ਖਰੜ ਕੌਂਸਲ ਦੇ ਸੀਨੀਅਰ ਉਪ ਪ੍ਰਧਾਨ ਤੇ ਉਪ ਪ੍ਰਧਾਨ ਦਾ ਅਹੁਦਾ ਢਾਈ ਸਾਲਾਂ ਤੋਂ ਖਾਲੀ
ਸ਼ਸ਼ੀ ਪਾਲ ਜੈਨ
ਖਰੜ, 14 ਜਨਵਰੀ
ਖਰੜ ਨਗਰ ਕੌਂਸਲ ਵਿੱਚ ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਦਾ ਅਹੁਦਾ 16 ਜੂਨ 2022 ਤੋਂ ਖਾਲੀ ਪਿਆ ਹੈ। ਹੈਰਾਨੀ ਦੀ ਗੱਲ ਹੈ ਕਿ ਖਰੜ ਕੌਂਸਲ ਵਿੱਚ ‘ਆਪ’ ਕੋਲ ਸਪੱਸਟ ਬਹੁਮਤ ਹੈ, ਫਿਰ ਵੀ ਅੱਜ ਤੱਕ ਇਹ ਚੋਣ ਨਹੀਂ ਹੋ ਸਕੀ ਹੈ। ਜ਼ਿਕਰਯੋਗ ਹੈ ਕਿ ਖਰੜ ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਦੀ ਚੋਣ 17 ਜੂਨ 2021 ਨੂੰ ਹੋਈ ਸੀ। ਉਸ ਸਮੇਂ ਸੀਨੀਅਰ ਉਪ ਪ੍ਰਧਾਨ ਦੇ ਤੌਰ ’ਤੇ ਗੁਰਦੀਪ ਕੌਰ ਅਤੇ ਉਪ ਪ੍ਰਧਾਨ ਦੇ ਤੌਰ ’ਤੇ ਜਸਵੀਰ ਰਾਣਾ ਚੁਣੇ ਗਏ ਸਨ। ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਦੇ ਅਹੁਦੇ ਦੀ ਮਿਆਦ ਇੱਕ ਸਾਲ ਹੁੰਦੀ ਹੈ ਜੋ 16 ਜੂਨ 2022 ਨੂੰ ਖ਼ਤਮ ਹੋ ਗਈ ਸੀ। ਉਦੋਂ ਤੋਂ ਇਹ ਦੋਨੋਂ ਅਹੁਦੇ ਖਾਲੀ ਪਏ ਹਨ।
ਜਾਣਕਾਰੀ ਅਨੁਸਾਰ ਖਰੜ ਕੌਂਸਲ ਵਿਚ ਜ਼ਿਆਦਾਤਰ ਮੈਂਬਰ ‘ਆਪ’ ਦਾ ਸਾਥ ਦੇ ਰਹੇ ਹਨ ਅਤੇ ਪਾਰਟੀ ਨੂੰ ਇਹ ਦੋਵਾਂ ਅਹੁਦਿਆਂ ’ਤੇ ਆਪਣੇ ੳਮੀਦਵਾਰ ਜਿਤਾਉਣ ’ਚ ਮੁਸ਼ਕਿਲ ਨਹੀਂ ਹੈ, ਫਿਰ ਵੀ ਇਹ ਚੋਣ ਨਹੀਂ ਹੋ ਰਹੀ ਹੈ। ਹੁਣ ਇਸ ਨਗਰ ਕੌਸਲ ਦੀ ਮਿਆਦ ਸਵਾ ਸਾਲ ਦੇ ਕਰੀਬ ਦੀ ਬਚੀ ਹੈ।
ਹੈਰਾਨੀ ਦੀ ਗੱਲ ਇਹ ਵੀ ਹੈ ਕਿ ਮੌਜੂਦਾ ਮੈਂਬਰਾਂ ਵਿੱਚ ਪਾਰਟੀ ਦੇ ਕੱਟੜ ਸਮਰਥੱਕ ਵੀ ਹਨ। ਇੱਕ ਮੈਂਬਰ ਤਾਂ ਪਾਰਟੀ ਦੇ ਟਿਕਟ ’ਤੇ ਜਿੱਤਿਆ ਵੀ ਸੀ। ਜੇ ਇਨ੍ਹਾਂ ਦੋਵਾਂ ਅਹੁਦਿਆਂ ’ਤੇ ਚੋਣ ਹੋਵੇਗੀ ਤਾਂ ਇਸ ਦਾ ਫ਼ਾਇਦਾ ਆਮ ਆਦਮੀ ਪਾਰਟੀ ਨੂੰ ਮਿਲ ਸਕਦਾ ਹੈ ਕਿਉਂਕਿ ਇਸ ਸਮੇਂ ਕੌਂਸਲ ਪ੍ਰਧਾਨ ਅਕਾਲੀ ਦਲ ਨਾਲ ਸਬੰਧਤ ਹਨ।