ਖਾਈ-ਮਮਦੋਟ ਰੋਡ ’ਤੇ ਸੁੱਕੇ ਦਰੱਖ਼ਤਾਂ ਕਾਰਨ ਹਾਦਸਿਆਂ ਦਾ ਖ਼ਦਸ਼ਾ
ਜਸਵੰਤ ਸਿੰਘ ਥਿੰਦ
ਮਮਦੋਟ, 25 ਮਈ
ਖਾਈ ਮਮਦੋਟ ਸੜਕ ਕਿਨਾਰੇ ਲੱਗੇ ਦਰਜਨਾਂ ਰੁੱਖ ਸੁੱਕ ਚੁੱਕੇ ਹਨ ਜਿਨ੍ਹਾਂ ਦੇ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਹੈ। ਜਾਣਕਾਰੀ ਅਨੁਸਾਰ ਖਾਈ ਟੀ ਪੁਆਇੰਟ ਤੋਂ ਮਮਦੋਟ ਦੇ ਏਰੀਏ ਤਕ ਸਫੈਦੇ ਦੇ ਕਰੀਬ 100 ਤੋਂ ਵੱਧ ਸੁੱਕੇ ਦਰੱਖ਼ਤ ਕਿਸੇ ਵੇਲੇ ਵੀ ਹਨੇਰੀ ਨਾਲ ਡਿੱਗ ਕੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਜ਼ਿਕਰਯੋਗ ਹੈ ਕਿ ਬੀਐੱਸਐੱਫ ਅਤੇ ਬਿਜਲੀ ਘਰ ਦੇ ਨਜ਼ਦੀਕ ਦਰਜਨ ਤੋਂ ਵੱਧ ਸਫੈਦੇ ਦੇ ਰੁੱਖ ਸੁੱਕ ਚੁੱਕੇ ਅਤੇ ਉਨ੍ਹਾਂ ਦੇ ਮੁੱਢ ਵਿੱਚ ਸਿਉਂਕ ਪੈ ਚੁੱਕੀ ਹੈ ਅਤੇ ਉਹ ਕਿਸੇ ਸਮੇਂ ਵੀ ਡਿੱਗ ਸਕਦੇ ਹਨ। ਇਥੇ ਕਰੀਬ ਇਕ ਸਾਲ ਪਹਿਲਾਂ ਸਫੈਦੇ ਦਾ ਰੁੱਖ ਡਿੱਗਣ ਕਾਰਨ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਸੀ। ਇਸ ਸਬੰਧੀ ਨਗਰ ਪੰਚਾਇਤ ਦੇ ਦਫ਼ਤਰ ਵੱਲੋਂ ਜੰਗਲਾਤ ਵਿਭਾਗ ਨੂੰ ਲਿਖਤੀ ਤੌਰ ’ਤੇ ਸੁੱਕੇ ਰੁੱਖਾਂ ਨੂੰ ਪੁੱਟਣ ਲਈ ਕਿਹਾ ਗਿਆ ਸੀ ਪਰ ਹਾਲੇ ਤੱਕ ਮਸਲਾ ਹੱਲ ਨਹੀਂ ਹੋਇਆ। ਦੱਸਣਯੋਗ ਕਿ ਬੀਤੀ ਰਾਤ ਤੇਜ ਹਨੇਰੀ ਚੱਲਣ ਕਰਨ ਸਫੈਦੇ ਕਈ ਰੁੱਖ ਕਿਸਾਨਾਂ ਦੇ ਖੇਤਾਂ ਵਿੱਚ ਡਿੱਗੇ ਹਨ ਜੇਕਰ ਇਹ ਰੁੱਖ ਸੜਕ ਵਾਲੇ ਪਾਸੇ ਡਿੱਗਦੇ ਤਾਂ ਵੱਡਾ ਹਾਦਸਾ ਵਾਪਰਨਾ ਸੀ। ਇਸ ਸਬੰਧੀ ਰੇਂਜ ਅਫਸਰ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਰੁੱਖਾਂ ਨੂੰ ਪੁਟਵਾਉਣ ਲਈ ਈ-ਟੈਂਡਰਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਮਦੋਟ ਦੇ ਕਰੀਬ ਦੋ ਕਿਲੋਮੀਟਰ ਦੇ ਏਰੀਏ ਵਿੱਚ 25 ਦੇ ਕਰੀਬ ਰੁੱਖਾਂ ਨੂੰ ਪੁਟਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਪਰ ਉਥੇ ਬਿਜਲੀ ਦੀਆਂ ਤਾਰਾਂ ਹੋਣ ਕਾਰਨ ਹਾਦਸਾ ਵਾਪਰਨ ਦੇ ਡਰ ਕਾਰਨ ਠੇਕੇਦਾਰ ਇਸ ਕੰਮ ਨੂੰ ਛੱਡ ਕੇ ਚਲਾ ਗਿਆ ਹੈ।