ਕੱਚੇ ਬੱਸ ਕਾਮਿਆਂ ਵੱਲੋਂ ਪੱਕੇ ਹੋਣ ਲਈ ਤਿੰਨ ਰੋਜ਼ਾ ਹੜਤਾਲ ਸ਼ੁਰੂ
ਸ਼ਗਨ ਕਟਾਰੀਆ
ਬਠਿੰਡਾ, 6 ਜਨਵਰੀ
ਕੱਚੇ ਬੱਸ ਕਰਮਚਾਰੀਆਂ ਦੀ ਹੜਤਾਲ ਕਾਰਨ ਅੱਜ ਸਰਕਾਰੀ ਟਰਾਂਸਪੋਰਟ ਦੀਆਂ ਅੱਧ-ਪਚੱਧੀਆਂ ਮੋਟਰਾਂ ਹੀ ਸੜਕਾਂ ’ਤੇ ਆਈਆਂ। ਪੱਕੇ ਕਰਮਚਾਰੀਆਂ ਨੇ ਆਮ ਦਿਨਾਂ ਵਾਂਗ ਸਰਕਾਰੀ ਟਰਾਂਸਪੋਰਟ ਦੀ ਸੇਵਾ ਕੀਤੀ, ਜਦ ਕਿ ਦੂਜੇ ਪਾਸੇ ਕੱਚੇ ਮੁਲਾਜ਼ਮ ਅੱਜ ਤੋਂ ਤਿੰਨ ਦਿਨਾਂ ਲਈ ਹੜਤਾਲ ’ਤੇ ਚਲੇ ਗਏ। ਹੜਤਾਲੀ ਕਰਮਚਾਰੀਆਂ ਨੇ ਇੱਥੇ ਪੀਆਰਟੀਸੀ ਦੇ ਡਿੱਪੂ ਅੱਗੇ ਟੈਂਟ ਲਾ ਕੇ ਮੰਗਾਂ ਲਈ ਰੋਸ ਧਰਨਾ ਦਿੱਤਾ।
ਇਸ ਮੌਕੇ ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੰਦੀਪ ਗਰੇਵਾਲ, ਡਿੱਪੂ ਬਠਿੰਡਾ ਦੇ ਪ੍ਰਧਾਨ ਰਵਿੰਦਰ ਬਰਾੜ ਅਤੇ ਆਜ਼ਾਦ ਯੂਨੀਅਨ ਦੇ ਪ੍ਰਧਾਨ ਹਰਬੰਸ ਸਿੰਘ ਭੋਲਾ ਨੇ ਕਿਹਾ ਕਿ ਲੰਘੀ 2 ਜਨਵਰੀ ਨੂੰ ਟਰਾਂਸਪੋਰਟ ਮੰਤਰੀ ਵੱਲੋਂ ‘ਖਾਨਾਪੂਰਤੀ’ ਲਈ ਕੱਚੇ ਕਾਮਿਆਂ ਨਾਲ ‘ਬੇਸਿੱਟਾ ਨਤੀਜੇ’ ਵਾਲੀ ਮੀਟਿੰਗ ਕੀਤੀ ਗਈ। ਉਨ੍ਹਾਂ ਕੱਚੇ ਕਰਮਚਾਰੀਆਂ ਨੂੰ ਪੱਕੇ ਕੀਤੇ ਜਾਣ ’ਤੇ ਆਪਣੀ ਗੱਲ ਕੇਂਦਰਿਤ ਕਰਦਿਆਂ ਕਿਹਾ ਕਿ 6 ਤੋਂ 8 ਜਨਵਰੀ ਤੱਕ ਚੱਲਣ ਵਾਲੀ ਇਸ ਹੜਤਾਲ ਦੇ ਵਿਚਕਾਰਲੇ ਦਿਨ 7 ਜਨਵਰੀ ਨੂੰ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਆਪਣੇ ਰੁਜ਼ਗਾਰ ਸਮੇਤ ਰਾਜ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੂੰ ਬਚਾਉਣ ਲਈ ਇਹ ਸੰਘਰਸ਼ ਲੜਿਆ ਜਾ ਰਿਹਾ ਹੈ ਅਤੇ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਠੇਕਾ ਕਾਮਿਆਂ ਦੀ ਤਿੰਨ ਰੋਜਾ ਹੜਤਾਲ ਦੇ ਪਹਿਲੇ ਦਿਨ ਲੋਕਾਂ ਨੂੰ ਸਫਰ ਦੌਰਾਨ ਆਪੋ ਆਪਣੀਆਂ ਮੰਜ਼ਿਲਾਂ ’ਤੇ ਪਹੁੰਚਣ ਵਿਚ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਸਰਕਾਰ ਦੇ ਬੇੜੇ ਵਿੱਚ ਇਸ ਸਮੇਂ 1300 ਪੀਆਰਟੀਸੀ ਅਤੇ 1700 ਪਨਬੱਸਾਂ ਚਲਦੀਆਂ ਹਨ, ਜਿਨ੍ਹਾਂ ਰਾਹੀਂ ਰੋਜ਼ਾਨਾ ਲੱਖਾਂ ਲੋਕ ਸਫ਼ਰ ਕਰਕੇ ਆਪਣੀ ਮੰਜਿਲ ‘ਤੇ ਪਹੁੰਚਦੇ ਹਨ, ਪਰ ਹੁਣ ਲਗਾਤਾਰ 3 ਦਿਨ ਇਨ੍ਹਾਂ ਬੱਸਾਂ ਦਾ ਚੱਕਾ ਜਾਮ ਰਹਿਣ ਕਾਰਨ ਸਰਕਾਰ ਦੇ ਮਾਲੀਏ ਨੂੰ ਕਰੋੜਾਂ ਰੁਪਏ ਨੁਕਸਾਨ ਹੋਣ ਦਾ ਅੰਦਾਜ਼ਾ ਹੈ।
ਪੰਜਾਬ ਰੋਡਵੇਜ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੀ ਹੜਤਾਲ ਮੌਕੇ ਕਾਮਿਆਂ ਦੇ ਆਗੂ ਬਲਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਰੀਆਂ ਮੰਗਾ ਨੂੰ ਲੈ ਕੇ ਕਮੇਟੀ ਬਣਾਈ ਗਈ ਸੀ ਪ੍ਰੰਤੂ ਕੋਈ ਵੀ ਮੰਗ ਦਾ ਹੱਲ ਨਹੀਂ ਕੱਢਿਆ ਗਿਆ।
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਪੀਆਰਟੀਸੀ ਅਤੇ ਪਨਬੱਸ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਦੇ ਪਹਿਲੇ ਦਿਨ ਅੱਜ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿੱਚ ਜ਼ਿਆਦਾਤਰ ਮੁਸਾਫ਼ਰ ਉਹ ਸਨ, ਜਿਨ੍ਹਾਂ ਨੂੰ ਅੱਜ ਦੀ ਹੜਤਾਲ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸ਼ਹਿਰ ਦੇ ਬੱਸ ਅੱਡੇ ਉਪਰ ਹੜਤਾਲ ’ਤੇ ਬੈਠੇ ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਲਾਪ੍ਰਵਾਹੀ ਕਰਕੇ ਅੱਜ ਹਜ਼ਾਰਾਂ ਮੁਲਾਜ਼ਮਾਂ ਅਤੇ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਆਗੂਆਂ ਨੇ ਕਿਹਾ ਕਿ ਜੇਕਰ ਇਸ ਤਿੰਨ ਦਿਨਾਂ ਦੀ ਹੜਤਾਲ ਦੌਰਾਨ ਉਨ੍ਹਾਂ ਦੀਆਂ ਮੰਗਾਂ ਮਨਜ਼ੂਰ ਨਾ ਕੀਤੀਆਂ ਗਈਆਂ ਤਾਂ ਇਸ ਮਗਰੋਂ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।
ਸ਼ਹਿਣਾ(ਪ੍ਰਮੋਦ ਕੁਮਾਰ ਸਿੰਗਲਾ):ਇਥੇ ਹੜਤਾਲ ਕਾਰਨ ਬੱਸਾਂ ਦੇ ਨਾ ਆਉਣ ਕਾਰਨ ਸਵਾਰੀਆਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਅੱਡਿਆਂ ’ਤੇ ਪੂਰੀ ਤਰਾਂ ਪ੍ਰਾਈਵੇਟ ਬੱਸ ਸਰਵਿਸ ਦਾ ਬੋਲਬਾਲਾ ਰਿਹਾ। ਕਸਬੇ ਸ਼ਹਿਣਾ ਦੇ ਸੁਖਜੀਤ ਸਿੰਘ ਨੇ ਸਵੇਰੇ ਸਵੇਰੇ ਚੰਡੀਗੜ੍ਹ ਜਾਣਾ ਸੀ, ਉਸ ਨੂੰ ਕਈ ਘੰਟੇ ਉਡੀਕ ਕਰਨੀ ਪਈ। ਮਹਿਲਾਵਾਂ ਚਰਨਜੀਤ ਕੌਰ, ਗੁੱਡੀ ਕੌਰ ਅਤੇ ਜਸਵੀਰ ਕੌਰ ਨੇ ਪਟਿਆਲਾ ਜਾਣਾ ਸੀ ਉਨ੍ਹਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਹੋਈ।
ਚੰਡੀਗੜ੍ਹ ’ਚ ਸੀਐੱਮ ਹਾਊਸ ਅੱਗੇ ਧਰਨਾ ਅੱਜ
ਜ਼ੀਰਾ (ਹਰਮੇਸ਼ਪਾਲ ਨੀਲੇਵਾਲਾ): ਅੱਜ ਇਥੇ ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਖਾਤਿਰ ਰੋਸ ਧਰਨਾ ਲਗਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਜਗਦੀਪ ਸਿੰਘ,ਪ੍ਰਧਾਨ ਗੁਰਪ੍ਰੀਤ ਸਿੰਘ, ਜਨਰਲ ਸਕੱਤਰ ਗੁਰਜੰਟ ਸਿੰਘ, ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ ਆਦਿ ਨੇ ਕਿਹਾ ਕਿ ਜਥੇਬੰਦੀ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ 6,7 ਅਤੇ 8 ਜਨਵਰੀ ਨੂੰ ਤਿੰਨ ਦਿਨਾਂ ਬੱਸਾਂ ਦੀ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ‘ਆਪ’ ਸਰਕਾਰ ’ਤੇ ਤਿੱਖੇ ਨਿਸ਼ਾਨੇ ਸੇਧੇ। ਆਗੂਆਂ ਨੇ ਕਿਹਾ ਕਿ ਮਿਤੀ 7 ਜਨਵਰੀ ਨੂੰ ਚੰਡੀਗੜ੍ਹ ਵਿੱਚ ਸੀਐੱਮ ਹਾਊਸ ਮੂਹਰੇ ਰੋਸ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਨੂੰ ਪੱਕੇ ਨਾ ਕੀਤਾ ਸਾਡੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇਗਾ।ਸਰਕਾਰੀ ਬੱਸਾਂ ਘੱਟ ਆਉਣ ਕਾਰਨ ਬੀਬੀਆਂ ਪ੍ਰੇਸ਼ਾਨ
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਭਰ ਵਿੱਚ ਅੱਜ ਪਨਬੱਸ ਅਤੇ ਪੀਆਰਟੀਸੀ ਦੇ ਕੰਟਰੈਕਟ ਵਰਕਰਾਂ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਕਾਰਨ ਮਾਲਵਾ ਖੇਤਰ ਵਿੱਚ ਲੋਕਾਂ ਨੂੰ ਅੱਡਿਆਂ ’ਤੇ ਪ੍ਰੇਸ਼ਾਨ ਹੋਣਾ ਪਿਆ। ਸਭ ਤੋਂ ਵੱਧ ਪ੍ਰੇਸ਼ਾਨੀ ਔਰਤਾਂ ਅਤੇ ਮਾਈਆਂ ਨੂੰ ਹੋਈ, ਜਿਨ੍ਹਾਂ ਲਈ ਪੰਜਾਬ ਸਰਕਾਰ ਸਰਕਾਰੀ ਬੱਸਾਂ ਵਿੱਚ ਬਿਲਕੁਲ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਹੋਈ ਹੈ। ਮਾਲਵਾ ਖੇਤਰ ਵਿੱਚ ਜ਼ਿਆਦਾ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀਆਂ ਬੱਸਾਂ ਚੱਲਦੀਆਂ ਹਨ ਅਤੇ ਇਸ ਖੇਤਰ ਵਿੱਚ ਮਾਝੇ-ਦੁਆਬੇ ਦੇ ਮੁਕਾਬਲੇ ਪੰਜਾਬ ਰੋਡਵੇਜ਼ ਦੇ ਡਿੱਪੂ ਘੱਟ ਹਨ। ਇਸ ਹੜਤਾਲ ਦਾ ਲਾਹਾ ਪ੍ਰਾਈਵੇਟ ਬੱਸਾਂ ਵਾਲੇ ਲੈਂਦੇ ਰਹੇ। ਪੰਜਾਬ ਦੇ ਮਾਨਸਾ ਸਮੇਤ ਅਨੇਕਾਂ ਸ਼ਹਿਰਾਂ ਦੇ ਬੱਸ ਅੱਡਿਆਂ ਵਿਚ ਅੱਜ ਪੀਆਰਟੀਸੀ ਦੀਆਂ ਬੱਸਾਂ ਨਹੀਂ ਹਨ, ਸਗੋਂ ਹੜਤਾਲੀਆਂ ਨੇ ਬੱਸਾਂ ਨੂੰ ਡਿਪੂਆਂ ਵਿੱਚ ਹੀ ਰੋਕ ਦਿੱਤਾ ਹੈ। ਮਾਨਸਾ ਦੇ ਬੱਸ ਅੱਡੇ ’ਚ ਮਾਤਾ ਸ਼ਿਮਲਾ ਕੌਰ ਨੇ ਦੱਸਿਆ ਕਿ ਉਹ ਸਿਰਸਾ ਜਾਣ ਲਈ ਪੌਣੇ ਘੰਟੇ ਤੋਂ ਬੱਸ ਦੀ ਉਡੀਕ ਕਰ ਰਹੀ ਹੈ, ਪਰ ਉਸ ਨੂੰ ਕੋਈ ਸਿੱਧੀ ਬੱਸ ਸਿਰਸਾ ਦੀ ਨਹੀਂ ਮਿਲ ਰਹੀ ਹੈ। ਉਸ ਵਰਗੀਆਂ ਅਨੇਕਾਂ ਹੋਰ ਸਵਾਰੀਆਂ ਦਰਦ ਸੁਣਾ ਰਹੀਆਂ ਸਨ। ਇਸੇ ਤਰ੍ਹਾਂ ਲੁਧਿਆਣਾ, ਪਟਿਆਲਾ, ਚੰਡੀਗੜ੍ਹ, ਬਠਿੰਡਾ,ਜਲੰਧਰ, ਸੰਗਰੂਰ ਅਤੇ ਹੋਰ ਸ਼ਹਿਰਾਂ ਨੂੰ ਜਾਣ ਲਈ ਔਰਤਾਂ ਸਮੇਤ ਲੋਕ ਅੱਡਿਆਂ ’ਤੇ ਪ੍ਰੇਸ਼ਾਨ ਹੁੰਦੇ ਰਹੇ। ਪੁਰਸ਼ਾਂ ਲਈ ਤਾਂ ਪ੍ਰਾਈਵੇਟ ਬੱਸਾਂ ਵੀ ਸਹਾਈ ਸਿੱਧ ਹੋਈਆਂ, ਪਰ ਔਰਤਾਂ ਨੂੰ ਸਰਕਾਰੀ ਬੱਸਾਂ ਦੀ ਹੜਤਾਲ ਨੇ ਸਾਰਾ ਦਿਨ ਪ੍ਰੇਸ਼ਾਨੀਆਂ ਵਿੱਚ ਪਾਈ ਰੱਖਿਆ। ਇਸੇ ਦੌਰਾਨ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈਕੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਅਤੇ ਧਾਰਮਿਕ ਸਥਾਨਾਂ ’ਤੇ ਵੱਡੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਆਮ ਲੋਕਾਂ ਨੂੰ ਸਰਕਾਰੀ ਬੱਸਾਂ ਦੀ ਹੜਤਾਲ ਹੋਣ ਕਾਰਨ ਵੱਖਰੇ ਤੌਰ ’ਤੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।Advertisement