ਖੇਤੀ ਕਿੱਤੇ ਨੂੰ ਸੰਯੁਕਤ ਪ੍ਰਣਾਲੀ ਵਜੋਂ ਵਿਕਸਤ ਕਰਨ ਬਾਰੇ ਵਰਕਸ਼ਾਪ
ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਦਸੰਬਰ
ਪੰਜਾਬੀ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿੱਚ ਸੰਯੁਕਤ ਖੇਤੀ ਪ੍ਰਣਾਲੀਆਂ ਬਾਰੇ ਸਰਵ ਭਾਰਤੀ ਸਾਂਝੇ ਖੋਜ ਪ੍ਰਾਜੈਕਟ ਦੀ ਦੋ ਸਾਲਾਂ ਬਾਅਦ ਹੋਣ ਵਾਲੀ 8ਵੀਂ ਕਾਨਫਰੰਸ ਸਫਲਤਾ ਨਾਲ ਨੇਪਰੇ ਚੜ੍ਹੀ। ਇਸ ’ਚ 23 ਰਾਜਾਂ ਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀਆਂ 34 ਯੂਨੀਵਰਸਿਟੀਆਂ ਦੇ 123 ਵਿਗਿਆਨੀ ਸ਼ਾਮਲ ਹੋਏ। ਵਰਕਸ਼ਾਪ ਦੌਰਾਨ ਖੇਤੀ ਵਿਚ ਸਥਿਰਤਾ ਲਿਆਉਣ ਅਤੇ ਖੇਤੀ ਕਿੱਤੇ ਨੂੰ ਸੰਯੁਕਤ ਪ੍ਰਣਾਲੀ ਦੇ ਰੂਪ ’ਚ ਵਿਕਸਤ ਕਰਨ ਲਈ ਭਰਪੂਰ ਵਿਚਾਰਾਂ ਹੋਈਆਂ। ਇਹ ਵਰਕਸ਼ਾਪ ਮੋਦੀਪੁਰਮ ਮੇਰਠ ਵਿੱਚ ਸਥਿਤ ਆਈਸੀਏ ਆਰ ਦੇ ਖੇਤੀ ਪ੍ਰਣਾਲੀਆਂ ਦੀ ਖੋਜ ਕਰਨ ਵਾਲੇ ਭਾਰਤੀ ਸੰਸਥਾਨ ਵੱਲੋਂ ਕੀਤੀ ਗਈ ਸੀ। ਵਰਕਸ਼ਾਪ ਦੌਰਾਨ 9 ਤਕਨੀਕੀ ਸ਼ੈਸਨਾਂ ਦੌਰਾਨ ਖੇਤੀ ਦੀਆਂ ਚੁਣੌਤੀਆਂ ਦੇ ਨਾਲ-ਨਾਲ ਸੰਯੁਕਤ ਖੇਤੀ ਪ੍ਰਣਾਲੀ ਨੂੰ ਪ੍ਰਵਾਨ ਕਰਾਉਣ ਲਈ ਨਿੱਠ ਕੇ ਵਿਚਾਰ-ਚਰਚਾ ਹੋਈ। ਆਖਰੀ ਸ਼ੈਸਨ ਦੇ ਮੁੱਖ ਮਹਿਮਾਨ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਖੇਤੀ ਨੂੰ ਹੋਰ ਮੁਨਾਫੇਯੋਗ ਕਿੱਤਾ ਬਨਾਉਣ ਲਈ ਮਾਹਿਰਾਂ ਨੂੰ ਸਹਿ ਕਿੱਤਿਆਂ ਸੰਬੰਧੀ ਵਿਗਿਆਨਕ ਜਾਣਕਾਰੀ ਅਪਨਾਉਣ ਅਤੇ ਇਸ ਦੇ ਪਸਾਰ ਦਾ ਸੱਦਾ ਦਿੱਤਾ। ਵਿਸ਼ੇਸ਼ ਮਹਿਮਾਨ ਪੀਏਯੂ ਦੇ ਰਜਿਸਟਾਰ ਡਾ. ਰਿਸ਼ੀਪਾਲ ਸਿੰਘ ਨੇ ਵਰਕਸ਼ਾਪ ਦੇ ਸਿੱਟਿਆਂ ਨੂੰ ਆਮ ਲੋਕਾਂ ਤੱਕ ਪਸਾਰਨ ਦੀ ਲੋੜ ’ਤੇ ਜ਼ੋਰ ਦਿੱਤਾ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਇਸ ਵਰਕਸ਼ਾਪ ਵਿਚ ਹੋਈਆਂ ਵਿਚਾਰਾਂ ਸੰਯੁਕਤ ਖੇਤੀ ਪ੍ਰਣਾਲੀਆਂ ਸੰਬੰਧੀ ਖੋਜ ਲਈ ਦਾਇਰਾ ਹੋਰ ਮੋਕਲਾ ਕਰਨਗੀਆਂ। ਪ੍ਰੋਜੈਕਟ ਦੇ ਕੋਆਰਡੀਨੇਟਰ ਡਾ. ਐੱਨ ਰਵੀਸ਼ੰਕਰ ਨੇ ਕਾਰਵਾਈ ਰਿਪੋਰਟ ਪੇਸ਼ ਕੀਤੀ।