ਖੇਤੀਬਾੜੀ ਯੂਨੀਵਰਸਿਟੀ ਵਿੱਚ ਕਿਸਾਨ ਮੇਲਾ ਅੱਜ ਤੋਂ
ਸਤਵਿੰਦਰ ਬਸਰਾ
ਲੁਧਿਆਣਾ, 12 ਸਤੰਬਰ
ਇੱਥੇ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿਖੇ ਹਾੜ੍ਹੀ ਦੀਆਂ ਫ਼ਸਲਾਂ ਲਈ ਲਾਇਆ ਜਾਣ ਵਾਲਾ ਦੋ ਰੋਜ਼ਾ ਕਿਸਾਨ ਮੇਲਾ ਭਲਕੇ ਸ਼ੁੱਕਰਵਾਰ ਨੂੰ ਪੀਏਯੂ ਕੈਂਪਸ ਵਿੱਚ ਸ਼ੁਰੂ ਹੋ ਰਿਹਾ ਹੈ। ਇਸ ਵਾਰ ਦੇ ਮੇਲੇ ਦਾ ਥੀਮ ‘ਕੁਦਰਤੀ ਸੋਮੇ ਬਚਾਓ, ਸਭ ਲਈ ਖੁਸ਼ਹਾਲੀ ਲਿਆਓ’ ਰੱਖਿਆ ਗਿਆ ਹੈ। ਉਦਘਾਟਨੀ ਸਮਾਗਮ ਵਿਚ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਕੇ ਕਿਸਾਨਾਂ ਦਾ ਸਨਮਾਨ ਕਰਨਗੇ। ਉਦਘਾਟਨੀ ਸ਼ੈਸਨ ਦੀ ਪ੍ਰਧਾਨਗੀ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਕਰਨਗੇ।
ਇਸ ਕਿਸਾਨ ਮੇਲੇ ਵਿੱਚ ਪੰਜਾਬ ਸਮੇਤ ਹੋਰ ਸੂਬਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸ਼ਮੂਲੀਅਤ ਕਰਨ ਦੀ ਉਮੀਦ ਹੈ। ਕਿਸਾਨਾਂ ਦੀ ਆਮਦ ਨੂੰ ਦੇਖਦਿਆਂ ਯੂਨੀਵਰਸਿਟੀ ਨੇ ਵਾਹਨਾਂ ਦੀ ਪਾਰਕਿੰਗ ਅਤੇ ਪੀਏਯੂ ਕੈਂਪਸ ਵਿੱਚ ਦਾਖਲੇ ਸਬੰਧੀ ਰੂਟ ਮੈਪ ਵੀ ਜਾਰੀ ਕਰ ਦਿੱਤਾ ਹੈ। ਕਿਸਾਨ ਮੇਲੇ ਵਿੱਚ ਜਿੱਥੇ ਯੂਨੀਵਰਸਿਟੀ ਵੱਲੋਂ ਜਾਰੀ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਉੱਥੇ ਵੱਖ ਵੱਖ ਤਕਨਾਲੋਜੀ ਸਬੰਧੀ ਜਾਣਕਾਰੀ ਦੇਣ ਲਈ ’ਵਰਸਿਟੀ ਦੇ ਵੱਖ ਵੱਖ ਵਿਭਾਗਾਂ ਵੱਲੋਂ ਸਟਾਲ ਵੀ ਲਾਏ ਜਾਣਗੇ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਪਰਾਲੀ ਦੀ ਸੰਭਾਲ ਲਈ ਸਿਫ਼ਾਰਸ਼ ਕੀਤੀਆਂ ਮਸ਼ੀਨਾਂ ਦੀਆਂ ਪ੍ਰਦਰਸ਼ਨੀਆਂ ਅਤੇ ਮਸ਼ੀਨਰੀ ਨਿਰਮਾਤਾਵਾਂ ਦੇ ਪ੍ਰਦਰਸ਼ਨ ਕਿਸਾਨਾਂ ਨੂੰ ਆਪਣੇ ਵੱਲ ਖਿੱਚਣਗੇ। ਇਸ ਮੇਲੇ ਵਿੱਚ 350 ਤੋਂ ਵਧੇਰੇ ਸਟਾਲ ਲਾਏ ਜਾ ਰਹੇ ਹਨ। ਉਦਘਾਟਨੀ ਸਮਾਰੋਹ ਵਿਚ ਰੰਗਾਰੰਗ ਪ੍ਰੋਗਰਾਮ ਹੋਵੇਗਾ ਜਿਸ ਵਿਚ ਪੰਜਾਬ ਦੇ ਨਾਮੀ ਕਲਾਕਾਰ ਆਪਣਾ ਪ੍ਰੋਗਰਾਮ ਪੇਸ਼ ਕਰਨਗੇ।
ਕਿਸਾਨ ਮੇਲੇ ਵਿਚ ਆਉਣ ਲਈ ਰੂਟ ਮੈਪ ਜਾਰੀ
ਕਿਸਾਨ ਮੇਲੇ ਲਈ ਯੂਨੀਵਰਸਿਟੀ ਨੇ ਅੱਜ ਪਾਰਕਿੰਗ ਅਤੇ ਹੋਰ ਸਹੂਲਤਾਂ ਵਾਲਾ ਨਕਸ਼ਾ ਜਾਰੀ ਕੀਤਾ ਹੈ। ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਕਿਸਾਨ ਯੂਨੀਵਰਸਿਟੀ ਵਿਚ ਦਾਖਲ ਹੋਣ ਲਈ ਗੇਟ ਨੰ.1, 2, 4, 5 ਅਤੇ ਗੇਟ ਨੰ. 8 ਦੀ ਵਰਤੋਂ ਕਰ ਸਕਦੇ ਹਨ। ਪੈਦਲ ਕਿਸਾਨਾਂ, ਕਾਰਾਂ ਅਤੇ ਛੋਟੇ ਸਾਧਨਾਂ ਲਈ ਗੇਟ ਨੰ.1, ਗੇਟ ਨੰ. 2, ਗੇਟ ਨੰ. 5 ਅਤੇ ਗੇਟ ਨੰ. 8 ਦੀ ਵਰਤੋਂ ਕੀਤੀ ਜਾ ਸਕਦੀ ਹੈ। ਬੱਸਾਂ, ਟਰੱਕਾਂ ਅਤੇ ਟਰੈਕਟਰਾਂ ਦੀ ਪਾਰਕਿੰਗ 1 ਨੰਬਰ ਗੇਟ ਕੋਲ ਬਣਾਈ ਗਈ ਹੈ। ਗੇਟ ਨੰ. 2 ਅਤੇ 4 ਰਾਹੀਂ ਦੁਕਾਨਾਂ ਅਤੇ ਖੇਤੀ ਉਦਯੋਗ ਨਾਲ ਸੰਬੰਧਿਤ ਸਾਜ-ਸਮਾਨ ਦੀਆਂ ਪ੍ਰਦਸ਼ਨੀਆਂ ਵਾਲੇ ਦਾਖਲ ਹੋ ਸਕਦੇ ਹਨ। ਡਾ. ਰਿਆੜ ਨੇ ਮੇਲੇ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਮੂਹ ਕਿਸਾਨਾਂ, ਮਸ਼ੀਨਰੀ ਨਿਰਮਾਤਾਵਾਂ, ਉਦਯੋਗਿਕ ਇਕਾਈਆਂ ਦੇ ਕਰਮੀਆਂ ਤੋਂ ਸਹਿਯੋਗ ਦੀ ਆਸ ਪ੍ਰਗਟ ਕੀਤੀ।