ਖ਼ਤਰਿਆਂ ਦੇ ਟਾਕਰੇ ਲਈ ਇਕਜੁੱਟ ਹੋਣ ਦੀ ਲੋੜ: ਗੜਗੱਜ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 24 ਮਈ
ਇੱਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਅੱਜ ‘ਖ਼ੁਆਰ ਹੋਇ ਸਭ ਮਿਲੇਂਗੇ’ ਲਹਿਰ ਤਹਿਤ ਜੁੜੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਿੰਘ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਅਤੇ ਪੰਥ ਉੱਤੇ ਮੰਡਰਾ ਰਹੇ ਚੁਫੇਰਿਓਂ ਖਤਰਿਆਂ ਦਾ ਟਾਕਰਾ ਕਰਨ ਲਈ ਪੰਥ ਨੂੰ ਸਿਰ ਜੋੜ ਕੇ ਬੈਠਣ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਿਤੇ ਬਾਹਰੀ ਖਤਰਾ ਆਇਆ ਤਾਂ ਕੌਮ ਦੇ ਨੁਮਾਇੰਦਿਆਂ ਨੇ ਆਪਸੀ ਮਤਭੇਦ ਭੁਲਾ ਕੇ ਆਪਸੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਫ਼ੈਲੇ ਨਸ਼ਿਆਂ ਦੇ ਕੋਹੜ ਨੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਬੁਰਾਈ ਖਿਲਾਫ਼ ਸਭ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਸਣੇ ਸਮੂਹ ਸਿੱਖ ਜਥੇਬੰਦੀਆਂ ਦੇ ਮੋਹਰੀਆਂ ਨੂੰ ਖੁਦ ਆਪ ਅੰਮ੍ਰਿਤਧਾਰੀ ਹੋਣ ਦੀ ਹਦਾਇਤ ਕੀਤੀ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੌਲਾ ਨੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਗੁਰਲਾਲ ਸਿੰਘ ਫਤਿਹਗੜ੍ਹ, ਜਗਜੀਤ ਸਿੰਘ, ਰੁਪਿੰਦਰ ਸਿੰਘ ਰੰਧਾਵਾ, ਪ੍ਰਮਜੀਤ ਕੌਰ ਵਿਰਕ ਹਾਜ਼ਰ ਸਨ।