ਕੰਮ-ਕਾਜੀ ਥਾਵਾਂ ’ਤੇ ਜਿਣਸੀ ਸ਼ੋਸ਼ਣ ਸਬੰਧੀ ਜਾਗਰੂਕ ਕੀਤਾ
ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 23 ਦਸੰਬਰ
ਕਮਿਸ਼ਨਰ ਨਗਰ ਨਿਗਮ ਅਨੁਪਮ ਕਲੇਰ ਤੇ ਉਪ-ਮੰਡਲ ਮੈਜਿਸਟਰੇਟ ਮੇਜਰ ਡਾ. ਇਰਵਿਨ ਕੌਰ ਦੀ ਪ੍ਰਧਾਨਗੀ ਹੇਠ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਦੇ ਦਫ਼ਤਰ ਵਿੱਚ ਕੰਮ-ਕਾਜੀ ਥਾਵਾਂ ਜਿਵੇਂ ਸਰਕਾਰੀ ’ਤੇ ਪ੍ਰਾਈਵੇਟ ਤੇ ਵਪਾਰਕ ਅਦਾਰਿਆਂ ਆਦਿ ਵਿੱਚ ਮਹਿਲਾਵਾਂ ਦੇ ਜਿਣਸੀ ਸ਼ੋਸ਼ਣ ਨੂੰ ਰੋਕਣ ਲਈ ਐਕਟ 2013 ਸਬੰਧੀ ਵੱਖ-ਵੱਖ ਵਿਭਾਗਾਂ ਅਤੇ ਪ੍ਰਾਈਵੇਟ ਸੈਕਟਰਾਂ ’ਚ ਕੰਮ ਕਰ ਰਹੀਆਂ ਮਹਿਲਾਵਾਂ ਨੂੰ ਜਾਗਰੂਕ ਕੀਤਾ ਗਿਆ।
ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਵੀ ਇਸਤਰੀ ਭਾਵੇਂ ਉਹ ਸਰਕਾਰੀ ਨੌਕਰੀ ਕਰਦੀ ਹੋਵੇ ਜਾਂ ਪ੍ਰਾਈਵੇਟ, ਜੇਕਰ ਕੰਮ ਵਾਲੀ ਥਾਂ ’ਤੇ ਉਸਨੂੰ ਕਿਸੇ ਵੀ ਤਰ੍ਹਾਂ ਦੇ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਆਪਣੀ ਸ਼ਿਕਾਇਤ ਹੈਲਪ ਲਾਈਨ ਨੰਬਰ 181 ਅਤੇ ਆਨਲਾਈਨ ‘ਸ਼ੀ ਬਾਕਸ’ ਤੇ ਦਰਜ ਕਰਵਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਮਾਮਲੇ ਵਿੱਚ ਸ਼ਿਕਾਇਤ ਕਮੇਟੀ ਦੀ ਮੀਟਿੰਗ ਹਰ ਮਹੀਨੇ ਦੇ ਪਹਿਲੇ ਬੁੱਧਵਾਰ ਸਮਾਂ ਦੁਪਹਿਰ 12.00 ਵਜੇ ਦਫਤਰ ਨਗਰ ਨਿਗਮ, ਕਪੂਰਥਲਾ ਵਿੱਚ ਹੋਵੇਗੀ। ਇਹ ਮੌਕੇ ਡਿਪਟੀ ਡੀ.ਏ. ਸਨਪ੍ਰੀਤ ਕੌਰ, ਸਹਾਇਕ ਸਿਵਲ ਸਰਜਨ ਅਨੂ ਸ਼ਰਮਾ, ਸੁਪਰਡੈਂਟ ਜਤਿੰਦਰ ਮੋਹਨ ਸ਼ਰਮਾ, ਇੰਸਪੈਕਟਰ ਭਜਨ ਸਿੰਘ ਅਤੇ ਹੋਰ ਹਾਜ਼ਰ ਸਨ।