For the best experience, open
https://m.punjabitribuneonline.com
on your mobile browser.
Advertisement

ਕੱਪੜੇ ਦੇ ਗੁਦਾਮ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

05:09 AM Jan 10, 2025 IST
ਕੱਪੜੇ ਦੇ ਗੁਦਾਮ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
ਗੁਦਾਮ ਵਿੱਚ ਲੱਗੀ ਅੱਗ ਬੁਝਾਉਂਦੇ ਹੋਏ ਫਾਇਰ ਬ੍ਰਿਗੇਡ ਦੇ ਮੁਲਾਜ਼ਮ।
Advertisement

ਸਤਵਿੰਦਰ ਬਸਰਾ
ਲੁਧਿਆਣਾ, 9 ਜਨਵਰੀ
ਇੱਥੇ ਟਿੱਬਾ ਰੋਡ ਨੇੜੇ ਪੈਂਦੇ ਮੁਹੱਲਾ ਗੋਪਾਲ ਨਗਰ ਵਿੱਚ ਬੁੱਧਵਾਰ ਰਾਤ ਕਰੀਬ 12 ਵਜੇ ਦੇ ਕਰੀਬ ਹੌਜ਼ਰੀ ਦੇ ਕੱਪੜੇ ਦੀ ਰਹਿੰਦ ਖੂੰਹਦ (ਖੋਹ) ਦੇ ਗੁਦਾਮ ਨੂੰ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਾਟਾਂ ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਇਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ’ਤੇ ਕਾਬੂ ਪਾਇਆ।
ਜਾਣਕਾਰੀ ਅਨੁਸਾਰ ਗੋਪਾਲ ਨਗਰ ਦੀ ਗਲੀ ਨੰਬਰ-8 ਵਿੱਚ ਅਬਦੁਲ ਖਾਲਿਦ ਅਤੇ ਉਸ ਦੇ ਵੱਡੇ ਭਰਾ ਵੱਲੋਂ ਕਿਰਾਏ ਦੇ ਪਲਾਟ ਵਿੱਚ ਹੌਜ਼ਰੀ ਦੇ ਕੱਪੜੇ ਦੀ ਰਹਿੰਦ-ਖੂੰਹਦ (ਖੋਹ) ਦੀ ਛਾਂਟੀ ਦਾ ਕੰਮ ਕੀਤਾ ਜਾਂਦਾ ਹੈ। ਰਾਤ ਕਰੀਬ 12 ਵਜੇ ਜਦੋਂ ਉਹ ਆਪਣੇ ਕਮਰੇ ਵਿੱਚ ਸੁੱਤੇ ਹੋਏ ਸਨ, ਤਾਂ ਬਾਹਰੋਂ ਕਿਸੇ ਨੇ ਗੇਟ ਖੜਕਾ ਕੇ ਅੱਗ ਲੱਗਣ ਬਾਰੇ ਦੱਸਿਆ। ਇਸ ਬਾਰੇ ਪਤਾ ਲੱਗਣ ’ਤੇ ਬੱਚਿਆਂ ਅਤੇ ਔਰਤਾਂ ਸਣੇ ਸਾਰਾ ਪਰਿਵਾਰ ਬਾਹਰ ਆ ਗਿਆ। ਲੋਕਾਂ ਦੀ ਸਹਾਇਤਾ ਨਾਲ ਕਮਰਿਆਂ ਵਿੱਚ ਪਏ ਗੈਸ ਸਿਲੰਡਰ ਵੀ ਬਾਹਰ ਕੱਢ ਲਏ ਗਏ। ਸਥਾਨਕ ਲੋਕਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕਾਮਯਾਬ ਨਾ ਹੋਏ। ਅੱਗ ਕਾਰਨ ਕੰਧ ਦੇ ਨਾਲ ਲੱਗਿਆ ਏਸੀ, ਮੋਟਰਸਾਈਕਲ ਸਣੇ ਫਰਿਜ਼, ਕੱਪੜੇ ਧੋਣ ਵਾਲੀ ਮਸ਼ੀਨ, ਮੰਜੇ, ਸਿਲਾਈ ਮਸ਼ੀਨਾਂ ਅਤੇ ਹੋਰ ਕੀਮਤੀ ਸਾਮਾਨ ਸੜ ਗਿਆ। ਅੱਗ ਦਾ ਸੇਕ ਇੰਨਾ ਜ਼ਿਆਦਾ ਸੀ ਕਿ ਛੱਤ ਦੇ ਗਾਰਡਰ ਵੀ ਪਿਘਲ ਗਏ ਤੇ ਆਸ-ਪਾਸ ਦੇ ਘਰਾਂ ਦੇ ਸ਼ੀਸ਼ੇ ਟੁੱਟ ਗਏ।
ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤਾਂ ਗੁਲਸ਼ਨ ਕੁਮਾਰ, ਰਵੀ ਕੁਮਾਰ ਦੀ ਅਗਵਾਈ ਵਿੱਚ ਤਾਜਪੁਰ ਰੋਡ, ਫੌਕਲ ਪੁਆਇੰਟ, ਸੁੰਦਰ ਨਗਰ ਸਣੇ ਹੋਰ ਸਟੇਸ਼ਨਾਂ ਤੋਂ ਚਾਰ ਅੱਗ ਬੁਝਾਊ ਗੱਡੀਆਂ ਪਹੁੰਚ ਗਈਆਂ। ਅੱਗ ਬੁਝਾਊ ਅਮਲੇ ਨੇ ਤੜਕੇ ਕਰੀਬ ਢਾਈ ਵਜੇ ਤੱਕ ਅੱਗ ’ਤੇ ਕਾਬੂ ਪਾਇਆ। ਅਬਦੁਲ ਖਾਲਿਦ ਨੇ ਕਿਹਾ ਕਿ ਅੱਗ ਕਾਰਨ ਉਸ ਦਾ ਕਰੀਬ 4-5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।

Advertisement

Advertisement
Advertisement
Author Image

Balwant Singh

View all posts

Advertisement