ਖਰੜ ਨਗਰ ਕੌਸਲ ਦੀ ਪ੍ਰਧਾਨ ਦਾ ਅਹੁਦਾ ਖੁੱਿਸਆ
ਸ਼ਸ਼ੀ ਪਾਲ ਜੈਨ
ਖਰੜ, 16 ਮਈ
ਨਗਰ ਕੌਸਲ ਪ੍ਰਧਾਨ ਦੇ ਅਹੁਦੇ ’ਤੇ ਚਾਰ ਸਾਲਾਂ ਤੋਂ ਕਾਬਜ਼ ਅਕਾਲੀ ਦਲ ਦੀ ਜਸਪ੍ਰੀਤ ਕੌਰ ਲੌਂਗੀਆਂ ਨੂੰ ਅੱਜ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਨੇ ਹੋਰ ਕਾਂਗਰਸ, ਅਕਾਲੀ ਦਲ ਅਤੇ ਆਜ਼ਾਦ ਸਮੇਤ ‘ਆਪ’ ਦੇ 2 ਕੌਸਲਰਾਂ ਦੀ ਮਦਦ ਨਾਲ ਬੇਭਰੋਸਗੀ ਮਤੇ ਤਹਿਤ ਪ੍ਰਧਾਨ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ। ਇਸ ਮੌਕੇ ਜਿੱਥੇ ਪੱਤਰਕਾਰਾਂ ਨੂੰ ਪੁਲੀਸ ਪ੍ਰਸ਼ਾਸਨ ਵਲੋਂ ਕਰੜੇ ਪ੍ਰਬੰਧਾਂ ਨਾਲ ਨਗਰ ਕੌਸਲ ਦੇ ਸਥਿਤ ਚੋਣ ਕਮਰੇ ਤੋਂ ਦੂਰ ਹੀ ਰੱਖਿਆ ਗਿਆ ਹੈ। ਉਥੇ ‘ਆਪ’ ਵਿਧਾਇਕਾ ਅਨਮੋਲ ਗਗਨ ਮਾਨ ਨੇ 18 ਕੌਸਲਰਾਂ ਨੂੰ ਬੱਸ ਵਿਚ ਨਗਰ ਕੌਸਲ ਦੇ ਗੇਟ ਤੱਕ ਲਿਆਂਦਾ ਤੇ ਉਨ੍ਹਾਂ ਨੂੰ ਭਾਰੀ ਸੁਰੱਖਿਆ ਨਾਲ ਅੰਦਰ ਲਿਜਾਇਆ ਗਿਆ। ਇਸ ਮੌਕੇ 18 ਕੌਸਲਰਾਂ ਵੱਲੋਂ ਨਗਰ ਕੌਸਲ ਦੀ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਸਬੰਧੀ 23 ਅਪਰੈਲ ਨੂੰ ਦਿੱਤੀ ਦਰਖਾਸਤ ’ਤੇ ਕਾਰਵਾਈ ਅੱਜ ਹੋਈ ਹੈ।
ਜਾਣਕਾਰੀ ਅਨੁਸਾਰ ਚੋਣ ਦਫਤਰ ਵਿਚ ਕੁੱਲ 23 ਕੌਸਲਰ ਸਮੇਤ 2 ਵਿਧਾਇਕ ਸਨ ਜਿਨਾਂ ਵਿਚ 18 ਕੌਸਲਰਾਂ ਅਤੇ 2 ਵਿਧਾਇਕਾਂ ਨੇ ਹੱਥ ਖੜ੍ਹੇ ਕਰਕੇ ਮੌਜੂਦਾ ਪ੍ਰਧਾਨ ਦੇ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ ਕੀਤਾ। ਇਸ ਮੌਕੇ ਜਸਪ੍ਰੀਤ ਕੌਰ ਲੌਂਗੀਆਂ ਨਾਲ ਸਿਰਫ 2 ਕੌਸਲਰ ਰਾਜਵੰਤ ਕੌਰ ਅਤੇ ਮੇੇਹਰ ਕੌਰ ਹੀ ਸਨ। ਵਿਧਾਇਕਾ ਅਨਮੋਲ ਗਗਨ ਮਾਨ ਤੇ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਨੇ ਖਰੜ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਉਨ੍ਹਾਂ ਨੇ 43 ਸਾਲਾਂ ਬਾਅਦ ਅਜਿਹਾ ਕਰਕੇ ਇਤਿਹਾਸ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਪ੍ਰਧਾਨ ਦੀ ਚੋਣ ਇਨ੍ਹਾਂ 18 ਕੌਸਲਰਾਂ ਵਿਚੋਂ ਕੀਤੀ ਜਾਵੇਗੀ। ਨਗਰ ਕੌਸਲ ਦੇ ਕਾਰਜਸਾਧਕ ਅਫਸਰ ਗੁਰਬਖਸ਼ੀਸ ਸਿੰਘ ਨੇ ਦੱਸਿਆ ਕਿ ਅਗਲੇ ਪ੍ਰਧਾਨ ਦੀ ਚੋਣ ਸਬੰਧੀ ਜ਼ਿਲ੍ਹਾ ਡੀਸੀ ਨੂੰ ਅੱਜ ਦੀ ਕਾਰਵਾਈ ਦੀ ਰਿਪੋਰਟ ਭੇਜੀ ਜਾ ਰਹੀ ਹੈ।