ਲੁਧਿਆਣਾ: ਖ਼ਾਲਸਾ ਕਾਲਜ ਫਾਰ ਵਿਮੈੱਨ ਵਿੱਚ ਚੱਲ ਰਹੇ ਐੱਨਐੱਸਐੱਸ ਕੈਂਪ ਦੇ ਤੀਜੇ ਦਿਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਇਸ ਮੌਕੇ ਏਡੀਸੀ ਕ੍ਰਿਤਿਕਾ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਯੂਥ ਕਲੱਬ ਅਤੇ ਐੱਨਐੱਸਐੱਸ ਯੂਨਿਟ ਵੱਲੋਂ ਕੌਮੀ ਨੌਜਵਾਨ ਦਿਵਸ ਸਬੰਧੀ ਕਰਵਾਏ ਪ੍ਰੋਗਰਾਮ ਵਿੱਚ ਕ੍ਰਿਤਿਕਾ ਗੋਇਲ ਨੇ ਕਿਹਾ ਕਿ ਅਜਿਹੇ ਕੈਂਪ ਨੌਜਵਾਨਾਂ ਵਿੱਚ ਆਗੂ ਬਣਨ ਦੇ ਗੁਣ ਪੈਦਾ ਕਰਦੇ ਹਨ। ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਨੇ ਵਾਲੰਟੀਅਰਾਂ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਾਲੰਟੀਅਰਾਂ ਨੇ ਮੁੱਖ ਮਹਿਮਾਨ ਕ੍ਰਿਤਿਕਾ ਗੋਇਲ, ਪ੍ਰਿੰਸੀਪਲ ਡਾ. ਗਰੇਵਾਲ ਅਤੇ ਹੋਰ ਸ਼ਖ਼ਸੀਅਤਾਂ ਨਾਲ ਮਿਲ ਕੇ ਬੂਟੇ ਲਾਏ ਅਤੇ ਵਾਤਾਵਰਨ ਦੀ ਸੰਭਾਲ ਲਈ ਜਾਗਰੂਕਤਾ ਰੈਲੀ ਕੱਢੀ। ਸਮਾਗਮ ਦੌਰਾਨ ਸਿੱਖਿਆ ਅਤੇ ਨਿਊਟ੍ਰੀਸ਼ਅਨ ਵਿਸ਼ੇ ’ਤੇ ਨਾਅਰੇ ਲਿਖਣ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ।- ਖੇਤਰੀ ਪ੍ਰਤੀਨਿਧ