ਖਾਈ ਸ਼ੇਰਗੜ੍ਹ ’ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਕਾਬੂ
ਕਾਲਾਂਵਾਲੀ, 26 ਦਸੰਬਰ
ਇੱਥੋਂ ਦੇ ਪਿੰਡ ਖਾਈ ਸ਼ੇਰਗੜ੍ਹ ਵਿੱਚ ਹੋਈ ਲੁੱਟ ਦੇ ਮਾਮਲੇ ’ਚ ਸੀਆਈਏ ਸਟਾਫ ਡੱਬਵਾਲੀ ਅਤੇ ਸਾਈਬਰ ਸੈੱਲ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਰਮਨਦੀਪ ਅਤੇ ਜਸਵੰਤ ਸਿੰਘ ਉਰਫ਼ ਜੱਸੀ ਵਾਸੀ ਢਾਣੀ ਮਲਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਤੋਂ ਵਾਰਦਾਤ ’ਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਡੱਬਵਾਲੀ ਦੇ ਐੱਸਪੀ ਸਿਧਾਂਤ ਜੈਨ ਦੱਸਿਆ ਕਿ ਬੀਤੀ 3 ਦਸੰਬਰ ਪ੍ਰਮੋਦ ਕੁਮਾਰ ਪੁੱਤਰ ਰੋਹਤਾਸ਼ ਵਾਸੀ ਖਾਈ ਸ਼ੇਰਗੜ੍ਹ ਦੀ ਸ਼ਿਕਾਇਤ ’ਤੇ ਕੇਸ ਥਾਣਾ ਔਢਾਂ ਵਿੱਚ ਦਰਜ ਕੀਤਾ ਗਿਆ ਸੀ। ਆਪਣੀ ਸ਼ਿਕਾਇਤ ਵਿੱਚ ਪ੍ਰਮੋਦ ਕੁਮਾਰ ਨੇ ਦੱਸਿਆ ਸੀ ਰਾਤ ਸਮੇਂ ਤਿੰਨ ਵਿਅਕਤੀ ਕੰਧ ਟੱਪ ਕੇ ਉਸ ਦੇ ਘਰ ਦਾਖਲ ਹੋਏ, ਜਿਨ੍ਹਾਂ ਦੇ ਮੂੰਹ ਢਕਿਆ ਹੋਇਆ ਸੀ ਅਤੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਨੇ ਉਸ ਦੇ ਕਮਰੇ ਵਿਚ ਆ ਕੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਆਪਣੇ ਹੱਥਾਂ ਵਿਚ ਰੱਖੇ ਹਥਿਆਰਾਂ ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਸ ਦੀ ਪਤਨੀ ਦੀ ਸੋਨੇ ਦੀ ਚੇਨ, ਅੰਗੂਠੀ ਅਤੇ ਮੰਗਲ ਸੂਤਰ ਆਦਿ ਅਤੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਕੇ ਪਿਸਤੌਲ ਦੀ ਨੋਕ ’ਤੇ ਡਰਾ ਧਮਕਾ ਕੇ ਸੋਨੇ ਤੇ ਚਾਂਦੀ ਗਹਿਣੇ, ਨਕਦੀ ਤੇ ਮੋਬਾਈਲ ਖੋਹ ਕੇ ਲੈ ਗਏ। ਜਾਂਚ ਦੌਰਾਨ ਇੱਕ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਹੁਣ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਵਾਰਦਾਤ ’ਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਕਾਬੂ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।