ਕੰਪਿਊਟਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ
ਇੱਥੇ ਕੰਪਿਊਟਰ ਅਧਿਆਪਕਾਂ ਦਾ ਮਰਨ ਵਰਤ ਅੱਜ 10ਵੇਂ ਦਿਨ ’ਚ ਦਾਖਲ ਹੋ ਗਿਆ ਜਦੋਂ ਕਿ ਲੜੀਵਾਰ ਭੁੱਖ ਹੜਤਾਲ ਨੂੰ 4 ਮਹੀਨੇ ਪੂਰੇ ਹੋ ਗਏ ਹਨ। ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਝੰਡੇ ਹੇਠ ਅੱਜ ਕੰਪਿਊਟਰ ਅਧਿਆਪਕਾਂ ਵੱਲੋਂ ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ ਮਾਰਚ ਮਗਰੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਜਾਣਕਾਰੀ ਅਨੁਸਾਰ ਕੰਪਿਊਟਰ ਅਧਿਆਪਕ ਜੋਨੀ ਸਿੰਗਲਾ 10ਵੇਂ ਦਿਨ ਮਰਨ ਵਰਤ ’ਤੇ ਡਟੇ ਰਹੇ ਤੇ ਇਸੇ ਦੌਰਾਨ ਲੜੀਵਾਰ ਭੁੱਖ ਹੜਤਾਲ ਵੀ ਜਾਰੀ ਰਹੀ। ਸੰਘਰਸ਼ ਕਮੇਟੀ ਅਨੁਸਾਰ ਮਰਨ ਵਰਤ ’ਤੇ ਬੈਠੇ ਕੰਪਿਊਟਰ ਅਧਿਆਪਕ ਦੀ ਸਿਹਤ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ। ਉਸ ਦਾ ਵਜ਼ਨ ਅਤੇ ਸ਼ੂਗਰ ਲੈਵਲ ਲਗਾਤਾਰ ਘਟ ਰਿਹਾ ਹੈ। ਅੱਜ ਮਰਨ ਵਰਤ ਮੋਰਚੇ ’ਚ ਵੱਡੀ ਗਿਣਤੀ ਕੰਪਿਊਟਰ ਅਧਿਆਪਕ ਸ਼ਾਮਲ ਹੋਏ ਤੇ ਉਨ੍ਹਾਂ ਬਾਅਦ ਦੁਪਹਿਰ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਅੱਗੇ ਧਰਨਾ ਦਿੱਤਾ। ਕੰਪਿਊਟਰ ਅਧਿਆਪਕਾਂ ਆਗੂਆਂ ਪਰਦੀਪ ਮਲੂਕਾ, ਸੁਮਿਤ ਸਰੀਨ, ਰਣਜੀਤ ਸਿੰਘ, ਅਜੇਪਾਲ ਸਿੰਘ, ਤੇਜਿੰਦਰ ਸਿੰਘ, ਰਘੁਬੀਰ ਸਿੰਘ, ਬਲਜੀਤ ਸਿੰਘ, ਗੁਰਦੀਪ ਚੰਦ, ਦਿਸ਼ਕਰਨ ਕੌਰ, ਰਵਿੰਦਰ ਕੌਰ ਅਤੇ ਮੰਜੂ ਰਾਣੀ ਆਦਿ ਨੇ ਕਿਹਾ ਕਿ ਕੰਪਿਊਟਰ ਅਧਿਆਪਕ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਧੋਖੇ ਦਾ ਸ਼ਿਕਾਰ ਹੋਏ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਹੋਰ ਆਗੂ ਉਨ੍ਹਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ ਸਰਕਾਰ ਬਣਨ ’ਤੇ ਮੰਗਾਂ ਨੂੰ ਬਗੈਰ ਦੇਰੀ ਪੂਰਾ ਕਰਨ ਦੇ ਵਾਅਦੇ ਕਰਦੇ ਸਨ। ਹੁਣ ਚਾਰ ਮਹੀਨਿਆਂ ਤੋਂ ਭੁੱਖ ਹੜਤਾਲ ਅਤੇ 10 ਦਿਨਾਂ ਤੋਂ ਮਰਨ ਵਰਤ ਜਾਰੀ ਹੈ ਪਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ। ਕੰਪਿਊਟਰ ਅਧਿਆਪਕਾਂ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਮਾਂ ਰਹਿੰਦੇ ਉਨ੍ਹਾਂ ਦੇ ਬਣਦੇ ਹੱਕ ਬਹਾਲ ਨਾ ਕੀਤੇ ਤਾਂ ਉਹ ਪੂਰੇ ਪੰਜਾਬ ਵਿੱਚ ਜਨ ਅੰਦੋਲਨ ਛੇੜਨਗੇ। ਇਸ ਮੌਕੇ ਸੰਘਰਸ਼ ਕਮੇਟੀ ਆਗੂਆਂ ਪੁਸ਼ਪਿੰਦਰ ਰਤਨ, ਹਰਵਿੰਦਰ ਸਿੰਘ, ਦਵਿੰਦਰ ਸਿੰਘ, ਜਸਵੀਰ ਸਿੰਘ, ਨੀਰਜ ਯਾਦਵ, ਸੁਖਵਿੰਦਰ ਸਿੰਘ, ਵਿਕਾਸ ਜਿੰਦਲ, ਜਸਵਿੰਦਰ ਸਿੰਘ ਤੇ ਭਰਾਤਰੀ ਜਥੇਬੰਦੀਆਂ ’ਚੋਂ ਡੀਟੀਐੱਫ ਜ਼ਿਲ੍ਹਾ ਹੁਸ਼ਿਆਰਪੁਰ ਇਕਾਈ, ਪੁਰਾਣੀ ਪੈਨਸ਼ਨ ਬਹਾਲੀ ਜਥੇਬੰਦੀ ਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਨੁਮਾਇੰਦੇ ਹਾਜ਼ਰ ਸਨ।