ਖੇਤਾਂ ਵਿੱਚ ਖਿੱਚ ਦਾ ਕੇਂਦਰ ਬਣੀ statue of liberty
ਗੁਰਬਖਸ਼ਪੁਰੀ
ਤਰਨ ਤਾਰਨ, 8 ਦਸੰਬਰ
ਤਰਨ ਤਾਰਨ-ਝਬਾਲ ਸੜਕ ’ਤੇ ਪਿੰਡ ਕੋਟ ਧਰਮ ਚੰਦ ਦੇ ਕਿਸਾਨ ਅਮਰੀਕ ਸਿੰਘ ਦੇ ਖੇਤਾਂ ਵੀ ਵਿੱਚ ਬਣਾਈ ਰਿਹਾਇਸ਼ ਉੱਤੇ ਸਥਾਪਤ ਕੀਤੀ ‘ਸਟੇਚੂ ਆਫ ਲਿਬਰਟੀ’ (ਆਜ਼ਾਦੀ ਦੀ ਮੂਰਤੀ) ਆਉਂਦੇ-ਜਾਂਦੇ ਲੋਕਾਂ ਲਈ ਇੱਕ ਵਿਸ਼ੇਸ਼ ਖਿੱਚ ਬਣ ਗਈ ਹੈ। ਖੇਤ ਸੜਕ ਦੇ ਨੇੜੇ ਹੋਣ ਕਰਕੇ ਮੂਰਤੀ ਨੂੰ ਨੇੜਿਓਂ ਦੇਖਣਾ ਵੀ ਆਸਾਨ ਹੈ। ਅੰਗਰੇਜ਼ਾਂ ਦੇ ਰਾਜ ਤੋਂ ਆਜ਼ਾਦ ਹੋਣ ’ਤੇ ਫਰਾਂਸ ਦੇ ਲੋਕਾਂ ਵੱਲੋਂ ਅਮਰੀਕਾ ਨੂੰ ਦਿੱਤਾ ਇਹ ਤੋਹਫ਼ਾ ਅੱਜ ਦੁਨੀਆ ਭਰ ਅੰਦਰ ਆਜ਼ਾਦੀ ਅਤੇ ਸਮਾਨਤਾ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਇਹ ਮੂਰਤੀ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਇਕ ਟਾਪੂ ’ਤੇ ਸਥਿਤ ਹੈ। ਛੇ ਏਕੜ ਦੇ ਮਾਲਕ ਅਤੇ ਪੁਲੀਸ ਤੋਂ ਸੇਵਾਮੁਕਤ ਅਮਰੀਕ ਸਿੰਘ ਦਾ ਛੋਟਾ ਪੁੱਤਰ ਅਮਰੀਕਾ ਗਿਆ ਹੋਇਆ ਹੈ। ਉਸ ਨੇ ਉੱਥੇ ਇਹ ਮੂਰਤੀ ਦੇਖੀ ਤਾਂ ਜਲੰਧਰ ਤੋਂ ਕਾਰੀਗਰਾਂ ਨੂੰ ਇੱਥੇ ਭੇਜ ਕੇ ਸੀਮਿੰਟ ਨਾਲ ਇਹ ਮੂਰਤੀ ਬਣਵਾਈ ਹੈ। ਕਿਸਾਨ ਦੇ ਵੱਡੇ ਲੜਕੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕਰੀਬ ਛੇ ਮਹੀਨਿਆਂ ਦੇ ਅੰਦਰ ਬਣਾਈ ਇਸ ਮੂਰਤੀ ’ਤੇ ਲਗਭਗ ਡੇਢ ਲੱਖ ਰੁਪਏ ਦਾ ਖਰਚ ਆਇਆ ਹੈ। ਉਸ ਨੇ ਦੱਸਿਆ ਕਿ ਇਲਾਕੇ ਅੰਦਰ ਅਕਤੂਬਰ ਮਹੀਨੇ ਲੱਗਦੇ ਬੀੜ ਬਾਬਾ ਬੁੱਢਾ ਸਾਹਿਬ ਦੇ ਸਾਲਾਨਾ ਮੇਲੇ ’ਤੇ ਅਮਰੀਕਾ ਸਣੇ ਵਿਦੇਸ਼ਾਂ ਤੋਂ ਆਉਂਦੇ ਯਾਤਰੂ ਇਸ ਮੂਰਤੀ ਨੂੰ ਦੇਖ ਕੇ ਖੁਸ਼ ਹੁੰਦੇ ਹਨ ਅਤੇ ਉਚੇਚੇ ਤੌਰ ’ਤੇ ਮੂਰਤੀ ਨੂੰ ਦੇਖਣ ਲਈ ਆਉਂਦੇ ਹਨ।
ਉਸ ਨੇ ਕਿਹਾ ਕਿ ਇਲਾਕੇ ਅੰਦਰ ਆਮ ਲੋਕਾਂ ਨੇ ਆਪੋ-ਆਪਣੀ ਪਸੰਦ ਅਨੁਸਾਰ ਆਪਣੀਆਂ ਰਿਹਾਇਸ਼ਾਂ ’ਤੇ ਪਾਣੀ ਦੀਆਂ ਟੈਂਕੀਆਂ ਨੂੰ ਪਸ਼ੂਆਂ-ਪੰਛੀਆਂ ਦੀਆਂ ਸ਼ਕਲਾਂ ਦਿੱਤੀਆਂ ਹਨ, ਜਿਹੜੀਆਂ ਲੰਘਦੇ ਲੋਕਾਂ ਨੂੰ ਖਿੱਚ ਪਾਉਂਦੀਆਂ ਹਨ। ਸ਼ਮਸ਼ੇਰ ਸਿੰਘ ਨੇ ਕਿਹਾ ਕਿ ਉਸ ਦੇ ਅਮਰੀਕਾ ਰਹਿੰਦੇ ਭਰਾ ਗੁਲਜ਼ਾਰ ਸਿੰਘ ਨੂੰ ਕੋਈ ਵਿਲੱਖਣ ਦ੍ਰਿਸ਼ ਪੇਸ਼ ਕਰਨ ਦੀ ਤਮੰਨਾ ਸੀ ਜਿਸ ਲਈ ਉਨ੍ਹਾਂ ਇਹ ਮੂਰਤੀ ਆਪਣੀ ਰਿਹਾਇਸ਼ ’ਤੇ ਬਣਵਾਈ ਹੈ, ਜਿਸ ਨੂੰ ਲੋਕ ਉਚੇਚੇ ਤੌਰ ’ਤੇ ਦੇਖਣ ਲਈ ਆਉਂਦੇ ਹਨ|