For the best experience, open
https://m.punjabitribuneonline.com
on your mobile browser.
Advertisement

ਖ਼ੁਸ਼ੀਆਂ ਵੰਡਦਾ ਲੋਹੜੀ ਤੇ ਮਾਘੀ ਦਾ ਤਿਉਹਾਰ

05:22 AM Jan 11, 2025 IST
ਖ਼ੁਸ਼ੀਆਂ ਵੰਡਦਾ ਲੋਹੜੀ ਤੇ ਮਾਘੀ ਦਾ ਤਿਉਹਾਰ
Advertisement

ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ
ਲੋਹੜੀ ਉੱਤਰੀ ਭਾਰਤ, ਖ਼ਾਸਕਰ ਪੰਜਾਬ ਅਤੇ ਹਰਿਆਣਾ ਦਾ ਖੇਤੀਬਾੜੀ ਨਾਲ ਸਬੰਧਿਤ ਇੱਕ ਵੱਡਾ ਤਿਉਹਾਰ ਹੈ। ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਿਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਸ ਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਜੋਸ਼ ਨਾਲ ਮਨਾਇਆ ਜਾਂਦਾ ਹੈ। ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿੱਚ ਕਿਸੇ ਸਮੇਂ ਪ੍ਰਚੱਲਿਤ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਮੁਤਾਬਿਕ ਸੂਰਜ ਨੂੰ ਰੋਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।
ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੇ ਆਖ਼ਰੀ ਦਿਨ ਵਾਲੀ ਰਾਤ ਨੂੰ ਮਨਾਇਆ ਜਾਂਦਾ ਹੈ। ਜਿਸ ਘਰ ਮੁੰਡਾ ਜੰਮਿਆ ਹੋਵੇ, ਖ਼ੁਸ਼ੀ ਵਿੱਚ ਉਸ ਪਰਿਵਾਰ ਵਾਲੇ ਲੋਹੜੀ ਵਾਲੇ ਦਿਨ ਗੁੜ ਵੰਡਦੇ ਹਨ। ਲੋਹੜੀ ਨੂੰ ਲੋਹੀ ਵੀ ਕਹਿੰਦੇ ਹਨ। ਸਾਡਾ ਪੁਰਸ਼ ਪ੍ਰਧਾਨ ਸਮਾਜ ਹੈ। ਇਸ ਲਈ ਕੁੜੀ ਨਾਲੋਂ ਮੁੰਡੇ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ। ਇਸੇ ਕਰਕੇ ਲੜਕੇ ਦੇ ਜੰਮਣ ’ਤੇ ਖ਼ੁਸ਼ੀ ਮਨਾਈ ਜਾਂਦੀ ਹੈ। ਪੁੰਨ-ਦਾਨ ਕੀਤਾ ਜਾਂਦਾ ਹੈ। ਲੋਹੜੀ ਵੰਡੀ ਜਾਂਦੀ ਹੈ। ਉੱਥੇ ਲੜਕੀ ਜੰਮਣ ’ਤੇ ਅਜਿਹਾ ਨਹੀਂ ਕੀਤਾ ਜਾਂਦਾ। ਪਹਿਲੇ ਸਮਿਆਂ ਵਿੱਚ ਲੋਹੜੀ ਵੰਡਣ ਲਈ ਲੜਕੇ ਦੀਆਂ ਭੂਆ, ਚਾਚੀਆਂ, ਤਾਈਆਂ, ਭੈਣਾਂ ਨਵੇਂ-ਨਵੇਂ ਸੂਟ ਪਾ ਕੇ ਪਿੰਡ ਵਿੱਚ ਹਫ਼ਤਾ-ਹਫ਼ਤਾ ਪਹਿਲਾਂ ਗੁੜ ਵੰਡਣਾ ਸ਼ੁਰੂ ਕਰ ਦਿੰਦੀਆਂ ਸਨ ਕਿਉਂ ਜੋ ਸਾਰੇ ਪਿੰਡ ਵਿੱਚ ਗੁੜ ਵੰਡਣ ’ਚ ਕਈ ਦਿਨ ਲੱਗ ਜਾਂਦੇ ਸਨ। ਲੋਹੜੀ ਘਰ ਵਿੱਚ ਬਾਲੀ ਜਾਂਦੀ ਸੀ। ਘਰ ਵਾਲੇ, ਰਿਸ਼ਤੇਦਾਰ, ਆਂਢੀ-ਗੁਆਂਢੀ, ਸ਼ਰੀਕੇ ਵਾਲੇ ਸਾਰੇ ਬੈਠ ਕੇ ਲੋਹੜੀ ਸੇਕਦੇ ਸਨ। ਗੁੜ, ਰਿਓੜੀਆਂ, ਮੂੰਗਫਲੀ, ਮੱਕੀ ਦੇ ਦਾਣੇ ਆਦਿ ਵੰਡੇ ਜਾਂਦੇ ਸਨ। ਲੋਹੜੀ ਮੰਗਣ ਵਾਲਿਆਂ ਨੂੰ ਵੀ ਲੋਹੜੀ ਦਿੱਤੀ ਜਾਂਦੀ ਸੀ। ਲਾਗੀ ਤੱਥੀ ਸਾਰੇ ਲੋਹੜੀ ਮੰਗਦੇ ਸਨ। ਮੁੰਡੇ ਦੇ ਬਾਪੂ ਤੇ ਮਾਂ ਤੋਂ ਲੋਹੜੀ ਮੰਗਣ ਵਾਲੇ ਗੀਤ ਗਾਏ ਜਾਂਦੇ ਸਨ। ਲੋਹੜੀ ਮੰਗਣ ਸਮੇਂ ਦੁੱਲੇ ਭੱਟੀ ਦੇ ਗੀਤ ਵੀ ਗਾਏ ਜਾਂਦੇ ਸਨ ਕਿਉਂ ਜੋ ਦੁੱਲਾ ਭੱਟੀ ਨੇ ਦੋ ਗ਼ਰੀਬ ਕੁੜੀਆਂ ਦੇ ਵਿਆਹ ਕੀਤੇ ਸਨ।
ਲੋਹੜੀ ਦਾ ਸਬੰਧ ਹਰਨਾਖਸ਼ ਦੀ ਭੈਣ ਹੋਲਕਾ ਨਾਲ ਵੀ ਜੋੜਿਆ ਜਾਂਦਾ ਹੈ। ਕਈ ਵਿਦਵਾਨ ਲੋਹੜੀ ਦਾ ਮੁੱਢ ਲੋਰੀ ਨੂੰ ਮੰਨਦੇ ਹਨ। ਲੋਹੜੀ ਦੇ ਗੀਤ ਵੀ ਲੋਰੀ ਦੇ ਗੀਤਾਂ ਵਾਂਗ ਬੱਚੇ ਦੀ ਸ਼ੁਭ ਕਾਮਨਾ ਲਈ ਗਾਏ ਜਾਂਦੇ ਹਨ। ਕਈ ਲੋਹੜੀ ਦਾ ਮੂਲ ‘ਲੋਂਹਡੀ’ ਮੰਨਦੇ ਹਨ। ਲੋਂਹਡੀ ਨੂੰ ਮਾਲਵੇ ਵਿੱਚ ‘ਲੋਂਹਡਾ’ ਕਹਿੰਦੇ ਹਨ। ਲੋਂਹਡੇ ਵਿੱਚ ਮੂੰਗਫਲੀ ਤੇ ਮੱਕੀ ਦੇ ਦਾਣੇ ਭੁੰਨੇ ਜਾਂਦੇ ਹਨ। ਮੂੰਗਫਲੀ ਤੇ ਮੱਕੀ ਦੇ ਦਾਣਿਆਂ ਨੂੰ ਲੋਹੜੀ ਦੀ ਅੱਗ ਵਿੱਚ ਸੁੱਟ ਕੇ ਪੂਜਾ ਕੀਤੀ ਜਾਂਦੀ ਹੈ। ਕਈ ਲੋਹੜੀ ਨੂੰ ਤਿਲ ਰੋੜੀ, ਤਿਲੋੜੀ ਕਹਿੰਦੇ ਹਨ। ਤਿਲੋੜੀ ਦਾ ਬਦਲਵਾਂ ਰੂਪ ਫੇਰ ਲੋਹੜੀ ਬਣ ਗਿਆ ਹੈ। ਜਿਸ ਘਰ ਵਿੱਚ ਲੋਹੜੀ ਹੁੰਦੀ ਸੀ, ਉਹ ਘਰ ਆਪਣੀ ਪੱਤੀ, ਠੁਲੇ ਦੀ ਧਰਮਸ਼ਾਲਾ, ਦਰਵਾਜ਼ੇ ਗੁੜ ਦੀ ਭੇਲੀ, ਲੱਕੜਾਂ ਤੇ ਪਾਥੀਆਂ ਲੋਹੜੀ ਬਾਲਣ ਲਈ ਭੇਜਦੇ ਸਨ। ਸਾਰੀ ਪੱਤੀ, ਠੁਲੇ ਦੇ ਬੰਦੇ ਲੋਹੜੀ ਬਾਲਦੇ ਸਨ। ਹਾਜ਼ਰ ਸਾਰੇ ਲੋਕਾਂ ਤੇ ਬੱਚਿਆਂ ਨੂੰ ਗੁੜ ਵੰਡਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿੱਚ ਖ਼ੁਸ਼ੀ ਵੀ ਸਾਰੇ ਪਿੰਡ ਦੀ ਸਾਂਝੀ ਹੁੰਦੀ ਸੀ। ਗ਼ਮ ਵਿੱਚ ਵੀ ਸਾਰਾ ਪਿੰਡ ਸ਼ਾਮਲ ਹੁੰਦਾ ਸੀ। ਹੁਣ ਦਰਵਾਜ਼ਿਆਂ, ਧਰਮਸ਼ਾਲਾਵਾਂ ਵਿੱਚ ਕੋਈ ਵੀ ਲੋਹੜੀ ਨਹੀਂ ਬਾਲਦਾ। ਹੁਣ ਨਾ ਸਾਰੇ ਪਿੰਡ ਵਿੱਚ ਤੇ ਨਾ ਹੀ ਸਾਰੀ ਪੱਤੀ ਵਿੱਚ ਲੋਹੜੀ ਦਾ ਗੁੜ ਵੰਡਿਆ ਜਾਂਦਾ ਹੈ। ਘਰਾਂ ਵਿੱਚ ਵੀ ਲੋਹੜੀ ਬਾਲਣ ਦਾ ਰਿਵਾਜ ਬਹੁਤ ਘਟ ਗਿਆ ਹੈ। ਹੁਣ ਲੋਹੜੀ ਮਨਾਉਣਾ ਤੇ ਸਾਂਝੇ ਤੌਰ ’ਤੇ ਲੋਹੜੀ ਮਨਾਉਣਾ ਸਾਡੇ ਵਿਰਸੇ ਵਿੱਚੋਂ ਦਿਨੋ-ਦਿਨ ਲੋਪ ਹੋ ਰਿਹਾ ਹੈ।
ਇਤਿਹਾਸ ਅਤੇ ਮੂਲ: ਲੋਹੜੀ ਦੇ ਇਤਿਹਾਸਕ ਹਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਵਿੱਚ ਆਏ ਯੂਰਪੀਅਨ ਸੈਲਾਨੀਆਂ ਦੁਆਰਾ ਦਿੱਤੇ ਗਏ ਹਨ ਜਿਵੇਂ ਕਿ ਵੇਡ ਜੋ 1832 ਵਿੱਚ ਮਹਾਰਾਜੇ ਨੂੰ ਮਿਲਣ ਆਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਕੈਪਟਨ ਮੈਕਸਨ ਦੁਆਰਾ 1836 ਵਿੱਚ ਲੋਹੜੀ ਵਾਲੇ ਦਿਨ ਇਨਾਮ ਵਜੋਂ ਕੱਪੜੇ ਅਤੇ ਵੱਡੀ ਰਕਮ ਵੰਡਣ ਦਾ ਹਵਾਲਾ ਦਿੱਤਾ ਗਿਆ। 1844 ਵਿੱਚ ਸ਼ਾਹੀ ਦਰਬਾਰ ਵਿੱਚ ਰਾਤ ਨੂੰ ਇੱਕ ਵੱਡੀ ਅੱਗ ਬਾਲ ਕੇ ਲੋਹੜੀ ਮਨਾਉਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸ਼ਾਹੀ ਹਲਕਿਆਂ ਵਿੱਚ ਲੋਹੜੀ ਮਨਾਉਣ ਦੇ ਬਿਰਤਾਂਤ ਤਿਉਹਾਰ ਦੀ ਸ਼ੁਰੂਆਤ ਬਾਰੇ ਚਰਚਾ ਨਹੀਂ ਕਰਦੇ। ਹਾਲਾਂਕਿ, ਲੋਹੜੀ ਬਾਰੇ ਬਹੁਤ ਲੋਕ-ਕਥਾਵਾਂ ਹਨ। ਲੋਹੜੀ ਸਰਦੀਆਂ ਤੋਂ ਬਾਅਦ ਲੰਮੇ ਦਿਨਾਂ ਦੀ ਆਮਦ ਦਾ ਜਸ਼ਨ ਹੈ। ਲੋਕ-ਕਥਾਵਾਂ ਅਨੁਸਾਰ, ਪੁਰਾਣੇ ਜ਼ਮਾਨੇ ਵਿੱਚ ਲੋਹੜੀ ਰਵਾਇਤੀ ਮਹੀਨੇ ਦੇ ਅੰਤ ਵਿੱਚ ਮਨਾਈ ਜਾਂਦੀ ਸੀ। ਇਹ ਦਿਨ ਲੰਮੇ ਹੁੰਦੇ ਜਾਣ ਨੂੰ ਮਨਾਉਂਦਾ ਹੈ ਕਿਉਂਕਿ ਸੂਰਜ ਆਪਣੀ ਉੱਤਰ ਵੱਲ ਯਾਤਰਾ ’ਤੇ ਅੱਗੇ ਵਧਦਾ ਹੈ। ਲੋਹੜੀ ਤੋਂ ਅਗਲੇ ਦਿਨ ਨੂੰ ਮਾਘੀ ਦੀ ਸੰਗਰਾਂਦ ਵਜੋਂ ਮਨਾਇਆ ਜਾਂਦਾ ਹੈ।
ਲੋਹੜੀ ਦੀ ਧੂਣੀ: ਲੋਹੜੀ ਇੱਕ ਪ੍ਰਾਚੀਨ ਮੱਧ ਸਰਦੀਆਂ ਦਾ ਤਿਉਹਾਰ ਹੈ ਜੋ ਹਿਮਾਲੀਅਨ ਪਹਾੜਾਂ ਦੇ ਨੇੜੇ ਦੇ ਖੇਤਰਾਂ ਵਿੱਚ ਸ਼ੁਰੂ ਹੁੰਦਾ ਹੈ ਜਿੱਥੇ ਸਰਦੀਆਂ ਬਾਕੀ ਉਪ-ਮਹਾਂਦੀਪ ਨਾਲੋਂ ਠੰਢੀਆਂ ਹੁੰਦੀਆਂ ਹਨ। ਹਿੰਦੂ ਅਤੇ ਸਿੱਖ ਪਰੰਪਰਾਗਤ ਤੌਰ ’ਤੇ ਹਾੜ੍ਹੀ ਦੇ ਮੌਸਮ ਦੇ ਫ਼ਸਲੀ ਕੰਮ ਦੇ ਹਫ਼ਤਿਆਂ ਤੋਂ ਬਾਅਦ ਆਪਣੇ ਵਿਹੜਿਆਂ ਵਿੱਚ ਅੱਗ ਬਾਲਦੇ ਹਨ, ਅੱਗ ਦੁਆਲੇ ਇਕੱਠੇ ਹੁੰਦੇ ਹਨ, ਗਾਉਂਦੇ ਹਨ ਅਤੇ ਇਕੱਠੇ ਨੱਚਦੇ ਹਨ ਕਿਉਂਕਿ ਉਹ ਸਰਦੀਆਂ ਦੇ ਅੰਤ ਅਤੇ ਲੰਮੇ ਦਿਨਾਂ ਦੀ ਸ਼ੁਰੂਆਤ ਨੂੰ ਦਰਸਾਉਂਦੇ ਹਨ। ਲੋਹੜੀ ਦਾ ਇਤਿਹਾਸ ਦੁੱਲਾ ਭੱਟੀ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਹੈ। ਦੁੱਲਾ ਭੱਟੀ ਅਕਬਰ ਦੇ ਸ਼ਾਸਨ ਕਾਲ ਦੌਰਾਨ ਇੱਕ ਬਾਗ਼ੀ ਸੀ ਜੋ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗ਼ਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗ਼ਰੀਬ ਲੋਕ ਉਸ ਦੀ ਇਸ ਦਰਿਆਦਿਲੀ ਦੇ ਕਾਇਲ ਸਨ। ਇਸ ਕਰ ਕੇ ਲੋਕ ਉਸ ਦਾ ਆਦਰ-ਸਤਿਕਾਰ ਤੇ ਉਸ ਨੂੰ ਪਿਆਰ ਵੀ ਕਰਦੇ ਸਨ। ਇੱਕ ਵਾਰ ਦੀ ਗੱਲ ਹੈ ਕਿ ਉਸ ਨੇ ਅਗਵਾਕਾਰਾਂ ਤੋਂ ਇੱਕ ਲੜਕੀ ਨੂੰ ਛੁਡਾਇਆ ਤੇ ਉਸ ਲੜਕੀ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ। ਜਦ ਦੁੱਲਾ ਭੱਟੀ ਨੇ ਉਸ ਲੜਕੀ ਦਾ ਵਿਆਹ ਕੀਤਾ ਤਾਂ ਉਸ ਨੇ ਉਸ ਦੇ ਵਿਆਹ ਵਿੱਚ ਤੋਹਫ਼ੇ ਵਜੋਂ ਸ਼ੱਕਰ ਪਾ ਦਿੱਤੀ ਸੀ। ਇੱਕ ਹੋਰ ਦੰਦ-ਕਥਾ ਅਨੁਸਾਰ: ਸੁੰਦਰੀ-ਮੁੰਦਰੀ ਇੱਕ ਗ਼ਰੀਬ ਬ੍ਰਾਹਮਣ ਦੀਆਂ ਮੰਗੀਆਂ ਹੋਈਆਂ ਧੀਆਂ ਸਨ, ਪਰ ਗ਼ਰੀਬੀ ਕਾਰਨ ਵਿਆਹ ਵਿੱਚ ਦੇਰ ਹੋ ਰਹੀ ਸੀ। ਹਾਕਮ ਨੂੰ ਕੁੜੀਆਂ ਦੇ ਹੁਸਨ ਦਾ ਪਤਾ ਲੱਗ ਗਿਆ ਤਾਂ ਉਸ ਨੇ ਇਨ੍ਹਾਂ ਨੂੰ ਜ਼ੋਰੀਂ ਚੁੱਕਣ ਦੀ ਧਾਰ ਲਈ। ਇਸ ਦੀ ਭਿਣਕ ਬ੍ਰਾਹਮਣ ਨੂੰ ਵੀ ਪੈ ਗਈ। ਇਸ ਲਈ ਉਸ ਨੇ ਕੁੜੀਆਂ ਦਾ ਜਲਦੀ ਵਿਆਹ ਕਰਨ ਲਈ ਜੰਗਲ ਵਿੱਚ ਦੁੱਲੇ ਨਾਲ ਸੰਪਰਕ ਕੀਤਾ ਅਤੇ ਦੁੱਲੇ ਨੇ ਵਿਆਹ ਦੀ ਜ਼ਿੰਮੇਵਾਰੀ ਲੈ ਲਈ ਅਤੇ ਸੁਖਦੇਵ ਮਾਦਪੁਰੀ ਦੇ ਸ਼ਬਦਾਂ ਵਿੱਚ, ‘‘ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੋਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰੀ-ਮੁੰਦਰੀ ਦੇ ਵਿਆਹ ’ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆ-ਦਾਨ ਦੇਣ ਲਈ ਇੱਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਇਸ ਕਰ ਕੇ ਹੀ ਦੁੱਲੇ ਨੂੰ ਹਰ ਲੋਹੜੀ ਸਮੇਂ ਯਾਦ ਕੀਤਾ ਜਾਂਦਾ ਹੈ। ਬੱਚੇ ਜਦ ਲੋਹੜੀ ਮੰਗਣ ਦੂਜਿਆਂ ਦੇ ਘਰਾਂ ’ਚ ਜਾਂਦੇ ਹਨ ਤਾਂ ਉਹ ਇਹ ਗੀਤ ਗਾਉਂਦੇ ਹਨ:
ਸੁੰਦਰ ਮੁੰਦਰੀਏ ਹੋ!
ਤੇਰਾ ਕੌਣ ਵਿਚਾਰਾ ਹੋ!
ਦੁੱਲਾ ਭੱਟੀ ਵਾਲਾ ਹੋ!
ਦੁੱਲੇ ਧੀ ਵਿਆਹੀ ਹੋ!
ਸੇਰ ਸ਼ੱਕਰ ਪਾਈ ਹੋ!
ਕੁੜੀ ਦਾ ਲਾਲ ਪਤਾਕਾ ਹੋ!
ਕੁੜੀ ਦਾ ਸਾਲੂ ਪਾਟਾ ਹੋ!
ਸਾਲੂ ਕੌਣ ਸਮੇਟੇ!

Advertisement

ਚਾਚਾ ਗਾਲ਼ੀ ਦੇਸੇ!
ਚਾਚੇ ਚੂਰੀ ਕੁੱਟੀ!
ਜ਼ਿੰਮੀਦਾਰਾਂ ਲੁੱਟੀ!
ਜ਼ਿੰਮੀਦਾਰ ਸੁਧਾਏ!
ਬਮ ਬਮ ਭੋਲ਼ੇ ਆਏ!
ਇੱਕ ਭੋਲ਼ਾ ਰਹਿ ਗਿਆ!
ਸਿਪਾਹੀ ਫੜ ਕੇ ਲੈ ਗਿਆ!
ਸਿਪਾਹੀ ਨੇ ਮਾਰੀ ਇੱਟ!
ਭਾਵੇਂ ਰੋ ਉੱਤੇ ਭਾਵੇਂ ਪਿੱਟ!
ਸਾਨੂੰ ਦੇ ਦੇ ਲੋਹੜੀ,
ਉੱਤੇ ਤੇਰੀ ਜੀਵੇ ਜੋੜੀ!
ਲੋਹੜੀ ਦੇ ਮੂਲ ਦੀਆਂ ਹੋਰ ਕਹਾਣੀਆਂ: ਕੁੱਝ ਲੋਕ ਲੋਹੜੀ ਨੂੰ ਸੰਤ ਕਬੀਰ ਦੀ ਪਤਨੀ ਲੋਈ ਨਾਲ ਜੋੜਦੇ ਹਨ ਅਤੇ ਮੰਨਦੇ ਹਨ ਕਿ ਉਸੇ ਦੇ ਨਾਮ ਤੋਂ ਲੋਹੜੀ ਦਾ ਨਾਮ ਪਿਆ ਹੈ। ਕੁੱਝ ਲੋਕ ਮੰਨਦੇ ਹਨ ਕਿ ਲੋਹੜੀ ਸ਼ਬਦ ਲੋਹ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਰੋਸ਼ਨੀ ਅਤੇ ਅੱਗ ਦਾ ਸੇਕ।
ਲੋਹੜੀ ਸ਼ਬਦ ਤਿਲ ਅਤੇ ਰਿਊੜੀਆਂ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਜੋ ਪਹਿਲਾਂ ਤਿਲੋਹੜੀ ਅਤੇ ਫਿਰ ਸਮੇਂ ਦੇ ਨਾਲ ਨਾਲ ਸਰਲ ਹੋ ਕੇ ਲੋਹੜੀ ਕਹਾਉਣ ਲੱਗਿਆ। ਤਿਉਹਾਰ ਨੂੰ ਅੱਗ ਬਾਲ ਕੇ, ਭੋਜਨ ਖਾਣ, ਨੱਚਣ ਅਤੇ ਤੋਹਫ਼ੇ ਇਕੱਠੇ ਕਰਕੇ ਮਨਾਇਆ ਜਾਂਦਾ ਹੈ। ਜ਼ਿਆਦਾਤਰ ਉੱਤਰ ਭਾਰਤੀ ਆਮ ਤੌਰ ’ਤੇ ਆਪਣੇ ਘਰਾਂ ਵਿੱਚ ਨਿੱਜੀ ਲੋਹੜੀ ਮਨਾਉਂਦੇ ਹਨ। ਲੋਹੜੀ ਦੀ ਰਸਮ ਵਿਸ਼ੇਸ਼ ਲੋਹੜੀ ਦੇ ਗੀਤਾਂ ਦੀ ਸੰਗਤ ਨਾਲ ਨਿਭਾਈ ਜਾਂਦੀ ਹੈ।
ਗਾਉਣਾ ਅਤੇ ਨੱਚਣਾ ਜਸ਼ਨਾਂ ਦਾ ਇੱਕ ਹਿੱਸਾ ਹੈ। ਲੋਕ ਸੋਹਣੇ ਕੱਪੜੇ ਪਹਿਨਦੇ ਹਨ ਅਤੇ ਢੋਲ ਦੀ ਤਾਲ ’ਤੇ ਭੰਗੜਾ ਅਤੇ ਗਿੱਧਾ ਪਾਉਂਦੇ ਹਨ। ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਆਮ ਤੌਰ ’ਤੇ ਲੋਹੜੀ ਦੇ ਖਾਣੇ ਵਿੱਚ ਮੁੱਖ ਤੌਰ ’ਤੇ ਪਰੋਸੀ ਜਾਂਦੀ ਹੈ। ਲੋਹੜੀ ਦਾ ਤਿਉਹਾਰ ਕਿਸਾਨਾਂ ਲਈ ਬਹੁਤ ਮਹੱਤਵ ਰੱਖਦਾ ਹੈ। ਹਾਲਾਂਕਿ, ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਵੀ ਲੋਹੜੀ ਮਨਾਉਂਦੇ ਹਨ ਕਿਉਂਕਿ ਇਹ ਤਿਉਹਾਰ ਪਰਿਵਾਰ ਅਤੇ ਦੋਸਤਾਂ ਨਾਲ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਲੋਹੜੀ ਤੋਂ 10-15 ਦਿਨ ਪਹਿਲਾਂ ਮੁੰਡੇ ਕੁੜੀਆਂ ਟੋਲੀਆਂ ਬਣਾ ਕੇ ਘਰਾਂ ਵਿੱਚ ਜਾ ਕੇ ਲੋਹੜੀ ਮੰਗਦੇ ਅਤੇ ਲੋਹੜੀ ਨਾਲ ਸਬੰਧਿਤ ਗੀਤ ਗਾਉਂਦੇ ਹਨ:
ਦੇਹ ਮਾਈ ਪਾਥੀ, ਤੇਰਾ ਪੁੱਤ ਚੜ੍ਹੂਗਾ ਹਾਥੀ।
ਹਾਥੀ ਨੇ ਮਾਰੀ ਟੱਕਰ, ਤੇਰਾ ਪੁੱਤ ਖਾਊਗਾ ਸ਼ੱਕਰ।
ਚਾਰ ਕੁ ਦਾਣੇ ਖਿੱਲਾਂ ਦੇ ਪਾਥੀ ਲੈ ਕੇ ਹਿੱਲਾਂਗੇ।
ਦੇਹ ਮਾਈ ਲੋਹੜੀ, ਤੇਰਾ ਪੁੱਤ ਚੜ੍ਹੂਗਾ ਘੋੜੀ।
ਜਦ ਕੋਈ ਘਰ ਵਾਲਾ ਲੋਹੜੀ ਦੇਣ ਵਿੱਚ ਦੇਰ ਕਰਦਾ ਹੈ ਤਾਂ ਕਾਹਲ ਨੂੰ ਦਰਸਾਉਂਦੀਆਂ ਹੋਈਆਂ ਇਹ ਸਤਰਾਂ ਗਾਈਆਂ ਜਾਂਦੀਆਂ ਹਨ:
ਸਾਡੇ ਪੈਰਾਂ ਹੇਰਾਂ ਰੋੜ, ਸਾਨੂੰ ਛੇਤੀ ਛੇਤੀ ਤੋਰ।
ਸਾਡੇ ਪੈਰਾਂ ਹੇਠ ਸਲਾਈਆਂ,
ਅਸੀਂ ਕਿਹੜੇ ਵੇਲੇ ਦੀਆਂ ਆਈਆਂ।
ਜਦ ਕੋਈ ਘਰ ਵਾਲਾ ਫਿਰ ਵੀ ਲੋਹੜੀ ਨਾ ਦੇਵੇ ਤਾਂ ਇਹ ਟੋਲੀਆਂ ਇਹ ਗਾਉਂਦੀਆਂ ਹੋਈਆਂ ਅਗਲੇ ਘਰ ਲਈ ਰਵਾਨਾ ਹੋ ਜਾਂਦੀਆਂ ਹਨ:
ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ।
ਮੂੰਗਫਲੀ, ਰਿਊੜੀਆਂ, ਤਿਲਾਂ ਦੀ ਗੱਚਕ, ਮੱਕੀ ਦੇ ਫੁੱਲੇ ਆਦਿ ਦੀਆਂ ਭਰੀਆਂ ਪਰਾਤਾਂ ਲੈ ਕੇ ਲੋਹੜੀ ਵਾਲੇ ਘਰ ਦੇ ਖੁੱਲ੍ਹੇ ਵਿਹੜੇ ’ਚ ਲੱਕੜਾਂ ਜਾਂ ਗੋਹੇ ਦੀਆਂ ਪਾਥੀਆਂ ਦਾ ਢੇਰ ਲਗਾ ਕੇ ਉਸ ਨੂੰ ਅੱਗ ਲਗਾਈ ਜਾਂਦੀ ਹੈ ਜਿਸ ਨੂੰ ਭੁੱਗਾ ਕਿਹਾ ਜਾਂਦਾ ਹੈ। ਖ਼ੁਸ਼ੀ ’ਚ ਗੜੁੱਚ ਸਾਰੇ ਪਰਿਵਾਰਕ ਮੈਂਬਰ ਇਸ ਦੁਆਲੇ ਇਕੱਠੇ ਹੋ ਕੇ ਬੈਠ ਜਾਂਦੇ ਹਨ ਅਤੇ ਬਲਦੇ ਭੁੱਗੇ ਵਿੱਚ ਤਿਲ, ਰਿਊੜੀਆਂ, ਮੂੰਗਫਲੀ ਸੁੱਟ ਕੇ ਬੋਲਦੇ ਹਨ:
ਈਸ਼ਰ ਆ, ਦਲਿੱਦਰ ਜਾ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।
ਜਾਂ
ਲੋਹੜੀਏ ਵਿਚਾਰੀਏ, ਭਰੀ ਆਵੀਂ ਤੇ ਸੱਖਣੀ ਜਾਵੀਂ।
ਅੱਗ ਵਿੱਚ ਤਿਲ ਸੁੱਟਦੇ ਸਮੇਂ ਇਹ ਧਾਰਨਾ ਵੀ ਰੱਖੀ ਜਾਂਦੀ ਹੈ ਕਿ ਜਿੰਨੇ ਤਿਲ ਜਠਾਣੀ ਭੁੱਗੇ ਵਿੱਚ ਸੁੱਟੇਗੀ, ਓਨੇ ਹੀ ਦਰਾਣੀ ਮੁੰਡੇ ਜੰਮੇਗੀ।
ਲੋਹੜੀ ਦੇ ਪਕਵਾਨ: ਲੋਹੜੀ ਵਾਲੇ ਦਿਨ ਸਰ੍ਹੋਂ ਦਾ ਸਾਗ, ਮੱਕੀ ਦੀ ਰੋਟੀ, ਖਜੂਰਾਂ, ਰਹੁ ਦੀ ਖੀਰ (ਗੰਨੇ ਦੇ ਰਸ ਨੂੰ ਰਹੁ ਕਹਿੰਦੇ ਹਨ) ਤੇ ਖਿਚੜੀ ਬਣਾਈ ਜਾਂਦੀ ਹੈ। ਅਗਲੇ ਦਿਨ ਮਾਘੀ ’ਤੇ ਖਾਧੀ ਜਾਂਦੀ ਹੈ। ਇਸੇ ਲਈ ਇਸ ਨੂੰ ਆਖਦੇ ਹਨ- ਪੋਹ ਰਿੱਧੀ ਮਾਘ ਖਾਧੀ
ਮੁਗ਼ਲ ਕਾਲ ਵਿੱਚ ਜੰਮੂ ਵਿੱਚ ਵੀ ਲੋਹੜੀ ਮਨਾਈ ਜਾਂਦੀ ਸੀ। ਇਹ ਤਿਉਹਾਰ ਸਿੰਧੀ ਭਾਈਚਾਰੇ ਵਿੱਚ ਲਾਲ ਲੋਈ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਮਕਰ ਸੰਕ੍ਰਾਂਤੀ, ਪੋਸ਼ ਪਰਬਨ ਜਾਂ ਮਾਘੀ, ਭਾਰਤੀ (ਚੰਨ-ਸੂਰਜੀ) ਕੈਲੰਡਰ ਵਿੱਚ ਇੱਕ ਤਿਉਹਾਰ ਹੈ ਜੋ ਕਿ ਸੂਰਜ ਦੀ ਅੰਤਰਿਕਸ਼ ਸਥਿਤੀ ਧਨੂ ਰਾਸ਼ੀ ਤੋਂ ਨਿਕਲ ਕੇ ਮਕਰ ਰਾਸ਼ੀ ਵਿੱਚ ਆਉਣ ਦੇ ਨਾਲ ਸਬੰਧਿਤ ਹੋਣ ਕਰਕੇ ਸੂਰਜ ਨੂੰ ਸਮਰਪਿਤ ਹੈ। ਇਸ ਨਾਲ ਸੂਰਜ ਦੇ ਧਰਤੀ ’ਤੇ ਪ੍ਰਕਾਸ਼ ਦੀ ਮਾਤਰਾ ਵਧ ਜਾਂਦੀ ਹੈ। ਇਹ ਤਿਉਹਾਰ ਹਰ ਸਾਲ ਅੰਗਰੇਜ਼ੀ ਮਹੀਨੇ ਜਨਵਰੀ ਵਿੱਚ ਆਉਂਦਾ ਹੈ। ਉੱਤਰ ਭਾਰਤੀ ਹਿੰਦੂਆਂ ਅਤੇ ਸਿੱਖਾਂ ਦੁਆਰਾ ਮਾਘੀ (ਲੋਹੜੀ ਤੋਂ ਪਹਿਲਾਂ), ਮਹਾਰਾਸ਼ਟਰ, ਗੋਆ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ (ਜਿਸ ਨੂੰ ਪੂਸ਼ ਸੰਕਰਾਂਤੀ ਵੀ ਕਿਹਾ ਜਾਂਦਾ ਹੈ) ਵਿੱਚ ਮਕਰ ਸੰਕ੍ਰਾਂਤੀ (ਪੇਡ ਪਾਂਡਾਗਾ), ਕਰਨਾਟਕ ਅਤੇ ਤੇਲੰਗਾਨਾ, ਮੱਧ ਭਾਰਤ ਵਿੱਚ ਸੁਕਾਰਤ, ਅਸਾਮੀਆ ਦੁਆਰਾ ਮਾਘ ਬੀਹੂ ਅਤੇ ਤਾਮਿਲਾਂ ਦੁਆਰਾ ਥਾਈ ਪੋਂਗਲ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ।
ਮਕਰ ਸੰਕ੍ਰਾਂਤੀ ਦਾ ਤਿਉਹਾਰ ਹੋਰ ਸਮਾਜਿਕ ਤਿਉਹਾਰਾਂ ਵਾਂਗ ਮਨਾਇਆ ਜਾਂਦਾ ਹੈ ਜਿਵੇਂ ਰੰਗੀਨ ਸਜਾਵਟ, ਪੇਂਡੂ ਬੱਚਿਆਂ ਦਾ ਘਰ-ਘਰ ਜਾ ਕੇ ਗਾਉਣਾ ਅਤੇ ਕੁੱਝ ਖੇਤਰਾਂ ਵਿੱਚ ਪੇਸ਼ਕਾਰੀਆਂ ਕਰਨਾ। ਬਹੁਤ ਸਾਰੇ ਲੋਕ ਪਵਿੱਤਰ ਨਦੀਆਂ ਜਾਂ ਝੀਲਾਂ ਵਿੱਚ ਜਾਂਦੇ ਹਨ ਅਤੇ ਸੂਰਜ ਦਾ ਧੰਨਵਾਦ ਕਰਦਿਆਂ ਨਹਾਉਂਦੇ ਹਨ। ਹਰ ਬਾਰਾਂ ਸਾਲਾਂ ਬਾਅਦ ਭਾਰਤੀ ਸਨਾਤਨੀ ਮਕਰ ਸੰਕ੍ਰਾਂਤੀ ਨੂੰ ਵਿਸ਼ਵ ਦੇ ਸਭ ਤੋਂ ਵੱਡੀਆਂ ਵਿਸ਼ਾਲ ਤੀਰਥ ਯਾਤਰਾਵਾਂ ਨਾਲ ਮਨਾਉਂਦੇ ਹਨ ਜਿਸ ਵਿੱਚ ਲਗਭਗ 40 ਤੋਂ 10 ਕਰੋੜ ਲੋਕ ਸਮਾਗਮ ਵਿੱਚ ਸ਼ਾਮਲ ਹੁੰਦੇ ਹਨ। ਇਸ ਸਮਾਗਮ ਵਿੱਚ ਫਿਰ ਉਹ ਸੂਰਜ ਅੱਗੇ ਪ੍ਰਾਰਥਨਾ ਕਰਦੇ ਹਨ ਅਤੇ ਕੁੰਭ ਮੇਲੇ ਵਿੱਚ ਗੰਗਾ ਨਦੀ ਅਤੇ ਯਮੁਨਾ ਨਦੀ ਦੇ ਪ੍ਰਯਾਗਰਾਜ ਸੰਗਮ ’ਤੇ ਇਸ਼ਨਾਨ ਕਰਦੇ ਹਨ। ਇਹ ਪਰੰਪਰਾ ਆਦਿ ਸ਼ੰਕਰਾਚਾਰੀਆ ਨਾਲ ਜੁੜੀ ਦੱਸੀ ਜਾਂਦੀ ਹੈ। ਸੰਗਰਾਂਦ ਸ਼ਬਦ ਸੰਸਕ੍ਰਿਤ ਦੇ ਸੰਕ੍ਰਾਂਤੀ ਸ਼ਬਦ ਦਾ ਪੰਜਾਬੀ ਤਦਭਵ ਹੈ। ਇਸ ਦਾ ਅਰਥ ਹੈ ਉਹ ਦਿਨ, ਜਿਸ ਵਿੱਚ ਸੂਰਜ, ਭਾਰਤੀ ਜੋਤਿਸ਼ ਅਨੁਸਾਰ ਨਵੀਂ ਰਾਸ਼ੀ ਵਿੱਚ ਪ੍ਰਵੇਸ਼ ਕਰੇ। ਇਹ ਹਰ ਭਾਰਤੀ ਸੂਰਜੀ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਇਸ ਤਰ੍ਹਾਂ ਸਾਲ ਵਿੱਚ ਬਾਰਾਂ ਸੰਗਰਾਦਾਂ ਹੁੰਦੀਆਂ ਹਨ।
ਅਲਾਹਾਬਾਦ (ਹੁਣ ਪ੍ਰਯਾਗਰਾਜ) ਵਿੱਚ ਗੰਗਾ, ਯਮੁਨਾ ਤੇ ਸਰਸਵਤੀ ਦੇ ਸੰਗਮ ’ਤੇ ਹਰੇਕ ਸਾਲ ਇੱਕ ਮਹੀਨਾ ਮੇਲਾ ਲਗਾਇਆ ਜਾਂਦਾ ਹੈ ਜਿਸ ਨੂੰ ਮਾਘ ਮੇਲੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 14 ਜਨਵਰੀ ਤੋਂ ਹੀ ਅਲਾਹਾਬਾਦ ਵਿੱਚ ਹਰ ਸਾਲ ਮਾਘ ਮੇਲੇ ਦੀ ਸ਼ੁਰੂਆਤ ਹੁੰਦੀ ਹੈ। ਸਮੁੱਚੇ ਉੱਤਰ ਪ੍ਰਦੇਸ਼ ਵਿੱਚ ਇਸ ਤਿਉਹਾਰ ਨੂੰ ਖਿਚੜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸ ਦਿਨ ਖਿਚੜੀ ਖਾਣ ਅਤੇ ਖਿਚੜੀ ਦਾਨ ਕਰਨ ਦਾ ਵਧੇਰੇ ਮਹੱਤਵ ਹੁੰਦਾ ਹੈ। ਇਸੇ ਤਰ੍ਹਾਂ ਬਿਹਾਰ ਵਿੱਚ ਵੀ ਮਕਰ ਸੰਕ੍ਰਾਂਤੀ ਨੂੰ ਖਿਚੜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਉੜਦ, ਚੌਲ, ਤਿਲ, ਚਿਵੜੇ, ਗੌ, ਸਵਰਨ, ਊਨੀ ਵਸਤਾਂ, ਕੰਬਲ ਆਦਿ ਦਾਨ ਕਰਨ ਦੀ ਪਰੰਪਰਾ ਹੈ। ਮਹਾਰਾਸ਼ਟਰ ਵਿੱਚ ਇਸ ਦਿਨ ਸਾਰੀਆਂ ਨਵੀਆਂ ਵਿਆਹੀਆਂ ਔਰਤਾਂ ਆਪਣੀ ਪਹਿਲੀ ਸੰਕ੍ਰਾਂਤੀ ’ਤੇ ਕਪਾਹ, ਤੇਲ ਤੇ ਨਮਕ ਆਦਿ ਚੀਜ਼ਾਂ ਦੂਜੀਆਂ ਸੁਹਾਗਣ ਔਰਤਾਂ ਨੂੰ ਦਾਨ ਕਰਦੀਆਂ ਹਨ। ਰਾਜਸਥਾਨ ਵਿੱਚ ਇਸ ਤਿਉਹਾਰ ’ਤੇ ਸੁਹਾਗਣਾਂ ਆਪਣੀ ਸੱਸ ਨੂੰ ਬਯਾ ਦੇ ਕੇ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ।
ਪੱਛਮੀ ਬੰਗਾਲ ’ਚ ਦੇਸ਼ ਭਰ ਤੋਂ ਲਗਪਗ 16 ਲੱਖ ਸ਼ਰਧਾਲੂ ਗੰਗਾ ਸਾਗਰ ਪੁੱਜਦੇ ਹਨ ਅਤੇ ਇਸ ਮੌਕੇ ਸ਼ਰਧਾਲੂਆਂ ਵੱਲੋਂ ਗੰਗਾ ਦਰਿਆ ਅਤੇ ਬੰਗਾਲ ਦੀ ਖਾੜੀ ਦੇ ਸੰਗਮ ’ਤੇ ਡੁਬਕੀਆਂ ਲਗਾਈਆਂ ਜਾਂਦੀਆਂ ਹਨ। ਆਸਾਮ ਵਿੱਚ ਮਾਘ ਜਾਂ ਭੋਗਲੀ ਬੀਹੂ ਦੇ ਪੂਰਬ ਵਿੱਚ ਉਰੂਕਾ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਸੰਪਰਕ: 88472-27740

Advertisement

Advertisement
Author Image

Balwinder Kaur

View all posts

Advertisement