ਖਾਲਿਸਤਾਨ ਐਲਾਨਨਾਮੇ ਦੀ 39ਵੀਂ ਵਰ੍ਹੇਗੰਢ ਮਨਾਈ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 30 ਅਪਰੈਲ
ਖਾਲਿਸਤਾਨ ਐਲਾਨਨਾਮੇ ਦੀ 39ਵੀਂ ਵਰ੍ਹੇਗੰਢ ਮਨਾਉਂਦਿਆਂ ਦਲ ਖ਼ਾਲਸਾ ਨੇ ਜਮਹੂਰੀ ਅਤੇ ਸ਼ਾਂਤਮਈ ਢੰਗ-ਤਰੀਕਿਆਂ ਨਾਲ ਖਾਲਿਸਤਾਨ ਦੇ ਟੀਚੇ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰਖਣ ਦਾ ਐਲਾਨ ਕੀਤਾ ਹੈ। ਜਥੇਬੰਦੀ ਨੇ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਅਤੇ ਖਾਲਿਸਤਾਨ ਦੀ ਸਥਾਪਨਾ ਨੂੰ ਆਪਣਾ ਉਦੇਸ਼ ਕਰਾਰ ਦਿੱਤਾ। ਜਥੇਬੰਦੀ ਨੇ ਸਪਸ਼ਟ ਕੀਤਾ ਕਿ ਖਾਲਿਸਤਾਨ ਸਾਰੇ ਪੰਜਾਬੀਆਂ ਦਾ ਅਤੇ ਪੰਜਾਬੀਆਂ ਲਈ ਹੋਵੇਗਾ। ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਭਾਈ ਦਲਜੀਤ ਸਿੰਘ ਅਤੇ ਭਾਈ ਨਰਾਇਣ ਸਿੰਘ ਚੌੜਾ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਪਾਰਟੀ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਖ਼ਾਲਿਸਤਾਨ ਕਿਸ ਤਰਾਂ ਦਾ ਹੋਵੇਗਾ, ਉਸ ਦਾ ਅਕਾਰ ਤੇ ਬਣਤਰ, ਪ੍ਰਬੰਧਕੀ ਢਾਂਚਾ, ਰਾਜਨੀਤਿਕ ਸਿਸਟਮ, ਆਰਥਿਕ ਮਾਡਲ ਆਦਿ ਦਾ ਖਰੜਾ ਤਿਆਰ ਕਰਕੇ ਪੰਜਾਬ ਦੇ ਲੋਕਾਂ ਅਤੇ ਦੁਨੀਆ ਸਾਹਮਣੇ ਪੇਸ਼ ਕਰਨ ਲਈ ਸਿੱਖ ਵਿਦਵਾਨਾਂ, ਇਤਿਹਾਸਕਾਰਾਂ ਅਤੇ ਦਾਨਿਸ਼ਵਰਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ।
ਸਿਮਰਨਜੀਤ ਸਿੰਘ ਮਾਨ ਅਤੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਖ਼ਾਲਿਸਤਾਨ ਦੀ ਸਥਾਪਨਾ ਦੋ ਪ੍ਰਮਾਣੂ ਮੁਲਕਾਂ ਦਰਮਿਆਨ ਬਫ਼ਰ ਸਟੇਟ ਦਾ ਕੰਮ ਕਰੇਗਾ। ਇਸ ਮੌਕੇ ਦਲ ਖਾਲਸਾ ਦੇ ਕਾਰਜਕਰਤਾਵਾਂ ਨੇ ਉਹਨਾਂ ਸਾਰੇ ਸਿੱਖ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਖਾਲਿਸਤਾਨ ਲਈ ਸ਼ਹਾਦਤ ਦਿੱਤੀ ਅਤੇ ਉਨਾਂ ਨੂੰ ਵੀ ਯਾਦ ਕੀਤਾ ਜੋ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ।