈ ਵਰਤਿਆ ਜਾ ਸਕਦਾ ਹੈ। ਇਸ ਮਸ਼ੀਨ ਵਿੱਚ ਅੱਗੇ ਲੱਗੇ ਹੋਏ ਫਲੇਲ ਬਲੇਡ ਫਾਲਿਆਂ ਦੇ ਅੱਗੇ ਆਉਣ ਵਾਲੀ ਪਰਾਲੀ ਨੂੰ ਕੱਟ ਕੇ ਪਿੱਛੇ ਸੁੱਟਦੇ ਜਾਂਦੇ ਹਨ। ਇਸ ਨਾਲ ਫਾਲਿਆਂ ਵਿੱਚ ਪਰਾਲੀ ਨਹੀਂ ਫਸਦੀ ਅਤੇ ਕਣਕ ਦੀ ਬਿਜਾਈ ਸੁਖਾਲੀ ਹੋ ਜਾਂਦੀ ਹੈ। ਹੈਪੀ ਸੀਡਰ ਵਿੱਚ ਪਹੀਆਂ ਵਾਲੀ ਅਟੈਚਮੈਂਟ ਵਰਤਣ ਨਾਲ ਫਾਲਿਆਂ ਵਿਚਲੀ ਪਰਾਲੀ ਹੇਠਾਂ ਦੱਬ ਜਾਂਦੀ ਹੈ ਅਤੇ ਬੀਜ ਦਾ ਮਿੱਟੀ ਨਾਲ ਸੰਪਰਕ ਵਧੀਆ ਹੋ ਜਾਂਦਾ ਹੈ। ਇਸ ਨਾਲ ਕਣਕ ਇਕਸਾਰ ਨਿਕਲਦੀ ਹੈ। ਹੈਪੀ ਸੀਡਰ ਨਾਲ ਬੀਜੀ ਕਣਕ ਪਰਾਲੀ ਦੀ ਮਲਚਿੰਗ ਹੋਣ ਕਾਰਨ ਗੁੱਲੀ-ਡੰਡੇ ਦੀ ਸਮੱਸਿਆ ਘੱਟ ਆਉਂਦੀ ਹੈ। ਇਸ ਤਰੀਕੇ ਨਾਲ ਬੀਜੀ ਕਣਕ ਡਿੱਗਦੀ ਵੀ ਘੱਟ ਹੈ। ਇਹ ਮਸ਼ੀਨ 45-50 ਹਾਰਸਪਾਵਰ ਦੇ ਟਰੈਕਟਰ ਨਾਲ ਚੱਲਦੀ ਹੈ ਅਤੇ ਇੱਕ ਦਿਨ ਵਿੱਚ 7-8 ਏਕੜ ਬੀਜ ਦਿੰਦੀ ਹੈ। ਇਸ ਮਸ਼ੀਨ ਦੀ ਵਰਤੋਂ ਸਵੇਰੇ ਜਾਂ ਸ਼ਾਮ ਦੇ ਸਮੇਂ ਜਦੋਂ ਜ਼ਿਆਦਾ ਤ੍ਰੇਲ ਪਈ ਹੋਵੇ ਤਾਂ ਨਹੀਂ ਕਰਨੀ ਚਾਹੀਦੀ। ਜਿਸ ਖੇਤ ਵਿੱਚ ਇਹ ਮਸ਼ੀਨ ਵਰਤਣੀ ਹੋਵੇ, ਉੱਥੇ ਕੰਬਾਈਨ ਦੇ ਟਾਇਰਾਂ ਦੀਆਂ ਲੀਹਾਂ ਨਾ ਪਈਆਂ ਹੋਣ। ਬੀਜ ਦੀ ਡੂੰਘਾਈ 2 ਇੰਚ ਰੱਖੋ ਅਤੇ ਬੀਜ ਰਵਾਇਤੀ ਬਿਜਾਈ ਲਈ ਸਿਫ਼ਾਰਸ਼ ਕੀਤੀ (40 ਕਿਲੋ ਪ੍ਰਤੀ ਏਕੜ) ਮਾਤਰਾ ਤੋਂ 5 ਕਿਲੋ ਪ੍ਰਤੀ ਏਕੜ ਜ਼ਿਆਦਾ ਪਾਉ। ਬਿਜਾਈ ਸਮੇਂ ਖੇਤ ਵਿੱਚ ‘ਕੂਲਾ ਵੱਤਰ’ ਹੋਣਾ ਚਾਹੀਦਾ ਹੈ। ਹੈਪੀ ਸੀਡਰ ਨੂੰ ਖੇਤ ਵਿੱਚ ਤੋਰਨ ਤੋਂ ਪਹਿਲਾ ਉਸ ਦੇ ਪੂਰੇ ਚੱਕਰ ਬਣਾ ਲਉ ਅਤੇ ਫੇਰ ਲਿਫਟ ਨੀਚੇ ਸੁੱਟ ਕੇ ਤੋਰੋ। ਇਸ ਤਰ੍ਹਾਂ ਬਲੇਡਾਂ ਵਿੱਚ ਪਰਾਲੀ ਫਸ ਕੇ ਮਸ਼ੀਨ ਦੇ ਰੁਕਣ ਦੀ ਸਮੱਸਿਆ ਨਹੀਂ ਆਵੇਗੀ। ਇਸ ਤਰੀਕੇ ਨਾਲ ਬੀਜੀ ਕਣਕ ਨੂੰ ਪਹਿਲਾ ਪਾਣੀ ਹਲਕਾ ਲਗਾਉ।

ਸੁਪਰ ਸੀਡਰ:

ਸੁਪਰ ਸੀਡਰ ਮਸ਼ੀਨ ਵਿੱਚ ਅੱਗੇ ਰੋਟਾਵੇਟਰ ਵਾਲਾ ਸਿਸਟਮ ਲੱਗਾ ਹੁੰਦਾ ਜੋ ਸਾਰੀ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਂਦਾ ਹੈ ਅਤੇ ਪਿੱਛੇ ਬੀਜ ਕੇਰਨ ਵਾਲਾ ਸਿਸਟਮ ਲੱਗਾ ਹੁੰਦਾ ਹੈ। ਇਸ ਮਸ਼ੀਨ ਨਾਲ ਕੀਤੀ ਬਿਜਾਈ ਕਿਸਾਨਾਂ ਨੂੰ ਬਹੁਤ ਪਸੰਦ ਆਉਂਦੀ ਹੈ ਕਿਉਂਕਿ ਖੇਤ ਦੇਖਣ ਵਿੱਚ ਸਾਫ਼ ਲਗਦਾ ਹੈ। ਇਸ ਮਸ਼ੀਨ ਨੂੰ ਵਰਤਣ ਸਮੇਂ ਖੇਤ ਵਿੱਚ ਨਮੀ ਦੀ ਮਾਤਰਾ ਆਮ ਵੱਤਰ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਹੈ। ਇਸ ਮਸ਼ੀਨ ਨੂੰ ਚਲਾਉਣ ਲਈ 60 ਜਾਂ ਜ਼ਿਆਦਾ ਹਾਰਸਪਾਵਰ ਦਾ ਟਰੈਕਟਰ ਚਾਹੀਦਾ ਹੈ। ਜਿਸ ਵਿੱਚ ਘੱਟ ਤੋਰੇ ਵਾਲਾ ਗੇਅਰ ਹੋਵੇ। ਇਹ ਮਸ਼ੀਨ ਇੱਕ ਦਿਨ ਵਿੱਚ 3-4 ਏਕੜ ਵਿੱਚ ਬਿਜਾਈ ਕਰ ਦਿੰਦੀ ਹੈ। ਜਿਨ੍ਹਾਂ ਖੇਤਾਂ ਵਿੱਚ ਗੁੱਲੀ-ਡੰਡੇ ਦੀ ਸਮੱਸਿਆ ਬਹੁਤ ਜ਼ਿਆਦਾ ਹੋਵੇ, ਉੱਥੇ ਇਸ ਮਸ਼ੀਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਪਿੱਛੇ ਚੱਲਣ ਵਾਲੇ ਰੋਲਰ ਦੀ ਦਾਬ ਏਨੀ ਕੁ ਰੱਖੋ ਕੇ ਸਖ਼ਤ ਪਰਤ ਨਾ ਬਣੇ, ਨਹੀਂ ਤਾਂ ਕਣਕ ਨੂੰ ਬਾਹਰ ਨਿਕਲਣ ਵਿੱਚ ਦਿੱਕਤ ਆਉਂਦੀ ਹੈ। ਇਸ ਮਸ਼ੀਨ ਦੀ ਵਰਤੋਂ ਲਈ ਵੀ ਝੋਨੇ ਦੀ ਕਟਾਈ ਲਈ ਸੁਪਰ ਐੱਸਐੱਮਐੱਸ ਵਾਲੀ ਕੰਬਾਈਨ ਦੀ ਵਰਤੋਂ ਯਕੀਨੀ ਬਣਾਉ।

ਪੀਏਯੂ ਸਮਾਰਟ ਸੀਡਰ:

ਇਹ ਮਸ਼ੀਨ ਹੈਪੀ ਸੀਡਰ ਅਤੇ ਸੁਪਰ ਸੀਡਰ ਦਾ ਸੁਮੇਲ ਹੈ। ਇਸ ਮਸ਼ੀਨ ਦੀ ਵਰਤੋਂ ਸਮੇਂ 2-2.5 ਇੰਚ ਦੀਆਂ ਪੱਟੀਆਂ ਦੇ ਸਿਆੜਾਂ ਦੀ ਪਰਾਲੀ ਹੀ ਖੇਤ ਵਿੱਚ ਮਿਕਸ ਹੁੰਦੀ ਹੈ ਅਤੇ ਸਿਆੜਾਂ ਦੇ ਵਿਚਾਲੇ ਦੀ ਪਰਾਲੀ ਹੈਪੀ ਸੀਡਰ ਦੀ ਤਰ੍ਹਾਂ ਖੇਤ ਵਿੱਚ ਹੀ ਪਈ ਰਹਿੰਦੀ ਹੈ। ਇਸ ਮਸ਼ੀਨ ਪਿੱਛੇ ਬੀਜ ਕੇਰਨ ਵਾਲੇ ਸਿਸਟਮ ਵਿੱਚ ਦੋ ਤਵੀਆਂ ਲੱਗੀਆਂ ਹਨ ਜੋ ਕਿ ਆਹਮਣੇ-ਸਾਹਮਣੇ ਸਿੱਧੀਆਂ ਚਲਦੀਆਂ ਹਨ, ਜਿਨ੍ਹਾਂ ਦੇ ਵਿਚਾਲੇ ਬੀਜ ਗਿਰਦਾ ਹੈ ਅਤੇ ਪਿੱਛੇ ਚਲਦਾ ਮਿੱਟੀ ਦੱਬਣ ਵਾਲਾ ਪਹੀਆ ਇਸ ਬੀਜ ਨੂੰ ਦੱਬਦਾ ਜਾਂਦਾ ਹੈ। ਇਸ ਤਰੀਕੇ ਬੀਜੀ ਕਣਕ ਦਾ ਜੰਮ ਬਹੁਤ ਵਧੀਆ ਹੁੰਦਾ ਹੈ। ਬਿਜਾਈ ਸਮੇਂ ਖੇਤ ਦੀ ਨਮੀ ਆਮ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਹੈ। ਇਸ ਮਸ਼ੀਨ ਨਾਲ ਕਣਕ ਬੀਜਣ ’ਤੇ ਹੈਪੀ ਸੀਡਰ ਦੀ ਤਰ੍ਹਾਂ ਗੁੱਲੀ-ਡੰਡਾ ਵੀ ਘੱਟ ਉੱਗਦਾ ਹੈ। ਇਹ ਮਸ਼ੀਨ 45 ਜਾਂ ਜ਼ਿਆਦਾ ਹਾਰਸਪਾਵਰ ਦੇ ਟਰੈਕਟਰ ਨਾਲ ਚੱਲਦੀ ਹੈ ਅਤੇ ਇੱਕ ਘੰਟੇ ਵਿੱਚ ਇੱਕ ਏਕੜ ਬੀਜ ਦਿੰਦੀ ਹੈ।

ਮਲਚਿੰਗ ਵਿਧੀ:

ਪਿਛਲੇ ਕੁਝ ਸਾਲਾਂ ਤੋਂ ਮਲਚਿੰਗ ਵਿਧੀ ਕਿਸਾਨਾਂ ਵਿੱਚ ਕਾਫ਼ੀ ਪ੍ਰਚੱਲਿਤ ਹੋਈ ਹੈ। ਇਸ ਵਿਧੀ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਵਾਢੀ ਤੋਂ ਬਾਅਦ ਖੜ੍ਹੇ ਕਰਚਿਆਂ ਵਿੱਚ ਹੀ ਬੀਜ ਅਤੇ ਡੀਏਪੀ ਖਾਦ ਦਾ ਇਕਸਾਰ ਛਿੱਟਾ ਦੇ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਕਟਰ-ਕਮ-ਸਪਰੈਡਰ ਵਰਤ ਕੇ ਕਰਚਿਆਂ ਅਤੇ ਪਰਾਲੀ ਦਾ ਕੁਤਰਾ ਕਰਦੇ ਹੋਏ ਖੇਤ ਵਿਚ ਇੱਕਸਾਰ ਖਿਲਾਰ ਦਿੱਤਾ ਜਾਂਦਾ ਹੈ। ਕੁਝ ਕਿਸਾਨਾਂ ਵਲੋਂ ਮਲਚਰ ਮਸ਼ੀਨ ਵੀ ਵਰਤੀ ਜਾਂਦੀ ਹੈ। ਮਲਚਿੰਗ ਕਰਨ ਤੋਂ ਬਾਅਦ ਖੇਤ ਵਿੱਚ ਪਾਣੀ ਲਗਾ ਦਿੱਤਾ ਜਾਂਦਾ ਹੈ। ਇਸ ਤਕਨੀਕ ਵਿੱਚ ਖ਼ਰਚਾ ਬਾਕੀ ਤਕਨੀਕਾਂ ਦੇ ਮੁਕਾਬਲੇ ਬਹੁਤ ਘੱਟ ਆਉਂਦਾ ਹੈ। ਪਰ ਇਸ ਤਕਨੀਕ ਵਿੱਚ ਬੀਜ ਇਕਸਾਰ ਕੇਰਨ ਦੀ ਸਮੱਸਿਆ ਆਉਂਦੀ ਸੀ। ਉਸ ਕੰਮ ਦਾ ਮਸ਼ੀਨੀਕਰਨ ਕਰਨ ਲਈ ਪੀਏਯੂ ਵੱਲੋਂ ਸਰਫੇਸ ਸੀਡਰ ਮਸ਼ੀਨ ਤਿਆਰ ਕੀਤੀ ਗਈ ਹੈ। ਇਸ ਵਿੱਚ ਕਟਰ-ਕਮ-ਸਪਰੈਡਰ ਮਸ਼ੀਨ ਉੱਪਰ ਦੋ ਵੱਖ-ਵੱਖ ਬਕਸਿਆਂ ਰਾਹੀਂ ਬੀਜ ਅਤੇ ਖਾਦ ਕੇਰਨ ਵਾਲਾ ਸਿਸਟਮ ਲਗਾਇਆ ਗਿਆ ਹੈ। ਕਟਰ-ਕਮ-ਸਪ੍ਰੈਡਰ ਮਸ਼ੀਨ ਦੇ ਅੱਗੇ ਪਾਈਪਾਂ ਰਾਹੀਂ ਬੀਜ ਅਤੇ ਡੀਏਪੀ ਕਤਾਰਾਂ ਵਿੱਚ ਕੇਰਿਆ ਜਾਂਦਾ ਹੈ, ਪਿੱਛੇ ਕਟਰ-ਕਮ-ਸਪ੍ਰੈਡਰ ਪਰਾਲੀ ਦਾ ਕੁਤਰਾ ਕਰ ਕੇ ਖੇਤ ਵਿੱਚ ਇੱਕਸਾਰ ਖਿਲਾਰਦਾ ਜਾਂਦਾ ਹੈ। ਇਸ ਤਕਨੀਕ ਨਾਲ ਬਿਜਾਈ ਕਰਨ ਲਈ ਖੇਤ ਨੂੰ ਲੇਜ਼ਰ ਲੈਵਲ ਕਰਨਾ ਬਹੁਤ ਜ਼ਰੂਰੀ ਹੈ। ਖੇਤ ਵਿੱਚ ਝੋਨੇ ਦੀ ਲਵਾਈ ਸਮੇਂ ਹੀ ਕਿਆਰੇ ਛੋਟੇ ਪਾਉਣੇ ਚਾਹੀਦੇ ਹਨ। ਝੋਨੇ ਨੂੰ ਆਖ਼ਰੀ ਪਾਣੀ ਵੀ ਵਾਢੀ ਤੋਂ ਲਗਪਗ 20 ਕੁ ਦਿਨ ਪਹਿਲਾਂ ਲਗਾ ਦੇਣਾ ਚਾਹੀਦਾ ਹੈ ਤਾਂ ਜੋ ਵਾਢੀ ਸਮੇਂ ਖੇਤ ਸੁੱਕਾ ਹੋਵੇ। ਬੀਜ ਦੀ ਮਾਤਰਾ ਸਿਫ਼ਾਰਸ਼ ਤੋਂ ਥੋੜ੍ਹੀ ਘੱਟ ਰੱਖੀ ਜਾਵੇ ਤਾਂ ਚੰਗਾ ਹੁੰਦਾ ਹੈ।
*ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ।

Advertisement
Author Image

joginder kumar

View all posts

Advertisement