ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੰਬਾਈਨਾਂ ਨਾਲ ਕਣਕ ਦੀ ਸੁਚੱਜੀ ਕਟਾਈ

04:24 AM Apr 19, 2025 IST
featuredImage featuredImage

ਡਾ. ਮਹੇਸ਼ ਕੁਮਾਰ ਨਾਰੰਗ
ਡਾ. ਬਲਦੇਵ ਡੋਗਰਾ
ਪੰਜਾਬ ਦੀ ਖੇਤੀ ਵਿੱਚ ਕੰਬਾਈਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਵਕਤ ਪੰਜਾਬ ਵਿੱਚ 75-80 ਫੀਸਦੀ ਕਣਕ ਦੀ ਕਟਾਈ ਕੰਬਾਈਨਾਂ ਨਾਲ ਹੁੰਦੀ ਹੈ, ਜਦ ਕਿ ਬਾਕੀ ਦੀ ਫ਼ਸਲ ਰੀਪਰ ਨਾਲ ਜਾਂ ਹੱਥੀਂ ਕੱਟੀ ਜਾਂਦੀ ਹੈ। ਇਸ ਤੋਂ ਉਪਰੰਤ ਥਰੈਸ਼ਰਾਂ ਨਾਲ ਗਹਾਈ ਕੀਤੀ ਜਾਂਦੀ ਹੈ। ਕੰਬਾਈਨਾਂ ਨਾਲ ਕਟਾਈ ਆਮ ਤੌਰ ’ਤੇ ਕਿਰਾਏ ’ਤੇ ਹੀ ਕੀਤੀ ਜਾਂਦੀ ਹੈ। ਕਿਰਾਏ ’ਤੇ ਕੰਮ ਕਰਨ ਵਾਲਿਆਂ ਨੂੰ ਕਾਹਲੀ ਹੁੰਦੀ ਹੈ ਕਿ ਕੰਮ ਜਲਦੀ ਤੋਂ ਜਲਦੀ ਮੁਕੰਮਲ ਹੋ ਜਾਵੇ। ਇਸ ਕਾਰਨ ਜ਼ਿਮੀਂਦਾਰ ਨੂੰ ਕੁੱਝ ਨੁਕਸਾਨ ਉਠਾਉਣਾ ਪੈਂਦਾ ਹੈ।
ਇਸ ਨੁਕਸਾਨ ਨੂੰ ਜ਼ਿਮੀਂਦਾਰ ਆਪਣੇ ਪੱਧਰ ’ਤੇ ਘਟਾ ਸਕਦੇ ਹਨ, ਜੇ ਉਹ ਕੰਬਾਈਨ ਚਾਲਕ ਨੂੰ ਇਨ੍ਹਾਂ ਨੁਕਸਾਨਾਂ ਬਾਰੇ ਸੁਚੇਤ ਕਰਦੇ ਰਹਿਣ। ਇੱਕ ਅੰਦਾਜ਼ੇ ਮੁਤਾਬਕ ਸਭ ਤੋਂ ਵੱਧ ਨੁਕਸਾਨ ਕਣਕ ਦੀ ਪਛੇਤੀ ਕਟਾਈ ਨਾਲ ਹੁੰਦਾ ਹੈ। ਕਣਕ ਦੀ ਕਟਾਈ 10 ਤੋਂ 12 ਫੀਸਦੀ ਨਮੀ ’ਤੇ ਕਰੋ, ਪਰ ਆਮ ਤੌਰ ’ਤੇ ਜ਼ਿਮੀਂਦਾਰ ਇਸ ਨਮੀ ਤੋਂ ਘੱਟ ’ਤੇ ਹੀ ਕੰਮ ਕਰਾਉਂਦੇ ਹਨ, ਜਿਸ ਕਰਕੇ ਰੀਲ੍ਹ ਜਾਂ ਫਿਰਕੀ ਨਾਲ ਹੋਣ ਵਾਲਾ ਨੁਕਸਾਨ ਕਾਫ਼ੀ ਵਧ ਜਾਂਦਾ ਹੈ। ਕੰਬਾਈਨ ਨਾਲ ਹੋਣ ਵਾਲੇ ਨੁਕਸਾਨ ਕਈ ਕਿਸਮ ਦੇ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ;
ਨਮੀ ਘੱਟ ਹੋਣ ਕਰਕੇ ਹੋਣ ਵਾਲਾ ਨੁਕਸਾਨ: ਜਿਉਂ ਜਿਉਂ ਫ਼ਸਲ ਦੀ ਨਮੀ ਘਟਦੀ ਹੈ, ਖੇਤ ਵਿੱਚ ਦਾਣੇ ਕਿਰਨੇ ਸ਼ੁਰੂ ਹੋ ਜਾਂਦੇ ਹਨ ਅਤੇ ਜਿਵੇਂ ਜਿਵੇਂ ਕਟਾਈ ਲੇਟ ਹੁੰਦੀ ਹੈ ਤਾਂ ਫਿਰਕੀ ਨਾਲ ਹੋਣ ਵਾਲੇ ਨੁਕਸਾਨ ਵੀ ਵਧਦੇ ਜਾਂਦੇ ਹਨ।
ਰੀਲ ਜਾਂ ਫਿਰਕੀ ਨਾਲ ਹੋਣ ਵਾਲੇ ਨੁਕਸਾਨ: ਕੰਬਾਈਨ ਵਿੱਚ ਫ਼ਸਲ ਨੂੰ ਕੰਬਾਈਨ ਵੱਲ ਧੱਕਣ ਵਾਸਤੇ ਇੱਕ ਫਿਰਕੀ ਲੱਗੀ ਹੁੰਦੀ ਹੈ, ਜਿਸ ਦੀ ਉੱਚਾਈ ਅਤੇ ਚਾਲ ਫ਼ਸਲ ਮੁਤਾਬਕ ਸੈੱਟ ਕਰਨੀ ਚਾਹੀਦੀ ਹੈ, ਪਰ ਜੇ ਨਮੀ ਘੱਟ ਹੋਵੇ ਤਾਂ ਇਹ ਫਿਰਕੀ ਨਾਲ ਵੀ ਕੁੱਝ ਦਾਣੇ ਕਿਰਕੇ ਖੇਤ ਵਿੱਚ ਹੀ ਡਿੱਗ ਪੈਂਦੇ ਹਨ। ਇਸ ਲਈ ਫਿਰਕੀ ਦੀ ਸੈਟਿੰਗ ਅਤੇ ਫ਼ਸਲ ਦੀ ਨਮੀ ਦਾ ਸਹੀ ਹਿਸਾਬ ਰੱਖਣਾ ਚਾਹੀਦਾ ਹੈ।
ਗਹਾਈ ਰਾਹੀਂ ਹੋਣ ਵਾਲੇ ਨੁਕਸਾਨ: ਜਦੋਂ ਅਸੀਂ ਕੰਬਾਈਨ ਨਾਲ ਕਟਾਈ ਕਰਦੇ ਹਾਂ ਤਾਂ ਕੁਝ ਮਲਬਾ ਉਸ ਦੇ ਪਿੱਛੇ ਡਿੱਗਦਾ ਹੈ। ਕਈ ਵਾਰ ਉਸ ਵਿੱਚ ਕੁੱਝ ਦਾਣੇ ਵੀ ਰਹਿ ਜਾਂਦੇ ਹਨ ਅਤੇ ਕੁੱਝ ਦਾਣੇ ਸਿੱਟਿਆਂ ਵਿੱਚ ਵੀ ਹੋ ਸਕਦੇ ਹਨ. ਸੋ ਇਸ ਤਰ੍ਹਾਂ ਵੀ ਦਾਣਿਆਂ ਦਾ ਨੁਕਸਾਨ ਹੁੰਦਾ ਹੈ।
ਦਾਣਿਆਂ ਦੀ ਟੁੱਟ ਭੱਜ: ਜੇ ਕੰਬਾਈਨ ਦੇ ਗਹਾਈ ਥਰੈਸ਼ਰ ਦੀ ਰਫ਼ਤਾਰ ਜਾਂ ਫਿਰ ਸਿਲੰਡਰ ਅਤੇ ਕਨਕੇਵ ਵਿੱਚ ਵਿੱਥ ਸਹੀ ਨਾ ਹੋਵੇ ਤਾਂ ਵੀ ਕੰਬਾਈਨ ਵਿੱਚ ਦਾਣਿਆਂ ਦੀ ਟੁੱਟ ਭੱਜ ਵਧ ਜਾਂਦੀ ਹੈ। ਇਸ ਵਿਧੀ ਨਾਲ ਵੀ ਦਾਣਿਆਂ ਦਾ ਨੁਕਸਾਨ ਹੋ ਜਾਂਦਾ ਹੈ।
ਦਾਣਿਆਂ ਦਾ ਨੁਕਸਾਨ ਕਿਵੇ ਘਟਾਇਆ ਜਾਵੇ: ਦਾਣਿਆਂ ਦਾ ਨੁਕਸਾਨ ਅਤੇ ਕੰਬਾਈਨਾਂ ਦੇ ਨੁਕਸ ਸੈਂਟਿੰਗ ਰਾਹੀਂ ਦੂਰ ਕੀਤੇ ਜਾਂਦੇ ਹਨ। ਕੰਬਾਈਨ ਨਾਲ ਸਹੀ ਅਤੇ ਸੁਰੱਖਿਅਤ ਕੰਮ ਕਰਨ ਲਈ ਕੁੱਝ ਨੁਕਤੇ ਧਿਆਨ ਵਿੱਚ ਰੱਖਣੇ ਬਹੁਤ ਜ਼ਰੂਰੀ ਹਨ;
ਮਸ਼ੀਨ ਮਿੱਥੀ ਹੋਈ ਰਫ਼ਤਾਰ ’ਤੇ ਚਲਾਓ: ਇਸ ਵਿੱਚ ਪਰੋਪੈਲਡ ਕਿਸਮ ਦੀ ਕੰਬਾਈਨ ਜੋ 80-120 ਹਾਰਸ ਹਾਰਸ ਪਾਵਰ ਦੀ ਹੈ, ਉਸ ਵਿੱਚ ਕਟਰਬਾਰ ਦਾ ਸਾਈਜ਼ 4.0.5.0 ਰੱਖੋ। ਇਸ ਦੀ ਖੜ੍ਹੀ ਫ਼ਸਲ ਲਈ ਸਹੀ ਰਫ਼ਤਾਰ 3.5-5.5 (ਕਿਲੋਮੀਟਰ ਪ੍ਰਤੀ ਘੰਟਾ) ਅਤੇ ਡਿੱਗੀ ਹੋਈ ਫ਼ਸਲ ਲਈ 2.0-3.0 ਹੈ। ਇਸੇ ਤਰ੍ਹਾਂ ਹੀ ਟਰੈਕਟਰ ਵਾਲੀ ਕੰਬਾਈਨ ਲਈ ਜੋ 50-65 ਹਾਰਸ ਪਾਵਰ ਦੀ ਹੈ, ਉਸ ਵਿੱਚ ਕਟਰਬਾਰ ਦਾ ਸਾਈਜ਼ 3.0-4.0 ਰੱਖੋ। ਇਸ ਦੀ ਖੜ੍ਹੀ ਫ਼ਸਲ ਲਈ ਸਹੀ ਰਫ਼ਤਾਰ 1.5-2.0 ਹੈ। ਡਿੱਗੀ ਫ਼ਸਲ ਚੁੱਕਣ ਵਾਸਤੇ ਕੰਬਾਈਨ ਫ਼ਸਲ ਡਿੱਗਣ ਦੀ ਉਲਟ ਦਿਸ਼ਾ ਵਿੱਚ ਚਲਾਉਣੀ ਚਾਹੀਦੀ ਹੈ।
ਜੇ ਫ਼ਸਲ ਦੀ ਨਮੀ 12 ਪ੍ਰਤੀਸ਼ਤ ਤੋਂ ਵੱਧ ਹੋਵੇ ਤਾਂ ਵਾਢੀ ਨਾ ਕਰੋ। ਖੁੰਢੇ ਹੋ ਗਏ ਕਟਰਬਾਰ ਦੇ ਬਲੇਡ ਬਦਲੋ। ਜੇ ਕੰਬਾਈਨ ਦੇ ਪਿੱਛੇ ਦਾਣਿਆਂ ਦਾ ਨੁਕਸਾਨ 1.0 ਪ੍ਰਤੀਸ਼ਤ ਤੋਂ ਵੱਧ ਹੈ ਤਾਂ ਪੱਖੇ ਦੀ ਹਵਾ ਘਟਾਓ। ਜੇ ਫਿਰ ਵੀ ਫ਼ਰਕ ਨਾ ਪਵੇ ਤਾਂ ਸਫ਼ਾਈ ਵਾਲੀ ਜਾਲੀ ਦੀ ਵਿੱਥ ਵਧਾਉ। ਜੇ ਦਾਣਿਆਂ ਦੇ ਟੈਂਕ ਵਿੱਚ ਦਾਣਿਆਂ ਦੀ ਟੁੱਟ ਵੱਧ ਹੈ ਤਾਂ ਸਿਲੰਡਰ ਤੇ ਕਨਕੇਵ ਵਿੱਚ ਵਿੱਥ ਵਧਾਉ। ਜੇ ਅਣਗਾਹੇ ਦਾਣੇ 1.0 ਪ੍ਰਤੀਸ਼ਤ ਤੋਂ ਵੱਧ ਹਨ ਤਾਂ ਸਿਲੰਡਰ ਤੇ ਕਨਕੇਵ ਵਿੱਚ ਵਿੱਥ ਘਟਾਉ। ਜੇ ਕੰਬਾਈਨ ਓਵਰਲੋਡ ਹੋ ਰਹੀ ਹੈ ਤਾਂ ਰਫ਼ਤਾਰ ਘਟਾਉ ਜਾਂ ਫ਼ਸਲ ਨੂੰ ਉੱਚੀ ਵੱਢੋ। ਟਾਇਰਾਂ ਦਾ ਦਬਾਅ ਚੈੱਕ ਕਰਕੇ ਮਿੱਥੇ ਹੋਏ ਅੰਕੜੇ ਮੁਤਾਬਿਕ ਹਵਾ ਭਰਨੀ ਚਾਹੀਦੀ ਹੈ। ਆਮ ਤੌਰ ’ਤੇ ਇਹ ਦਬਾਅ ਅਗਲੇ ਟਾਇਰਾਂ ਵਿੱਚ ਇੱਕ ਅਤੇ ਪਿਛਲੇ ਵਿੱਚ ਦੋ ਕਿਲੋਗ੍ਰਾਮ ਪ੍ਰਤੀ ਵਰਗ ਸੈਂਟੀਮੀਟਰ ਦੇ ਹਿਸਾਬ ਨਾਲ ਹੁੰਦਾ ਹੈ। ਬੈਰਿੰਗ ਅਤੇ ਚੱਲਣ ਵਾਲੇ ਹਿੱਸਿਆਂ ਨੂੰ ਰੋਜ਼ਾਨਾ ਗਰੀਸ ਜਾਂ ਤੇਲ ਦੇਣਾ ਚਾਹੀਦਾ ਹੈ।
ਕੰਬਾਈਨ ਚਲਾਉਣ ਲੱਗਿਆਂ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ:
-ਕੰਬਾਈਨ ਚਲਾਉਂਦੇ ਸਮੇਂ ਨਸ਼ੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
-ਕੰਬਾਈਨ ਡਰਾਈਵਰ ਨੂੰ ਕੰਮ ਸਮੇਂ ਢਿੱਲੇ ਕੱਪੜੇ ਨਹੀਂ ਪਾਉਣੇ ਚਾਹੀਦੇ।
-ਚੱਲਦੇ ਪਟੇ ਜਾਂ ਬੈਲਟ ਉੱਪਰੋਂ ਨਹੀਂ ਲੰਘਣਾ ਚਾਹੀਦਾ।
-ਚੱਲਦੀ ਕੰਬਾਈਨ ’ਤੇ ਚੜ੍ਹਨਾ ਜਾਂ ਉਤਰਨਾ ਨਹੀਂ ਚਾਹੀਦਾ।
-ਕੰਬਾਈਨ ’ਤੇ ਸੁਰੱਖਿਅਤ ਸ਼ੀਲਡਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ।
-ਖੇਤ ਵਿੱਚ ਲਟਕਦੀਆਂ ਬਿਜਲੀ ਦੀਆਂ ਤਾਰਾਂ ਦਾ ਧਿਆਨ ਰੱਖਿਆ ਜਾਵੇ।
-ਗਿੱਲੀ ਜਾਂ ਜ਼ਿਆਦਾ ਨਮੀ ਵਾਲੀ ਫ਼ਸਲ ਦੀ ਕਟਾਈ ਕੰਬਾਈਨ ਨਾਲ ਕਰਦੇ ਸਮੇਂ ਅੱਗ ਲੱਗ ਸਕਦੀ ਹੈ।
-ਜਾਂਚ ਅਤੇ ਰੱਖ-ਰਖਾਅ ਦੌਰਾਨ ਇੰਜਣ ਨੂੰ ਬੰਦ ਕਰਨਾ ਅਤੇ ਬਰੇਕ ਪੈਡਲ ਨੂੰ ਲਾਕ ਕਰਨਾ ਯਕੀਨੀ ਬਣਾਓ। ਮਸ਼ੀਨ ਦੀ ਜਾਂਚ ਅਤੇ ਰੱਖ-ਰਖਾਅ ਕਰਨ ਤੋਂ ਪਹਿਲਾਂ ਇੰਜਣ ਨੂੰ ਬੰਦ ਕਰੋ, ਬਰੇਕ ਪੈਡਲ ਨੂੰ ਲਾਕ ਕਰੋ ਅਤੇ ਨਾਨ-ਸਕਿੱਡ ਡਿਵਾਈਸ ਨੂੰ ਪੁਲੀ ਦੇ ਹੇਠਾਂ ਰੱਖੋ।
-ਬਿਜਲੀ ਦੇ ਟ੍ਰਾਂਸਫਾਰਮਰਾਂ ਦੇ ਨੇੜੇ ਦੀ ਫ਼ਸਲ ਨੂੰ ਹੱਥੀਂ ਕੱਟਣਾ ਚਾਹੀਦਾ ਹੈ।
ਕੰਬਾਈਨ ਦੁਆਰਾ ਦਾਣਿਆਂ ਦਾ ਨੁਕਸਾਨ ਅਤੇ ਠੀਕ ਕਰਨ ਦੇ ਸੁਝਾਓ: ਜੇਕਰ ਫਿਰਕੀ (ਰੀਲ) ਰਾਹੀਂ ਦਾਣੇ ਜਾਂ ਸਿੱਟਿਆਂ ਦਾ ਨੁਕਸਾਨ ਹੋ ਰਿਹਾ ਹੈ ਤਾਂ ਇਸ ਦਾ ਕਾਰਨ ਫਿਰਕੀ ਦੀ ਉੱਚਾਈ ਠੀਕ ਨਾ ਹੋਣਾ, ਫਿਰਕੀ ਦੀ ਸਪੀਡ ਬਹੁਤ ਤੇਜ਼ ਹੋਣਾ ਅਤੇ ਕੰਬਾਈਨ ਦੀ ਸਪੀਡ ਤੇਜ਼ ਹੋਣਾ ਹੈ। ਇਸ ਨੁਕਸਾਨ ਨੂੰ ਦੂਰ ਕਰਨ ਲਈ ਫਿਰਕੀ ਦੀ ਉੱਚਾਈ ਸਹੀ ਸੈੱਟ ਕਰੋ। ਫਿਰਕੀ ਦੀਆਂ ਫੱਟੀਆਂ ਕਟਰਬਾਰ ਤੋਂ ਚਾਰ ਤੋਂ ਦੱਸ ਮਿਲੀਮੀਟਰ ਅਗਾਂਹ ਨੂੰ ਹੋਣੀਆ ਚਾਹੀਦੀਆਂ ਹਨ। ਗਰਾਰੀ ਬਦਲ ਕੇ ਫਿਰਕੀ ਦੀ ਸਪੀਡ ਠੀਕ ਕਰ ਲੈਣੀ ਚਾਹੀਦੀ ਹੈ। ਇਹ ਕੰਬਾਈਨ ਦੀ ਰਫ਼ਤਾਰ ਤੋਂ 25 ਫੀਸਦੀ ਵੱਧ ਹੋਣੀ ਚਾਹੀਦੀ ਹੈ। ਕੰਬਾਈਨ ਸਹੀ ਸਪੀਡ ’ਤੇ ਚਲਾਓ। ਡਿੱਗੀ ਹੋਈ ਫ਼ਸਲ ਵਿੱਚ ਕੰਬਾਈਨ ਦਾ ਰੁਖ਼ ਡਿੱਗੀ ਹੋਈ ਫ਼ਸਲ ਦੇ ਉਲਟ ਹੋਣਾ ਚਾਹੀਦਾ ਹੈ। ਜੇਕਰ ਰੀਲ ’ਤੇ ਫ਼ਸਲ ਲਿਪਟ ਜਾਵੇ ਤਾਂ ਇਸ ਦਾ ਕਾਰਨ ਫ਼ਸਲ ਦਾ ਡਿੱਗੀ ਹੋਣਾ ਹੈ। ਇਸ ਨੁਕਸਾਨ ਨੂੰ ਦੂਰ ਕਰਨ ਲਈ ਪਿਕਅਪ ਰੀਲ ਲਗਾਓ। ਰੀਲ ਸਪੀਡ ਘਟਾਓ ਅਤੇ ਰੀਲ ਨੂੰ ਉੱਚੀ ਫਿਟ ਕਰੋ। ਜੇਕਰ ਪਲੈਟਫਾਰਮ ’ਤੇ ਫ਼ਸਲ ਇਕੱਠੀ ਹੋਈ ਹੈ ਤਾਂ ਆਗਰ ਦੀ ਸੈਟਿੰਗ ਠੀਕ ਨਹੀਂ ਹੈ। ਇਸ ਨੂੰ ਦੂਰ ਕਰਨ ਲਈ ਆਗਰ ਦੀ ਸੈਟਿੰਗ ਕਰੋ।
ਜੇਕਰ ਕਟਰਬਾਰ ਰਾਹੀਂ ਦਾਣੇ ਅਤੇ ਸਿੱਟੇ ਕਿਰ ਰਹੇ ਹਨ ਤਾਂ ਕਟਰਬਾਰ ਜ਼ਿਆਦਾ ਉੱਚਾ ਹੋਣ ਕਾਰਨ ਕਟਰਬਾਰ ਨਾਲ ਫ਼ਸਲ ਖਿੱਚੀ ਜਾਂਦੀ ਹੈ। ਇਸ ਲਈ ਕਟਰਬਾਰ ਠੀਕ ਉੱਚਾਈ ’ਤੇ ਰੱਖੋ। ਟੁੱਟੇ ਬਲੇਡ ਜਾਂ ਮੁੜੇ ਸਿਰੇ ਨੂੰ ਠੀਕ ਕਰੋ। ਜੇਕਰ ਅਣਗਾਹੇ ਦਾਣੇ ਹਨ ਤਾਂ ਇਸ ਦਾ ਕਾਰਨ ਫ਼ਸਲ ਦਾ ਜ਼ਿਆਦਾ ਗਿੱਲੀ ਹੋਣਾ, ਸਿਲੰਡਰ ਦੀ ਸਪੀਡ ਦਾ ਘੱਟ ਹੋਣਾ ਅਤੇ ਕਨਕੇਵ ਅਤੇ ਸਿਲੰਡਰ ਵਿੱਚ ਵਿੱਥ ਜ਼ਿਆਦਾ ਹੋਣਾ ਹੈ। ਇਸ ਲਈ ਫ਼ਸਲ ਦੀ ਸਿੱਲ੍ਹ 15× ਤੋਂ ਘੱਟ ਹੋਣੀ ਚਾਹੀਦੀ ਹੈ। ਸਿਲੰਡਰ ਦੀ ਸਪੀਡ ਨੂੰ ਵਧਾਓ ਅਤੇ ਸਿਲੰਡਰ ਕਨਕੇਵ ਵਿੱਚ ਵਿੱਥ ਨੂੰ ਘੱਟ ਕਰੋ।
ਜੇਕਰ ਦਾਣੇ ਟੁੱਟੇ ਹੋਏ ਹਨ ਤਾਂ ਇਸ ਦਾ ਕਾਰਨ ਸਿਲੰਡਰ ਦੀ ਸਪੀਡ ਦਾ ਤੇਜ਼ ਹੋਣਾ ਅਤੇ ਸਿਲੰਡਰ ਕਲਕੇਵ ਵਿੱਥ ਦਾ ਤੰਗ ਹੋਣਾ ਹੈ। ਇਸ ਲਈ ਸਿਲੰਡਰ ਸਪੀਡ ਨੂੰ ਘੱਟ ਕਰੋ ਅਤੇ ਸਿਲੰਡਰ ਕਨਕੇਵ ਵਿੱਥ ਲੋੜ ਅਨੁਸਾਰ ਖੁੱਲ੍ਹੀ ਕਰੋ। ਜੇਕਰ ਸਿਲੰਡਰ ਦੁਆਲੇ ਫ਼ਸਲ ਲਿਪਟ ਰਹੀ ਹੈ ਤਾਂ ਇਸ ਦਾ ਮਤਲਬ ਫ਼ਸਲ ਗਿੱਲੀ ਹੈ ਜਾਂ ਫ਼ਸਲ ਵਿੱਚ ਲੰਮੇ ਅਤੇ ਗਿੱਲੇ ਨਦੀਨ ਦਾ ਹੋਣਾ ਹੈ। ਇਸ ਫ਼ਸਲ ਨੂੰ ਸੁੱਕ ਲੈਣ ਦਿਓ ਅਤੇ ਸਿਲੰਡਰ ਸਪੀਡ ਵਧਾਓ। ਕਟਰਬਾਰ ਦੀ ਉੱਚਾਈ ਵੱਧ ਕਰੋ ਤਾਂ ਕਿ ਨਦੀਨ ਘੱਟ ਆਉਣ।
ਜੇਕਰ ਸਿਲੰਡਰ ਦੀ ਓਵਰਲੋਡਿੰਗ ਹੋ ਰਹੀ ਹੈ ਤਾਂ ਸਿਲੰਡਰ ਦੀ ਸਪੀਡ ਘੱਟ ਹੋਣਾ ਇਸ ਦਾ ਕਾਰਨ ਹੈ ਜਾਂ ਫ਼ਸਲ ਬਹੁਤ ਭਰਵੀਂ ਹੋਣਾ ਹੈ। ਇਸ ਲਈ ਸਿਲੰਡਰ ਦੀ ਸਪੀਡ ਵਧਾਓ ਅਤੇ ਕੰਬਾਈਨ ਦੀ ਰਫ਼ਤਾਰ ਘਟਾ ਦਿਓ। ਜੇਕਰ ਸਿਲੰਡਰ ਵਿੱਚ ਫ਼ਸਲ ਰੁਕ-ਰੁਕ ਕੇ ਆ ਰਹੀ ਹੈ ਤਾਂ ਆਗਰ ਦੀ ਸੈਟਿੰਗ ਠੀਕ ਨਹੀਂ ਹੈ, ਬੈਲਟਾਂ ਸਲਿੱਪ ਕਰਦੀਆਂ ਹਨ ਅਤੇ ਫੀਡਰ ਚੈਨ ਬਹੁਤ ਕੱਸੀ ਹੋਈ ਹੈ। ਇਸ ਨੁਕਸਾਨ ਨੂੰ ਦੂਰ ਕਰਨ ਲਈ ਆਗਰ ਠੀਕ ਸੈੱਟ ਕਰੋ, ਬੈਲਟਾਂ ਦੀ ਸਲਿੱਪ ਠੀਕ ਕਰੋ ਅਤੇ ਫੀਡਰ ਚੈਨ ਨੂੰ ਢਿੱਲਾ ਕਰੋ।
ਜੇਕਰ ਵਾਕਰ (ਰੈਕ) ਰਾਹੀਂ ਦਾਣਿਆਂ ਦਾ ਨੁਕਸਾਨ ਹੋ ਰਿਹਾ ਹੈ ਤਾਂ ਵਾਕਰ ਦੀ ਸਪੀਡ ਠੀਕ ਨਾ ਹੋਣਾ, ਵਾਕਰ ਦੇ ਸੁਰਾਖ ਬੰਦ ਹੋਣਾ, ਸਿਲੰਡਰ ਸਪੀਡ ਤੇਜ਼ ਹੋਣ ਕਰਕੇ ਬਾਰੀਕ ਤੂੜੀ ਜ਼ਿਆਦਾ ਮਿਕਦਾਰ ਵਿੱਚ ਹੋਣਾ ਅਤੇ ਵਾਕਰ ’ਤੇ ਪਰਦਾ ਨਾ ਹੋਣਾ ਹੈ ਜਿਸ ਕਰਕੇ ਦਾਣੇ ਪਿੱਛੇ ਵੱਲ ਡਿੱਗਦੇ ਹਨ। ਇਸ ਨੁਕਸਾਨ ਨੂੰ ਦੂਰ ਕਰਨ ਲਈ ਵਾਕਰ ਦੀ ਸਪੀਡ ਘਟਾ ਕੇ ਰੈਕ ਉੱਪਰ ਗਾਹ ਦੀ ਮਾਤਰਾ ਘੱਟ ਕਰੋ। ਵਾਕਰ ਦੀਆਂ ਮੋਰੀਆਂ ਸਾਫ਼ ਕਰੋ। ਸਿਲੰਡਰ ਦੀ ਸਪੀਡ ਘਟਾਓ ਅਤੇ ਵਾਕਰ ’ਤੇ ਪਰਦਾ ਲਗਾਓ।
ਜੇਕਰ ਛਾਨਣੀਆਂ ਰਾਹੀਂ ਦਾਣਿਆਂ ਦਾ ਨੁਕਸਾਨ ਹੋ ਰਿਹਾ ਹੈ ਤਾਂ ਇਸ ਦਾ ਕਾਰਨ ਤੂੜੀ ਨਾਲ ਛਾਨਣਾ ਜ਼ਿਆਦਾ ਭਰਿਆ ਹੋਣਾ, ਦਾਣੇ ਤੂੜੀ ਵਿੱਚ ਜਾਣਾ, ਦਾਣਿਆਂ ਵਿੱਚ ਤੂੜੀ ਦੀ ਮਿਕਦਾਰ ਜ਼ਿਆਦਾ ਹੋਣਾ ਅਤੇ ਟੇਲਿੰਗ ਵਿੱਚ ਘੁੰਢੀਆਂ ਦਾ ਹੋਣਾ ਹੈ। ਇਸ ਨੁਕਸਾਨ ਨੂੰ ਦੂਰ ਕਰਨ ਲਈ ਹਵਾ ਦੀ ਮਿਕਦਾਰ ਵਧਾਓ। ਸਿਲੰਡਰ ਕਨਕੇਵ ਵਿੱਚ ਵਿੱਥ ਵਧਾਓ ਤਾਂ ਕਿ ਤੂੜੀ ਘੱਟ ਬਣੇ। ਚੈਫਰ ਦੀਆਂ ਮੋਰੀਆਂ ਖੋਲ੍ਹੋ ਅਤੇ ਹਵਾ ਦੀ ਮਾਤਰਾ ਘੱਟ ਕਰੋ। ਹਵਾ ਦੀ ਰਫ਼ਤਾਰ ਵਧਾਓ। ਕੰਬਾਈਨ ਦੀ ਸਪੀਡ ਘੱਟ ਕਰੋ ਅਤੇ ਸਿਲੰਡਰ ਦੀ ਸਪੀਡ ਘਟਾਓ। ਇਸ ਦੇ ਨਾਲ ਹੀ ਹਵਾ ਦੀ ਦਿਸ਼ਾ ਠੀਕ ਕਰੋ ਅਤੇ ਹਵਾ ਦਾ ਬਲਾਸਟ ਵਧਾਓ।

Advertisement

Advertisement