ਖਾਲਸਾ ਸਕੂਲ ਵਿੱਚ ਵਾਲੀਬਾਲ ਮੁਕਾਬਲੇ ਕਰਵਾਏ
ਸੰਜੀਵ ਬੱਬੀ
ਚਮਕੌਰ ਸਾਹਿਬ, 19 ਦਸੰਬਰ
ਇੱਥੋ ਦੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਚੱਲ ਰਹੇ ਸ਼ਹੀਦਾਂ ਨੂੰ ਸਮਰਪਿਤ ਟੂਰਨਾਮੈਂਟ ਦੌਰਾਨ ਅੱਜ ਤੀਜੇ ਦਿਨ ਵਾਲੀਬਾਲ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ। ਸਕੂਲ ਦੀ ਪ੍ਰਿੰਸੀਪਲ ਕਿਰਨਜੋਤ ਕੌਰ ਮਾਂਗਟ ਨੇ ਦੱਸਿਆ ਕਿ ਅੱਜ ਦੇ ਦਿਨ ਦੀਆਂ ਖੇਡਾਂ ਦਾ ਉਦਘਾਟਨ ਸੇਵਾ ਮੁਕਤ ਅਧਿਆਪਕ ਪ੍ਰਿਤਪਾਲ ਕੌਰ ਨੇ ਕਰਦਿਆਂ ਟੂਰਨਾਮੈਂਟ ਲਈ ਮਾਲੀ ਸਹਾਇਤਾ ਵੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ। ਟੂਰਨਾਮੈਂਟ ਦੌਰਾਨ ਵਿਸ਼ੇਸ਼ ਤੌਰ ’ਤੇ ਪੁੱਜੇ ਸਕੂਲ ਕਮੇਟੀ ਦੇ ਮੈਨੇਜਰ ਜਥੇ ਹਰਬੰਸ ਸਿੰਘ ਕੰਧੋਲਾ ਅਤੇ ਜਥੇ ਪ੍ਰੀਤਮ ਸਿੰਘ ਸੱਲੋਮਾਜਰਾ ਨੇ ਵੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਲਈ ਪ੍ਰੇਰਿਆ। ਅੱਜ ਦੀਆਂ ਖੇਡਾਂ ਵਿੱਚ ਲੰਮੀ ਛਾਲ, ਕਬੱਡੀ ਨੈਸ਼ਨਲ ਸਟਾਈਲ ਵਾਲੀਬਾਲ ਅਤੇ ਲੜਕਿਆਂ ਦੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ 20 ਦਸੰਬਰ ਨੂੰ ਸਕੂਲ ਵਿੱਚ ਕਬੱਡੀ ਮੁਕਾਬਲੇ ਕਰਵਾਏ ਜਾਣਗੇ ਅਤੇ ਟੂਰਨਾਮੈਂਟ ਦੀ ਸਮਾਪਤੀ 21 ਦਸੰਬਰ ਨੂੰ ਹੋਵੇਗੀ, ਜਦੋਂ ਕਿ ਇਨਾਮਾਂ ਦੀ ਵੰਡ ਸਾਬਕਾ ਸਪੀਕਰ ਰਵੀਇੰਦਰ ਸਿੰਘ ਕਰਨਗੇ ।