ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੁਸ਼ਆਮਦੀਦ 2025

04:50 AM Jan 04, 2025 IST

ਦਰਸ਼ਨ ਸਿੰਘ ਬਰੇਟਾ
ਨਵਿਆਂ ਦੀ ਨਵੀਓਂ ਬਹਾਰ। ਆਧੁਨਿਕ ਸਮਾਜ ਵਿੱਚ ਇਹ ਅਕਸਰ ਹੁੰਦੈ ਕਿ ਪੁਰਾਣੀ ਸ਼ੈਅ ਵਿੱਚ ਦਿਲਚਸਪੀ ਓਨੀ ਦੇਰ ਰਹਿੰਦੀ ਹੈ ਜਦੋਂ ਤੱਕ ਨਵੀਂ ਦੀ ਉਮੀਦ ਨਾ ਬੱਝ ਜਾਵੇ। ਭਾਵੇਂ ਨਵਾਂ ਨੌਂ ਦਿਨ ਤੇ ਪੁਰਾਣਾ ਸੌ ਦਿਨ ਵੀ ਪੁਰਾਣੀ ਪੀੜ੍ਹੀ ’ਚ ਪ੍ਰਚੱਲਿਤ ਰਿਹਾ ਹੈ, ਪਰ ਅੱਜਕੱਲ੍ਹ ਤਾਂ ਲੋਕ ਤਾਜ਼ਾ ਲਿੱਪਿਆ ਹੀ ਦੇਖਦੇ ਨੇ। ਮਨੁੱਖੀ ਸੁਭਾਅ ਹੈ, ਇਹ ਬਦਲਦਾ ਹੀ ਰਹਿੰਦਾ ਹੈ।
ਬਚਪਨ ’ਚ ਨਵੇਂ ਕੱਪੜੇ ਤੇ ਖਿਡਾਉਣਿਆਂ ਦਾ ਚਾਅ ਠਾਠਾਂ ਮਾਰਦਾ ਹੁੰਦਾ ਸੀ। ਜਵਾਨੀ ’ਚ ਮੋਬਾਈਲ, ਬਾਈਕ, ਸਮਾਰਟ ਵਾਚ, ਬ੍ਰਾਂਡਿਡ ਕੱਪੜਿਆਂ ਆਦਿ ਪ੍ਰਤੀ ਆਕਰਸ਼ਣ ਬੇਹੱਦ ਵਧ ਗਿਆ। ਨਵੇਂ ਨਵੇਂ ਦੇ ਚੱਕਰ ’ਚ ਕਈ ਤਾਂ ਜ਼ਿੰਦਗੀ ਦੇ ਅਨੇਕਾਂ ਖ਼ੂਬਸੂਰਤ ਪਲਾਂ ਦਾ ਵੀ ਝੁੱਗਾ ਚੌੜ ਕਰਵਾ ਲੈਂਦੇ ਹਨ। ਤਾਂ ਹੀ ਤਾਂ ਕਹਿੰਦੇ ਹਨ ਅਕਲਾਂ ਬਾਝੋ ਖੂਹ ਖਾਲੀ।
ਦਸੰਬਰ ਮਹੀਨਾ ਸ਼ੁਰੂ ਹੁੰਦਿਆਂ ਹੀ ਚਲੰਤ ਸਾਲ ਖ਼ਤਮ ਹੋਣ ਦਾ ਅਲਾਰਮ ਮਨੋ ਮਨੀ ਵੱਜਣ ਲੱਗ ਪੈਂਦਾ ਹੈ। ਚਿੰਤਕ ਸਾਲ ਦੇ ਵਾਧੇ ਘਾਟੇ ਬਾਰੇ ਖ਼ਿਆਲੋ ਖ਼ਿਆਲੀ ਹਿਸਾਬ ਕਿਤਾਬ ਕਰਦੇ ਨੇ। ਵਪਾਰੀਆਂ ਲਈ ਇਹ ਵਾਧ ਘਾਟ ਲਾਭ ਹਾਨੀ ਦੇ ਰੂਪ ’ਚ ਚੱਲਦੀ ਹੈ। ਬੱਚਿਆਂ ਲਈ ਇਹ ਜਮਾਤ ਦਾ ਵਾਧਾ ਹੁੰਦਾ ਹੈ। ਸਰਕਾਰਾਂ ਲਈ ਰਾਜ ਭਾਗ ਦਾ ਇੱਕ ਹੋਰ ਵਰ੍ਹਾ ਖੁੱਸਣ ਵਾਂਗ ਮੰਨਿਆ ਜਾਂਦੈ।
ਗੱਲ ਕੀ ਲੰਘ ਰਿਹਾ ਵਰ੍ਹਾ ਇਤਿਹਾਸ ਦੇ ਪੰਨਿਆਂ ’ਤੇ ਖੱਟੀਆਂ ਮਿੱਠੀਆਂ ਯਾਦਾਂ ਛੱਡ ਰਿਹਾ ਹੁੰਦਾ ਹੈ। ਜਾਗਰੂਕ ਲੋਕ ਵਰ੍ਹੇ ਦੇ ਸੰਕਲਪਾਂ ਦੀ ਪੂਰਤੀ ਵਾਰੇ ਸਿਰ ਖਪਾਈ ਕਰਦੇ ਹਨ। ਕੀ ਖੱਟਿਆ ਤੇ ਕੀ ਗੁਆਇਆ? ਜ਼ਿਹਨ ’ਚ ਚਿੰਤਨ ਚੱਲਦਾ ਹੀ ਰਹਿਣਾ ਚਾਹੀਦਾ ਹੈ। ਮੀਡੀਆ ਵਾਲੇ ਦਸੰਬਰ ਦੇ ਅਖੀਰਲੇ ਹਫ਼ਤੇ ਪੂਰੇ ਵਰ੍ਹੇ ਦੀਆਂ ਬੀਤੀਆਂ ਯਾਦਾਂ ਨੂੰ ਨਵੇਂ ਢੰਗ ਨਾਲ ਫਲੈਸ਼ ਬੈਕ ਦੀ ਤਰ੍ਹਾਂ ਲੋਕਾਂ ਸਾਹਮਣੇ ਪਰੋਸਦੇ ਹਨ। ਨਵੇਂ ਵਰ੍ਹੇ ਦੀ ਪਹਿਲੀ ਕਿਰਨ ਬਹੁਤਿਆਂ ਲਈ ਰੱਬ ਦੇ ਘਰ ਪਹੁੰਚ ਕੇ ਸੁੱਖ ਸਾਂਦ ਭਰੇ ਭਵਿੱਖ ਦੀਆਂ ਅਰਦਾਸਾਂ ਕਰਨ ਲਈ ਹੁੰਦੀ ਹੈ। ਮੱਥੇ ਰਗੜਦਿਆਂ ਬੀਤੇ ਦੀਆਂ ਭੁੱਲਾਂ ਬਖਸ਼ਾਉਣ ਦਾ ਸਹੀ ਸਮਾਂ ਸਮਝਿਆ ਜਾਂਦਾ ਹੈ।
ਨਵੀਆਂ ਉਮੰਗਾਂ, ਉਮੀਦਾਂ, ਚਾਵਾਂ ਸੰਗ ਨੱਚ ਟੱਪ ਕੇ ਨਵੇਂ ਵਰ੍ਹੇ ਨੂੰ ਖੁਸ਼ਆਮਦੀਦ ਕਹਿਣ ਦਾ ਰਿਵਾਜ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ। ਮਿੱਤਰਾਂ ਦੋਸਤਾਂ ਸੰਗ ਨਵੇਂ ਵਰ੍ਹੇ ਦੀ ਸ਼ੁਰੂਆਤ ਕਰਨ ਦੀ ਪਹਿਲਕਦਮੀ ਨੌਜਵਾਨਾਂ ਵਿੱਚ ਵੱਖਰਾ ਜੋਸ਼ ਭਰਦੀ ਹੈ। ਸਾਲ ਦੀ ਆਖਰੀ ਰਾਤ ਨੂੰ ਖਾਣਾ ਪੀਣਾ ਤੇ ਨੱਚਣਾ ਟੱਪਣਾ ਨੌਜਵਾਨਾਂ ਦੀ ਪਹਿਲੀ ਪਸੰਦ ਬਣਿਆ ਰਹਿੰਦਾ ਹੈ। ਜੁੰਡਲੀ ਪਾਰਟੀਆਂ ਵਿੱਚ ਸ਼ਾਮਲ ਹੋਣਾ ਨੌਜਵਾਨਾਂ ਨੂੰ ਵੱਡੇ ਮਾਅਰਕੇ ਵਾਲਾ ਕੰਮ ਜਾਪਦਾ ਹੈ। ਅਕਸਰ ਦੇਖਣ ’ਚ ਆਇਐ ਕਿ ਨੌਜਵਾਨਾਂ ਲਈ ਵਰ੍ਹੇ ਦੀ ਆਮਦ ਬਾਰੇ ਜਾਣਨ ਦੀ ਇੱਛਾ ਦੀ ਬਜਾਏ ਪਾਰਟੀਆਂ ’ਚ ਜਸ਼ਨ ਮਨਾਉਣ ਦੀ ਵੱਧ ਹੁੰਦੀ ਹੈ। ਸੰਸਾਰ ਦੇ ਕਈ ਦੇਸ਼ਾਂ ਵਿੱਚ ਤਾਂ ਇਹ ਜਸ਼ਨਾਂ ਦਾ ਸਿਲਸਿਲਾ ਕ੍ਰਿਸਮਿਸ ਤੋਂ ਹੀ ਸ਼ੁਰੂ ਹੋ ਜਾਂਦਾ ਹੈ।
ਵਿਦਵਾਨ ਲੋਕਾਂ ਲਈ ਵਰ੍ਹੇ ਦੀ ਸ਼ੁਰੂਆਤ ਵੱਖਰੀ ਕਿਸਮ ਦੀ ਹੁੰਦੀ ਹੈ। ਦਸੰਬਰ ਮਹੀਨਾ ਵਰ੍ਹੇ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ’ਚ ਜੁਟੇ ਰਹਿਣਾ ਹੁੰਦਾ ਹੈ। ਰਹੀਆਂ ਕਮਜ਼ੋਰੀਆਂ ਬਾਰੇ ਚਿੰਤਨ ਤੇ ਗ਼ਲਤੀਆਂ ਦਾ ਪਛਤਾਵਾ ਮਨੋਂ ਮਨੀ ਕਰਦੇ ਵੀ ਕਈਆਂ ਨੂੰ ਦੇਖੀਦਾ ਹੈ। ਨਵੇਂ ਵਰ੍ਹੇ ਦੌਰਾਨ ਕੀਤੇ ਜਾਣ ਵਾਲੇ ਸੰਕਲਪਾਂ ਦਾ ਖਾਕਾ ਵੀ ਸੂਚੀਬੱਧ ਤਿਆਰ ਕਰ ਲਿਆ ਜਾਂਦਾ ਹੈ। ਨਵੀਆਂ ਯੋਜਨਾਵਾਂ ਦਾ ਮੁੱਢ ਤੇ ਰਹਿੰਦੀਆਂ ਨੂੰ ਜਲਦੀ ਨੇਪਰੇ ਚਾੜ੍ਹਨ ਦਾ ਤਹੱਈਆ ਉਨ੍ਹਾਂ ਦੀ ਪਹਿਲ ਕਦਮੀ ਦਾ ਹਿੱਸਾ ਹੁੰਦਾ ਹੈ। ਬਹੁਤੇ ਚਿੰਤਕ ਤਾਂ ਨਵੇਂ ਵਰ੍ਹੇ ਦੇ ਸੰਕਲਪਾਂ ਨੂੰ ਬਕਾਇਦਾ ਸੀਮਾਬੱਧ ਕਰਕੇ ਨਿੱਜੀ ਡਾਇਰੀ ’ਤੇ ਲਿਖ ਲੈਣ ਨੂੰ ਪਹਿਲ ਦਿੰਦੇ ਹਨ। ਇਹੀ ਡਾਇਰੀ ਉਨ੍ਹਾਂ ਲਈ ਪੂਰਾ ਵਰ੍ਹਾ ਅਲਾਰਮ ਦੇਣ ਵਾਲੀ ਘੰਟੀ ਵਾਂਗ ਸਿੱਧ ਹੁੰਦੀ ਹੈ। ਕੁੱਝ ਵਿਦਵਾਨ ਨਵੇਂ ਵਰ੍ਹੇ ਦੀ ਆਮਦ ਨੂੰ ਜ਼ਿੰਦਗੀ ਦਾ ਇੱਕ ਹੋਰ ਸਾਲ ਘੱਟ ਹੋਣ ਦਾ ਸੋਗ ਵੀ ਸਮਝਦੇ ਨੇ। ਸਿਆਣਾ ਉਹ ਜੋ ਵਰਤਮਾਨ ’ਚ ਜਿਊਂਦਾ ਹੈ। ਬੀਤੇ ਦਾ ਪਛਤਾਵਾ ਜਾਂ ਚੰਗੇਰੇ ਭਵਿੱਖ ਦੀ ਚਿੰਤਾ ’ਚ ਵਰਤਮਾਨ ਦਾ ਘਾਣ ਕਰਨ ਵਾਲੇ ਮੂਰਖ ਹੀ ਕਹਾਉਂਦੇ ਹਨ। ਹਰ ਪਲ ਓਸ ਦਾ ਸ਼ੁਕਰਾਨਾ ਕਰਦਿਆਂ ਹਰ ਪਲ ਜਸ਼ਨਾਂ ਵਾਂਗ ਲੰਘਾਓ। ਜੋ ਹੋਇਆ ਚੰਗਾ ਹੋਇਆ, ਜੋ ਹੋਣੈ ਉਹ ਵੀ ਵਧੀਆ ਹੀ ਹੋਵੇਗਾ ਤਾਂ ਫਿਰ ਵਰਤਮਾਨ ਨੂੰ ਰੱਜ ਕੇ ਕਿਉਂ ਨਾ ਜਿਉਇਆ ਜਾਵੇ। ਪਛਤਾਵਾ ਜਾਂ ਸੋਗ ਕਰਨਾ ਛੱਡੋ। ਹਮੇਸ਼ਾ ਚੜ੍ਹਦੀਕਲਾ ’ਚ ਰਹੋ। ਖ਼ੁਸ਼ੀਆਂ ਖੇੜੇ ਵੰਡੋ, ਉਮੰਗਾ ਖਿਲਾਰੋ, ਫਿਰ ਦੇਖੋ ਖ਼ੁਸ਼ਬੋ ਦੀਆਂ ਲਪਟਾਂ ਤੁਹਾਡਾ ਰਾਹ ਉਡੀਕਦੀਆਂ ਮਹਿਸੂਸ ਹੋਣਗੀਆਂ।
ਆਓ ਆਪਣੀ ਜ਼ਿੰਦਗੀ ਲਈ ਨਵੇਂ ਵਰ੍ਹੇ 2025 ਨੂੰ ਖੁਸ਼ਆਮਦੀਦ ਕਹਿੰਦਿਆਂ ਚੜ੍ਹਦੀਕਲਾ, ਸਦਗੁਣੀ, ਸਰਬੱਤ ਦੇ ਭਲੇ ਵਾਲੇ ਸੰਕਲਪ ਕਰੀਏ। ਬੀਤੇ ਦੀਆਂ ਖੱਟੀਆਂ ਮਿੱਠੀਆਂ ਪੈੜਾਂ ਦੇ ਇਤਿਹਾਸ ਤੋਂ ਸਿੱਖਿਆ ਲੈਂਦਿਆਂ ਨਵੀਆਂ ਨਕੋਰ ਰਾਹਾਂ ’ਤੇ ਚੱਲਣ ਲਈ ਖ਼ੁਦ ਨਾਲ ਵਾਅਦਾ ਕਰੀਏ। ਖ਼ੁਦ ਨਾਲ ਕੀਤੇ ਵਾਅਦਿਆਂ ਨੂੰ ਨਿਭਾਉਣ ਦਾ ਯਤਨ ਕਰੀਏ। ਅਰਦਾਸ ਕਿ ਸਮੁੱਚੀ ਮਨੁੱਖਤਾ ਲਈ ਨਵਾਂ ਵਰ੍ਹਾ ਸੁੱਖ ਸ਼ਾਂਤੀ, ਖ਼ੁਸ਼ੀਆਂ ਖੇੜਿਆਂ ਸੰਗ ਲੰਘੇ।
ਸੰਪਰਕ: 94786-35500

Advertisement

Advertisement